ਬਰਿਕਸ ਦਾ ਵਧਦਾ ਪ੍ਰਭਾਵ ਅਤੇ ਡਾਲਰ ਨੂੰ ਚੁਣੌਤੀ

ਬਰਿਕਸ ਦਾ ਵਧਦਾ ਪ੍ਰਭਾਵ ਅਤੇ ਡਾਲਰ ਨੂੰ ਚੁਣੌਤੀ

ਹਰਸ਼ਵਿੰਦਰ

ਬਰਿਕਸ ਦਾ ਪੰਦਰਵਾਂ ਸੰਮੇਲਨ ਬਰਿਕਸ ਵਿਸਥਾਰ ਅਤੇ ਮੁਦਰਾ ਦੇ ਵਿਕਾਸ ਦੇ ਮੁੱਦੇ ’ਤੇ ਵਿਚਾਰ-ਚਰਚਾ ਕਰ ਕੇ ਮੁਕੰਮਲ ਹੋ ਚੁੱਕਿਆ ਹੈ। ਛੇ ਨਵੇਂ ਦੇਸ਼ਾਂ (ਇਰਾਨ, ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ, ਮਿਸਰ, ਇਥੋਪੀਆ ਤੇ ਅਰਜਨਟੀਨਾ) ਦੀ ਸ਼ਮੂਲੀਅਤ ਨੇ ਬਰਿਕਸ ਗੁੱਟ ਦੇ ਭੂ-ਸਿਆਸੀ ਤੇ ਆਰਥਿਕ ਪ੍ਰਭਾਵ ਨੂੰ ਹੋਰ ਵੱਧ ਮਜ਼ਬੂਤ ਕੀਤਾ ਹੈ। ਇਸ ਸਮੂਹ ਦਾ ਵਿਸ਼ਵ ਜੀਡੀਪੀ ਵਿਚ ਖਰੀਦ ਸ਼ਕਤੀ ਸਮਾਨਤਾ ਦੇ ਆਧਾਰ ’ਤੇ 37% ਹਿੱਸਾ ਬਣਦਾ ਹੈ। ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ ਤੇ ਇਰਾਨ ਦੁਨੀਆ ਵਿਚ ਕੱਚੇ ਤੇਲ ਦੇ ਵੱਡੇ ਬਰਾਮਦਕਾਰ ਹਨ। ਮੱਧ ਪੂਰਬ ਨੂੰ ਸ਼ਾਮਿਲ ਕਰਨਾ ਬਰਿਕਸ ਦੀ ਊਰਜਾ ਕੁਸ਼ਲਤਾ ਲੋੜ ਨੂੰ ਪੂਰਾ ਕਰਦਾ ਹੈ। ਇਸੇ ਤਰ੍ਹਾਂ ਲਾਤੀਨੀ ਅਮਰੀਕਾ ਦੇ ਦੋ ਵੱਡੇ ਦੇਸ਼ਾਂ ਵਿਚ ਬਰਿਕਸ ਦੀ ਮੌਜੂਦਗੀ ਵਿਸ਼ਵ ਵਿਚ ਵੱਧ ਨਿਵੇਸ਼ ਦੇ ਮੌਕੇ ਸਹਾਈ ਕਰਵਾਏਗੀ। ਇਸ ਦੌਰਾਨ ਭਾਰਤ ਤੇ ਚੀਨ ਵਿਚਕਾਰ ਸਬੰਧਾਂ ਨੂੰ ਸੁਧਾਰਨ ਦੀ ਚਰਚਾ ਵੀ ਅਹਿਮ ਰਹੀ।

