ਬਰੈਂਪਟਨ ਦੀ ’ਵਰਸਿਟੀ ਖ਼ਿਲਾਫ਼ ਸੜਕਾਂ ’ਤੇ ਉਤਰੇ ਪੰਜਾਬੀ ਵਿਦਿਆਰਥੀ

ਬਰੈਂਪਟਨ ਦੀ ’ਵਰਸਿਟੀ ਖ਼ਿਲਾਫ਼ ਸੜਕਾਂ ’ਤੇ ਉਤਰੇ ਪੰਜਾਬੀ ਵਿਦਿਆਰਥੀ

ਅਲਗੋਮਾ ਯੂਨੀਵਰਸਿਟੀ ਖ਼ਿਲਾਫ਼ ਰੋਸ ਮਾਰਚ; ਸਥਾਨਕ ਲੋਕਾਂ ਨੇ ਦਿੱਤਾ ਸੰਘਰਸ਼ ਦਾ ਸਾਥ
ਜਗਰਾਉਂ – ਅਲਗੋਮਾ ਯੂਨੀਵਰਸਿਟੀ ਬਰੈਂਪਟਨ (ਕੈਨੇਡਾ) ਦੇ ਵਿਦਿਆਰਥੀ ਕੜਾਕੇ ਦੀ ਠੰਢ ’ਚ ਲਗਾਤਾਰ ਪੰਜਵੇਂ ਦਿਨ ਪੱਕੇ ਮੋਰਚੇ ’ਤੇ ਡਟੇ ਰਹੇ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਨਾਲ ਸਬੰਧਤ ਸੰਘਰਸ਼ ਦੇ ਰਾਹ ਪਏ ਪੀੜਤ ਵਿਦਿਆਰਥੀਆਂ ਨੇ ਬਰੈਂਪਟਨ ਡਾਊਨਟਾਊਨ ’ਚ ਰੋਸ ਮਾਰਚ ਕੀਤਾ। ਇਸ ਤੋਂ ਪਹਿਲਾਂ ਉਨ੍ਹਾਂ ਯੂਨੀਵਰਸਿਟੀ ਕੈਂਪਸ ਦੇ ਬਾਹਰ ਰੈਲੀ ਵੀ ਕੀਤੀ। ਕੌਮਾਂਤਰੀ ਵਿਦਿਆਰਥੀਆਂ ਦੇ ਇਸ ਸੰਘਰਸ਼ ਦਾ ਕੁਝ ਸਥਾਨਕ ਲੋਕਾਂ ਨੇ ਵੀ ਸਾਥ ਦਿੱਤਾ। ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜ਼ੇਸ਼ਨ ਨੇ ਹੋਰ ਨੌਜਵਾਨਾਂ, ਵਿਦਿਆਰਥੀਆਂ ਅਤੇ ਲੋਕਾਂ ਨੂੰ ਇਸ ਸੰਘਰਸ਼ ’ਚ ਸ਼ਾਮਲ ਹੋਣ ਅਤੇ ਸਹਿਯੋਗ ਦੇਣ ਦਾ ਸੱਦਾ ਦਿੱਤਾ ਹੈ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਅਤੇ ਕੈਨੇਡਾ ਦੇ ਸਾਰੇ ਸੰਸਦ ਮੈਂਬਰਾਂ ਨੂੰ ਈਮੇਲ ਰਾਹੀਂ ਮੰਗ-ਪੱਤਰ ਵੀ ਭੇਜਿਆ ਹੈ ਜਿਸ ’ਚ ਮੰਗਾਂ ਵੱਲ ਧਿਆਨ ਦੇਣ ਦੀ ਅਪੀਲ ਕੀਤੀ ਗਈ ਹੈ। ਵਿਦਿਆਰਥੀ ਆਗੂ ਮਨਦੀਪ ਸਿੰਘ ਸੱਦੋਵਾਲ, ਮਨਪ੍ਰੀਤ ਕੌਰ ਲੌਂਗੋਵਾਲ, ਹਰਿੰਦਰ ਮਹਿਰੋਕ, ਖੁਸ਼ਪਾਲ ਗਰੇਵਾਲ, ਗੁਰਪ੍ਰੀਤ ਕੌਰ ਨੇ ਸਪੱਸ਼ਟ ਕੀਤਾ ਕਿ ਇਹ ਮਹਿਜ਼ ਫੇਲ੍ਹ ਹੋਏ ਵਿਦਿਆਰਥੀਆਂ ਨੂੰ ਪਾਸ ਕਰਾਉਣ ਲਈ ਸੰਘਰਸ਼ ਨਹੀਂ ਹੈ ਬਲਕਿ ਇਹ ਹੱਕੀ ਮੰਗ ਲਈ ਸੰਘਰਸ਼ ਹੈ ਕਿ ਯੂਨੀਵਰਸਿਟੀ ਦੇ ਇਕ ਪ੍ਰੋਫੈਸਰ ਵੱਲੋਂ ਇਕ ਵਿਸ਼ੇ ਵਿੱਚੋਂ 130 ਦੇ ਕਰੀਬ ਵਿਦਿਆਰਥੀਆਂ ਨੂੰ ਸਾਜ਼ਿਸ਼ੀ ਢੰਗ ਨਾਲ ਫੇਲ੍ਹ ਕੀਤਾ ਗਿਆ ਹੈ। ‘ਆਈਟੀ ਦੇ ਗਰੈਜੂਏਸ਼ਨ ਕੋਰਸ’ ਵਿੱਚ ਕੁੱਲ ਦਸ ਵਿਸ਼ੇ ਹਨ ਤੇ ਦਸ ਵਿੱਚੋਂ ਨੌਂ ਵਿਸ਼ਿਆਂ ਵਿੱਚੋਂ ਵਿਦਿਆਰਥੀ ਚੰਗੇ ਨੰਬਰ ਲੈ ਕੇ ਪਾਸ ਹੋਏ ਹਨ। ਉਨ੍ਹਾਂ ‘ਟੈਕਨੀਕਸ ਆਫ਼ ਸਿਸਟਮ ਐਨਾਲਿਸਟ’ ਦੇ ਪ੍ਰੈਕਟੀਕਲ ਵਿੱਚੋਂ ਵੀ ਚੰਗੇ ਅੰਕ ਹਾਸਲ ਕੀਤੇ ਹਨ ਪਰ ਇਸ ਵਿਸ਼ੇ ਦੇ ਥਿਊਰੀ ਵਾਲੇ ਪੇਪਰ ਵਿੱਚੋਂ ਜਾਣ-ਬੁੱਝ ਕੇ ਵੱਡੀ ਗਿਣਤੀ ਵਿਦਿਆਰਥੀਆਂ ਨੂੰ ਫੇਲ੍ਹ ਕਰ ਦਿੱਤਾ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਸਾਲਾਨਾ ਗਰੇਡਿੰਗ ਸਿਸਟਮ ’ਚ ਧੋਖੇਬਾਜ਼ੀ ਕਰਕੇ ਵਿਦਿਆਰਥੀਆਂ ਨੂੰ ਇਕ ਵਿਸ਼ੇ ’ਚੋਂ ਫੇਲ੍ਹ ਕੀਤਾ ਗਿਆ।

