ਬਲਕੌਰ ਸਿੰਘ ਵੱਲੋਂ ਇਨਸਾਫ਼ ਲਈ ਕਿਸੇ ਕੋਲ ਅਰਜ਼ੋਈ ਨਾ ਕਰਨ ਦਾ ਫ਼ੈਸਲਾ

ਬਲਕੌਰ ਸਿੰਘ ਵੱਲੋਂ ਇਨਸਾਫ਼ ਲਈ ਕਿਸੇ ਕੋਲ ਅਰਜ਼ੋਈ ਨਾ ਕਰਨ ਦਾ ਫ਼ੈਸਲਾ

ਮਾਨਸਾ- ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਨੇ ਅੱਜ ਆਪਣੇ ਘਰ ਵਿੱਚ ਮਰਹੂਮ ਗਾਇਕ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਹੁਣ ਆਪਣੇ ਪੁੱਤਰ ਦੇ ਕੇਸ ਵਿੱਚ ਕਿਸੇ ਕੋਲ ਇਨਸਾਫ਼ ਲਈ ਅਰਜ਼ੋਈ ਨਹੀਂ ਕਰਨਗੇ। ਉਨ੍ਹਾਂ ਐਲਾਨ ਕੀਤਾ ਕਿ ਅੱਜ ਤੋਂ ਬਆਦ ਉਹ ਸਰਕਾਰੇ-ਦਰਬਾਰੇ ਕਿਤੇ ਵੀ ਹੱਥ ਨਹੀਂ ਜੋੜਨਗੇ, ਸਗੋਂ ਸਿਰਫ਼ ਵਾਹਿਗੁਰੂ ਅੱਗੇ ਅਰਦਾਸ ਕਰਨਗੇ। ਬਲਕੌਰ ਸਿੱਧੂ ਨੇ ਕਿਹਾ ਕਿ ਲਗਾਤਾਰ ਮਿਲ ਰਹੀਆਂ ਧਮਕੀਆਂ ਮਗਰੋਂ ਹੁਣ ਉਨ੍ਹਾਂ ਦਾ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ੁਭਦੀਪ ਦੇ ਕਤਲ ਮਾਮਲੇ ਵਿੱਚ ਹੁਣ ਤੱਕ ਉਹ ਕਈ ਵਾਰ ਸਰਕਾਰ ਅੱਗੇ ਇਨਸਾਫ਼ ਦੀ ਅਪੀਲ ਕਰ ਚੁੱਕੇ ਹਨ, ਪਰ ਹਾਲੇ ਤੱਕ ਉਨ੍ਹਾਂ ਪੱਲੇ ਕੁਝ ਨਹੀਂ ਪਿਆ। ਦੂਜੇ ਪਾਸੇ ਹੁਣ ਪੰਜਾਬ ਦੇ ਹਾਲਾਤ ਅਜਿਹੇ ਹੋ ਗਏ ਹਨ ਕਿ ਨੌਜਵਾਨਾਂ ਨੂੰ ਐੱਨਐੱਸਏ ਤਹਿਤ ਜੇਲ੍ਹਾਂ ਵਿੱਚ ਸੁੱਟਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਬਾਹਰ ਉਨ੍ਹਾਂ ਦੇ ਧਰਨੇ ਮੌਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ ਕਿ ਉਨ੍ਹਾਂ ਦੀ ਮਾਰਚ ਮਹੀਨੇ ਵਿੱਚ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ, ਜੋ ਅੱਜ ਤੱਕ ਨਹੀਂ ਕਰਵਾਈ ਗਈ।

ਮੁੜ ਮਿਲੀ ਜਾਨੋਂ ਮਾਰਨ ਦੀ ਧਮਕੀ

ਬਲਕੌਰ ਸਿੰਘ ਨੂੰ ਮੁੜ ਈ-ਮੇਲ ਰਾਹੀਂ ਜਾਨੋਂ ਮਾਰ ਦੇਣ ਦੀ ਧਮਕੀ ਮਿਲੀ ਹੈ। ਇਸ ਮਾਮਲੇ ’ਚ ਮਾਨਸਾ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਪੜਤਾਲ ਆਰੰਭ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਧਮਕੀ ਭਰੀ ਇਹ ਈ-ਮੇਲ ਰਾਜਸਥਾਨ ਤੋਂ ਭੇਜੀ ਗਈ ਹੈ। ਧਮਕੀ ਦੇਣ ਵਾਲੇ ਨੇ ਲਿਖਿਆ ਹੈ ਕਿ ਬਲਕੌਰ ਸਿੰਘ ਆਪਣੇ ਭਾਸ਼ਣ ਵਿੱਚ ਲਾਰੈਂਸ ਦਾ ਨਾਂ ਲੈਣਾ, ਕਤਲ ਕੇਸ ਦੀਆਂ ਤਾਰੀਕਾਂ ’ਤੇ ਜਾਣਾ ਅਤੇ ਇਨਸਾਫ਼ ਲਈ ਅਫ਼ਸਰਾਂ ਕੋਲ ਜਾਣਾ ਬੰਦ ਕਰ ਦੇਵੇ, ਨਹੀਂ ਤਾਂ ਇਸ ਦਾ ਹਸ਼ਰ ਮਾੜਾ ਹੋਵੇਗਾ।