ਠੰਢੀ ਜੰਗ ਦੇ ਖ਼ਾਤਮੇ ਬਾਅਦ ਦੁਨੀਆ ਅੰਦਰ ਅਮਰੀਕਾ ਦੀ ਉੱਭਰੀ ਸਰਦਾਰੀ ਨੇ ਇੱਕ ਧਰੁਵੀ ਸੰਸਾਰ ਅਤੇ ਅਮਰੀਕੀ ਡਾਲਰ ਦੀ ਇਜਾਰੇਦਾਰੀ ਕਾਇਮ ਕਰ ਦਿੱਤੀ ਸੀ। 1971 ਤੱਕ ਅਮਰੀਕੀ ਨਾਅਰਾ ਸੀ- ‘ਡਾਲਰ ਬਦਲੇ ਸੋਨਾ’ ਪਰ 1971 ਤੋਂ ਬਾਅਦ ਬ੍ਰੈਟਨਵੁੱਡਸ ਸਮਝੌਤੇ ਦੇ ਉਲਟ ਸੋਨੇ ਅਤੇ ਡਾਲਰ ਨੂੰ ਅਲੱਗ ਕਰ ਦਿੱਤਾ ਗਿਆ। ਕੁਝ ਦਹਾਕਿਆਂ ’ਚ ਸੰਸਾਰ ਪੱਧਰ ’ਤੇ ਡਾਲਰ ਦਾ ਦਬਦਬਾ ਇਸ ਕਦਰ ਵਧ ਗਿਆ ਕਿ ਅਮਰੀਕੀ ਆਰਥਿਕ ਨਾਕਾਬੰਦੀਆਂ ਰਾਤੋ-ਰਾਤ ਕਿਸੇ ਦੇਸ਼ ਦੀ ਅਰਥ-ਵਿਵਸਥਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰ ਸਕਦੀਆਂ ਹਨ। ਵੈਨੇਜ਼ੁਏਲਾ, ਇਰਾਕ, ਇਰਾਨ, ਸੀਰੀਆ, ਲੀਬੀਆ ਆਦਿ ਮੁਲਕ ਜਿਨ੍ਹਾਂ ਨੇ ਡਾਲਰ ਦੀ ਚੌਧਰ ਨੂੰ ਚੁਣੌਤੀ ਦਿੱਤੀ, ਦਾ ਬੁਰਾ ਹਾਲ ਹੋ ਗਿਆ ਸੀ। ਇਸ ਸਮੇਂ ਰੂਸ ਸਣੇ 39 ਦੇਸ਼ ਅਮਰੀਕੀ ਆਰਥਿਕ ਰੋਕਾਂ ਅਧੀਨ ਹਨ, ਉਹਨਾਂ ਵਿਚੋਂ ਵੀ ਸਭ ਤੋਂ ਵੱਧ ਪ੍ਰਭਾਵਤ ਅਫਰੀਕੀ ਮਹਾਂਦੀਪ ਹੈ। ਅਮਰੀਕੀ ਸਾਮਰਾਜ ਦੀਆਂ ਮਾਈਕਰੋ-ਆਰਥਿਕ ਨੀਤੀਆਂ ਤੋਂ ਇਹ ਦੇਸ਼ ਪ੍ਰੇਸ਼ਾਨ ਹਨ। ਇਸੇ ਲਈ ਹਾਲ ਦੀ ਘੜੀ ਸਥਾਨਕ ਮੁਦਰਾ ਵਰਤਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਤੇਲ ਅਤੇ ਗੈਸ ਦੇ ਵੱਡੇ ਖਿਡਾਰੀ ਸਾਊਦੀ ਅਰਬ, ਯੂਏਈ ਅਤੇ ਇਰਾਨ ਦਾ ਬਰਿਕਸ ਵਿਚ ਸ਼ਾਮਿਲ ਹੋਣਾ ਪੈਟਰੋ-ਡਾਲਰ ਨੂੰ ਕਮਜ਼ੋਰ ਕਰੇਗਾ। ਅਮਰੀਕਾ-ਚੀਨ ਵਪਾਰਕ ਜੰਗ ਦੌਰਾਨ ਚੀਨ ਦਾ ਸੰਸਾਰ ਭਰ ਵਿਚ ਵਧਦਾ ਪ੍ਰਭਾਵ, ਪੈਟਰੋ-ਯੁਆਨ, ਕ੍ਰਿਪਟੋਕਰੰਸੀ, ਯੂਕਰੇਨ ਜੰਗ ਦੌਰਾਨ ਰੂਸ ਦੇ ਰੂਬਲ ਵਿਚ ਸੰਸਾਰ ਵਪਾਰ ਆਦਿ ਘਟਨਾਵਾਂ ਨੇ ਡਾਲਰ ਮੁਕਾਬਲੇ ਬਦਲਵੀਂ ਮੁਦਰਾ ਦਾ ਆਧਾਰ ਪੈਦਾ ਕਰ ਦਿੱਤਾ ਹੈ।