ਉਨ੍ਹਾਂ ਇਸੇ ਤਰ੍ਹਾਂ ਓਂਟਾਰੀਓ ਦੇ ਹੋਰ ਕਾਲਜਾਂ ’ਚ ਵੀ ਸੈਂਕੜੇ ਵਿਦਿਆਰਥੀਆਂ ਨੂੰ ਫੇਲ੍ਹ ਕਰਨ ਦੇ ਮਾਮਲੇ ਸਾਹਮਣੇ ਆਉਣ ਦਾ ਦਾਅਵਾ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਇਸ ਤਰ੍ਹਾਂ ਵੱਡੀ ਗਿਣਤੀ ’ਚ ਫੇਲ੍ਹ ਕਰਕੇ ਯੂਨੀਵਰਸਿਟੀ ਮੋਟੇ ਮੁਨਾਫ਼ੇ ਕਮਾਉਣ ਦਾ ਗੋਰਖਧੰਦਾ ਕਰ ਰਹੀ ਹੈ।

ਕੈਨੇਡਾ ਦੀ ਜੀਡੀਪੀ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਸਾਲਾਨਾ 30 ਬਿਲੀਅਨ ਡਾਲਰ ਦਾ ਯੋਗਦਾਨ ਹੈ। ਕੈਨੇਡਾ ਮੂਲ ਦੇ ਵਿਦਿਆਰਥੀਆਂ ’ਚ ਗਰੈਜੂਏਸ਼ਨ ਤੇ ਪੋਸਟ ਗਰੈਜੂਏਸ਼ਨ ਕੋਰਸਾਂ ’ਚ ਦਾਖ਼ਲਾ ਲੈਣ ਦੀ ਪ੍ਰਤੀਸ਼ਤਤਾ ਲਗਾਤਾਰ ਘੱਟ ਰਹੀ ਹੈ ਅਤੇ ਕੈਨੇਡਾ ਦੇ ਕਈ ਕਾਲਜ ਤੇ ਯੂਨੀਵਰਸਿਟੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਮਿਲਦੇ ਰੈਵੇਨਿਊ ਆਸਰੇ ਚੱਲਦੀਆਂ ਹਨ। ਓਧਰ ਯੂਨੀਵਰਸਿਟੀ ਪ੍ਰਬੰਧਕ ਇਸ ਮਸਲੇ ਨੂੰ ਜਲਦ ਹੱਲ ਕਰ ਲੈਣ ਦੀ ਗੱਲ ਕਹਿ ਰਹੇ ਹਨ।