ਡਾਲਰ ਦੀ ਇਜਾਰੇਦਾਰੀ ਤੋੜਨ ਲਈ ਬ੍ਰਾਜ਼ੀਲ, ਰੂਸ, ਭਾਰਤ, ਚੀਨ, ਦੱਖਣੀ ਅਫਰੀਕਾ ਆਦਿ ਦੇਸ਼ਾਂ ਦੇ ਸਮੂਹ ਨੇ ਮੌਜੂਦਾ ਆਲਮੀ ਵਿੱਤੀ ਤੇ ਵਪਾਰਕ ਢਾਂਚੇ ਦੇ ਬਦਲ ਦੀ ਲੋੜ ’ਚੋਂ ਬਰਿਕਸ ਸਮੂਹ ਵੱਧ ਹਰਕਤ ਵਿਚ ਆਇਆ। ਵਸੋਂ, ਅਰਥਚਾਰੇ ਅਤੇ ਖੇਤਰਫਲ ਪੱਖੋਂ ਇਹ ਦੇਸ਼ ਅਮਰੀਕੀ ਚੌਧਰ ਨੂੰ ਚੁਣੌਤੀ ਦੇਣ ਦੇ ਸਮਰੱਥ ਹਨ। ਬਰਿਕਸ ਦੇਸ਼ਾਂ ਦੀ ਖਰੀਦ ਸ਼ਕਤੀ ਸਮਾਨਤਾ (ਪੀਪੀਪੀ) 33.65% ਹੈ; ਪੱਛਮੀ ਗਠਜੋੜ ਜੀ-7 ਦੀ ਪੀਪੀਪੀ 27.77% ਹੈ। ਬਰਿਕਸ ਸਮੂਹ ਵਿਚ ਵਿਸ਼ਵ ਦੀ 46 ਫੀਸਦੀ ਆਬਾਦੀ ਰਹਿੰਦੀ ਹੈ ਜੋ ਸਸਤੀ ਕਿਰਤ ਸ਼ਕਤੀ ਦਾ ਵੱਡਾ ਸੋਮਾ ਹੈ। ਊਰਜਾ, ਜਲਵਾਯੂ ਕੰਟਰੋਲ, ਖੇਤਰੀ ਵਿਕਾਸ, ਕੁਦਰਤੀ ਸ੍ਰੋਤਾਂ ਦੀ ਅਨੁਕੂਲ ਵਰਤੋਂ, ਵਪਾਰਕ ਰੋਕਾਂ ਖ਼ਤਮ ਕਰਨਾ ਆਦਿ ਬਰਿਕਸ ਦੇ ਮੁੱਢਲੇ ਉਦੇਸ਼ ਗਿਣੇ ਗਏ ਹਨ ਪਰ ਯੂਕਰੇਨ ਜੰਗ ਦੌਰਾਨ ਅਮਰੀਕਾ ਨੇ ਰੂਸ ’ਤੇ ਆਰਥਿਕ ਰੋਕਾਂ ਮੜ੍ਹੀਆਂ, ਵਿੱਤੀ ਸੰਚਾਰ ਬੰਦ ਕੀਤਾ, ਰੂਸ ਨੂੰ ਸਵਿਫਟ ਕੋਡ ’ਚੋਂ ਬਾਹਰ ਕੱਢਿਆ ਅਤੇ ਇਸ ਦੇ ਨਾਲ ਹੀ ਚੀਨ ਨੂੰ ਵੀ ਧਮਕੀ ਦਿੱਤੀ ਕਿ ਰੂਸ ਦੀ ਮਦਦ ਕਰਨ ਦੀ ਸੂਰਤ ਵਿਚ ਉਸ ਉੱਤੇ ਵੀ ਪਾਬੰਦੀਆਂ ਲੱਗ ਸਕਦੀਆਂ ਹਨ। ਇਹ ਸਾਰਾ ਕੁਝ ਉਦੋਂ ਵਾਪਰਿਆ ਜਦੋਂ 85% ਵਿਸ਼ਵ ਵਪਾਰ ਦਾ ਚੱਲਣ ਅਮਰੀਕੀ ਡਾਲਰ ਵਿਚ ਹੋ ਰਿਹਾ ਹੈ। ਇਸ ਬਾਹਰਮੁਖੀ ਹਾਲਤ ਨੇ ਬਰਿਕਸ ਮੁਦਰਾ ਬਣਨ ਨੂੰ ਹੋਰ ਬਲ ਬਖਸ਼ਿਆ ਤੇ ਇਸ ਨੇ ਡਾਲਰ ਦੀ ਦਾਦਾਗਿਰੀ ਵਿਰੁੱਧ ਬਰਿਕਸ ਦੇਸ਼ਾਂ ਦੀ ਲਾਮਬੰਦੀ ਨੂੰ ਹੋਰ ਵੱਧ ਮਜ਼ਬੂਤ ਕੀਤਾ। ਅਮਰੀਕੀ ਸਾਮਰਾਜ ਨੇ ਦੁਨੀਆ ਦੇ ਅਨੇਕਾਂ ਮੁਲਕਾਂ ਵਿਚ ਨਿਹੱਕੀਆਂ ਜੰਗਾਂ, ਰਾਜਪਲਟੇ, ਸਿਆਸੀ ਦਖਲਅੰਦਾਜ਼ੀ ਅਤੇ ਕਰਜ਼ ਬੋਝ ਲੱਦਿਆ ਜਿਸ ਕਾਰਨ ਇਹਨਾਂ ਖੇਤਰਾਂ ਵਿਚ ਅਮਰੀਕਾ ਵਿਰੋਧੀ ਨੇੜਤਾ ਉੱਭਰੀ ਹੈ। ਅਮਰੀਕੀ ਸਾਮਰਾਜ ਤੋਂ ਪੀੜਤ ਇਹਨਾਂ ਮੁਲਕਾਂ ਨੂੰ ਬਰਿਕਸ ਸਮੂਹ ਠੰਢੀ ਹਵਾ ਦੇ ਬੁੱਲ੍ਹੇ ਵਰਗਾ ਜਾਪਦਾ ਹੈ। ਬ੍ਰਾਜ਼ੀਲ ਵਿਚ ਅਮਰੀਕਾ ਪੱਖੀ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰ ਕੇ ਲੂਲਾ ਦਾ ਸਿਲਵਾ ਦੀ ਅਗਵਾਈ ਵਿਚ ‘ਸਮਾਜਵਾਦੀ’ ਸਰਕਾਰ ਬਣਨਾ ਵੀ ਬਰਿਕਸ ਦੀ ਮਜ਼ਬੂਤੀ ਲਈ ਅਹਿਮ ਹੈ।

ਬਰਿਕਸ ਦੇਸ਼ 100 ਬਿਲੀਅਨ ਡਾਲਰ ਦੀ ਵਿਦੇਸ਼ੀ ਮੁਦਰਾ ਜੁਟਾਉਣ ਲਈ ਸਹਿਮਤ ਹੋਏ ਸਨ ਜਿਸ ਨੂੰ ਉਹ ਐਮਰਜੈਂਸੀ ਦੌਰਾਨ ਇੱਕ ਦੂਜੇ ਨੂੰ ਉਧਾਰ ਦੇ ਸਕਦੇ ਹਨ। ਸ਼ੰਘਈ ਵਿਚ ਨਵੀਂ ਵਿਕਾਸ ਬੈਂਕ ਦੀ ਸਥਾਪਨਾ ਕੀਤੀ ਗਈ ਜਿਸ ਨੇ 2015 ਵਿਚ ਪਾਣੀ ਅਤੇ ਟਰਾਂਸਪੋਰਟ ਦੇ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਲਈ 30 ਬਿਲੀਅਨ ਡਾਲਰ ਤੋਂ ਵੱਧ ਕਰਜ਼ੇ ਨੂੰ ਮਨਜ਼ੂਰੀ ਦਿੱਤੀ ਅਤੇ 2020 ਵਿਚ ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਦੱਖਣੀ ਅਫ਼ਰੀਕਾ ਨੂੰ 1 ਬਿਲੀਅਨ ਡਾਲਰ ਦੀ ਰਾਸ਼ੀ ਉਧਾਰ ਦਿੱਤੀ। ਰੂਸ ਅੰਦਰ ਸੋਨੇ ਦੀਆਂ ਖਾਣਾ ਹੋਣ ਕਰ ਕੇ ਉਹ ਸੋਨੇ ਦਾ ਵੱਡਾ ਭੰਡਾਰ ਜਮ੍ਹਾਂ ਕਰ ਸਕਦਾ ਹੈ ਅਤੇ ਚੀਨ ਕੋਲ ਵਿਦੇਸ਼ੀ ਵਪਾਰ ਵਿਚ ਵਾਧਾ ਹੋਣ ਕਰ ਕੇ ਉਸ ਕੋਲ ਡਾਲਰ ਅਤੇ ਸੋਨੇ ਦਾ ਵੱਡਾ ਭੰਡਾਰ ਮੌਜਦੂ ਹੈ। ਇਸੇ ਕਰ ਕੇ ਰੂਸ ਨੇ ਅਧਿਕਾਰਿਤ ਤੌਰ ’ਤੇ ਪੁਸ਼ਟੀ ਕੀਤੀ ਹੈ ਕਿ ਨਵੀਂ ਬਰਿਕਸ ਮੁਦਰਾ ਸੋਨੇ ਨਾਲ ਜੋੜੀ ਜਾਵੇਗੀ। ਇਸ ਸੰਮੇਲਨ ਦੌਰਾਨ ਵੀ ਰੂਸੀ ਰਾਸ਼ਟਰਪਤੀ ਪੁਤਿਨ ਨੇ ਵੀਡੀਓ ਰਾਹੀਂ ਸੁਨੇਹਾ ਦਿੱਤਾ ਕਿ ਡੀ-ਡਾਲਰੀਕਰਨ ਦੀ ਰੇਲਗੱਡੀ ਪੂਰੀ ਤੇਜ਼ੀ ਨਾਲ ਰਵਾਨਾ ਹੋ ਗਈ ਹੈ।

ਨਵੀਂ ਮੁਦਰਾ ਨੂੰ ਸੋਨੇ ਨਾਲ ਜੋੜਨ ਦੇ ਆਪਣੇ ਵਿਸ਼ੇਸ਼ ਕਾਰਕ ਹਨ। ਇਤਿਹਾਸਕ ਤੌਰ ’ਤੇ ਮੁਦਰਾ ਦੇ ਮੁੱਲ ਵਿਚ ਸਥਿਰਤਾ ਅਤੇ ਵਿਸ਼ਵਾਸ ਲਈ ਸੋਨੇ ਨੂੰ ਮਹੱਤਵਪੂਰਨ ਸਾਧਨ ਵਜੋਂ ਦੇਖਿਆ ਗਿਆ ਹੈ। ਇਸ ਦੀ ਸੀਮਤ ਸਪਲਾਈ ਅਤੇ ਇਸ ਧਾਤ ਦੀਆਂ ਵਿਸ਼ੇਸ਼ਤਾਵਾਂ ਕਾਰਨ ਸਦੀਆਂ ਤੋਂ ਇਹ ਦੌਲਤ ਦਾ ਕੀਮਤੀ, ਟਕਸਾਲੀ ਅਤੇ ਭਰੋਸੇਮੰਦ ਭੰਡਾਰ ਮੰਨਿਆ ਜਾਂਦਾ ਰਿਹਾ ਹੈ। ਕਿਸੇ ਵੀ ਮੁਦਰਾ ਦੇ ਪੂਰਨ ਰੂਪ ਵਿਚ ਗਲੋਬਲ ਮੁਦਰਾ ਦਾ ਰੁਤਬਾ ਹਾਸਿਲ ਕਰਨ ਲਈ ਮੁੱਖ ਕਾਰਕ ਹਨ: ਕਿਸੇ ਆਰਥਿਕਤਾ ਦਾ ਵਿਸ਼ਵ ਵਿਚ ਦਬਦਬਾ, ਸਥਿਰਤਾ ਤੇ ਭਰੋਸੇਯੋਗਤਾ, ਰਿਜ਼ਰਵ ਮੁਦਰਾ ਸਥਿਤੀ, ਵਿਆਪਕ ਮੰਡੀ ਅਤੇ ਭੂ-ਰਾਜਨੀਤਕ ਮਹੱਤਤਾ। ਚੀਨ ਜੋ ਦੂਜੀ ਵੱਡੀ ਵਿਸ਼ਵ ਆਰਥਿਕਤਾ ਹੈ ਅਤੇ ਖਰੀਦ ਸ਼ਕਤੀ ਸਮਾਨਤਾ (ਪੀਪੀਪੀ) ਵਜੋਂ ਪਹਿਲੇ ਦਰਜੇ ’ਤੇ ਹੈ ਅਤੇ ਮੈਨੂਫੈਕਚਿਰੰਗ ਜੋ ਕਿਸੇ ਆਰਥਿਕ ਸੰਰਚਨਾ ਦੀ ਬੁਨਿਆਦ ਹੁੰਦੀ ਹੈ, ਵਿਚ ਸੰਸਾਰ ਆਰਿਥਕਤਾ ਵਿਚ ਪਹਿਲੇ ਸਥਾਨ ’ਤੇ ਹੈ। ਉਸ ਦੇ ਮਹੱਤਵਪੂਰਨ ਆਰਥਿਕ ਅਤੇ ਭੂ-ਰਾਜਨੀਤਕ ਪ੍ਰਭਾਵ ਕਾਰਨ ਬਰਿਕਸ ਸਮੂਹ ਵਿਚ ਉਸ ਦੀ ਕੇਂਦਰੀ ਭੂਮਿਕਾ ਹੋਣ ਦੇ ਆਸਾਰ ਹਨ। ਚੀਨ ਦਾ ਧੁਰਾ ਬਣਨ ’ਤੇ ਹੀ ਬਰਿਕਸ ਕਰੰਸੀ ਦਾ ਭਵਿੱਖ ਅਤੇ ਭਰੋਸੇਯੋਗਤਾ ਤੈਅ ਹੋਵੇਗੀ। ਚੀਨ ਪਿਛਲੇ ਸਮੇਂ ਤੋਂ ਆਪਣੇ ਆਪ ਨੂੰ ਵਿਸ਼ਵ ਸ਼ਾਂਤੀ ਸਥਾਪਿਤ ਕਰਤਾ ਵਜੋਂ ਅੱਗੇ ਵਧਾ ਰਿਹਾ ਹੈ। ਇਸੇ ਤਹਿਤ ਉਸ ਨੇ ਸਾਊਦੀ ਅਰਬ ਅਤੇ ਇਰਾਨ ਦਾ ਇਤਿਹਾਸਕ ਸਮਝੌਤਾ ਕਰਵਾਇਆ। ਇਸ ਕਦਮ ਕਰ ਕੇ ਮੱਧ-ਪੂਰਬ ਵਿਚ ਚੀਨ ਦਾ ਪ੍ਰਭਾਵ ਵਧਿਆ ਹੈ। ਚੀਨ ਵਿਸ਼ਵ ਵਪਾਰ ਅਤੇ ਵਿੱਤੀ ਪ੍ਰਬੰਧ ਵਿਚ ਮਹੱਤਵਪੂਰਨ ਖਿਡਾਰੀ ਬਣਿਆ ਹੋਇਆ ਹੈ ਜਿਸ ਨਾਲ ਇਸ ਦਾ ਆਰਥਿਕ ਦਬਦਬਾ ਵੀ ਵਧਿਆ ਹੈ। ਚੀਨ ਆਪਣੇ ਕੌਮਾਂਤਰੀ ਆਰਿਥਕ ਸਿਆਸੀ ਪ੍ਰਭਾਵ ਨੂੰ ਏਸ਼ੀਆ, ਅਫਰੀਕਾ, ਲਾਤੀਨੀ ਅਮਰੀਕਾ ਤੇ ਅਨੇਕਾਂ ਯੂਰੋਪੀਅਨ ਮੁਲਕਾਂ ਤੱਕ ਫੈਲਾਅ ਰਿਹਾ ਹੈ ਜਿੱਥੇ ਚੀਨੀ ਮਾਲ ਦੀ ਵੱਡੀ ਮੰਗ ਹੈ ਅਤੇ ਚੀਨ ਇਸ ਮੰਗ ਦੀ ਪੂਰਤੀ ਦੇ ਸਮਰੱਥ ਹੈ।

ਬਰਿਕਸ ਮੁਦਰਾ ਨੂੰ ਸੋਨੇ ਨਾਲ ਜੋੜਨ ਕਰ ਕੇ ਇਸ ਦੀ ਸਥਿਰਤਾ ਅਤੇ ਰਿਜ਼ਰਵ ਮੁਦਰਾ ਦੀ ਯੋਗਤਾ ਦੀ ਸਥਿਤੀ ਹੋਰ ਵੀ ਮਜਬੂਤ ਹੋ ਸਕਦੀ ਹੈ। ਇਸ ਦੇ ਵਪਾਰਕ ਬੰਦੋਬਸਤ ਅਤੇ ਲੈਣ-ਦੇਣ ਦੀਆਂ ਪ੍ਰਕਿਰਿਆਵਾਂ ਇਸ ਦੀ ਵਿਆਪਕ ਕੌਮਾਂਤਰੀ ਮਾਨਤਾ ਅਤੇ ਵਰਤੋਂ ਕਰ ਕੇ ਵੱਡੀ ਗਿਣਤੀ ਦੇਸ਼ਾਂ ਵਿਚ ਇਸ ਨੂੰ ਅਪਣਾਉਣ ਦੀ ਇੱਛਾ ਹੈ। ਚੀਨ ਦੀ ਉੱਚ ਤਕਨੀਕ ਅਤੇ ਸਸਤਾ ਸਮਾਨ ਮੁਹੱਈਆ ਕਰਾਉਣ, ਰੂਸ ਅਤੇ ਭਾਰਤ ਦਾ ਅਨਾਜ, ਬ੍ਰਾਜ਼ੀਲ ਦੀ ਖੇਤੀ ਤੇ ਕੁਦਰਤੀ ਸ੍ਰੋਤ ਜਿਵੇਂ ਕੱਚਾ ਲੋਹਾ, ਪੈਟਰੋਲੀਅਮ ਆਦਿ ਸੰਸਾਰ ਵਿਚ ਇਹਨਾਂ ਦੀ ਭੂ-ਰਾਜਨੀਤਕ ਮਹੱਤਤਾ ਵਧਾ ਦਿੰਦੇ ਹਨ। ਪੱਛਮੀ ਖੇਮਾ ਸਸਤੇ ਭਾਅ ਤੇ ਭਾਰਤ ਤੇ ਚੀਨ ਤੋਂ ਵੱਧ ਦਰਾਮਦ ਕਰਦਾ ਹੈ ਪਰ ਜੇ ਬਰਿਕਸ ਮੁਦਰਾ ਬਣਦੀ ਤੇ ਮਜ਼ਬੂਤ ਹੁੰਦੀ ਹੈ ਤਾਂ ਬਰਿਕਸ ਆਪਣੀ ਦਰਾਮਦ ਵਧਾ ਕੇ ਇਹ ਕਮੀ ਪੂਰੀ ਕਰ ਸਕਦਾ ਹੈ। ਬਿਨਾ ਸ਼ੱਕ, ਨਵੀਂ ਬਰਿਕਸ ਮੁਦਰਾ ਦੀ ਗੱਲ ਆਪਣੇ ਆਪ ਵਿਚ ਕਈ ਦੇਸ਼ਾਂ ਦੀ ਡਾਲਰ ਮੁਕਤ ਵਿਭਿੰਨਤਾ ਦੀ ਇੱਛਾ ਦਾ ਮਹੱਤਵਪੂਰਨ ਸੰਕੇਤ ਹੈ ਜੋ ਪੂਰਬ ਦਾ ਗਲੋਬਲ ਵਿੱਤੀ ਸ਼ਾਸਨ ਵਿਚ ਪ੍ਰਭਾਵ ਵਧਾਏਗਾ ਪਰ ਭਵਿੱਖ ਡਿਜ਼ੀਟਲ ਮੁਦਰਾ ਵੱਲ ਵਧ ਰਿਹਾ ਹੈ। ਬਰਿਕਸ ਮੁਦਰਾ ਵਿਸ਼ਵ ਪੱਧਰ ’ਤੇ ਕਰਜ਼ੇ ਹੇਠ ਨਪੀੜੀ ਜਾ ਰਹੀ ਮਨੁੱਖਤਾ ਲਈ ਕੋਈ ਬਦਲ ਨਹੀਂ ਬਲਕਿ ਵਪਾਰਕ ਵਟਾਂਦਰੇ ਦਾ ਹੀ ਮਾਧਿਅਮ ਹੈ। ਨਵੀਂ ਬਰਿਕਸ ਮੁਦਰਾ ਰਾਤੋ-ਰਾਤ ਨਵਾਂ ਗਲੋਬਲ ਆਰਥਿਕ ਬਦਲ ਨਹੀਂ ਸਕਦੀ ਅਤੇ ਅਮਰੀਕੀ ਡਾਲਰ ਦੀ ਚੌਧਰ ਵੀ ਰਾਤੋ-ਰਾਤ ਨਹੀਂ ਖੁਰੇਗੀ ਪਰ ਇਹ ਅਮਰੀਕੀ ਸਾਮਰਾਜ ਤੇ ਡਾਲਰ ਦੀ ਸਰਦਾਰੀ ਲਈ ਚੁਣੌਤੀ ਜ਼ਰੂਰ ਬਣ ਰਹੀ ਹੈ।