ਬਰਤਾਨਵੀ ਸਿੱਖਿਆ ਪ੍ਰਣਾਲੀ ‘ਨੌਕਰ ਜਮਾਤ’ ਤਿਆਰ ਕਰਨ ਲਈ ਬਣੀ ਸੀ: ਮੋਦੀ

ਬਰਤਾਨਵੀ ਸਿੱਖਿਆ ਪ੍ਰਣਾਲੀ ‘ਨੌਕਰ ਜਮਾਤ’ ਤਿਆਰ ਕਰਨ ਲਈ ਬਣੀ ਸੀ: ਮੋਦੀ

ਸਿਰਫ਼ ਡਿਗਰੀ ਧਾਰਕਾਂ ਦੀ ਥਾਂ ਦੇਸ਼ ਨੂੰ ਅੱਗੇ ਲੈ ਕੇ ਜਾਣ ਵਾਲੇ ਮਨੁੱਖੀ ਸਰੋਤ ਮੁਹੱਈਆ ਕਰਵਾਉਣ ਦੀ ਲੋੜ ’ਤੇ ਜ਼ੋਰ ਦਿੱਤਾ

ਵਾਰਾਣਸੀ –
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਬਰਤਾਨਵੀਆਂ ਨੇ ਦੇਸ਼ ਨੂੰ ਇਕ ਅਜਿਹੀ ਸਿੱਖਿਆ ਪ੍ਰਣਾਲੀ ਦਿੱਤੀ ਜਿਸ ਦਾ ਮਕਸਦ ਕੇਵਲ ‘ਨੌਕਰ ਜਮਾਤ’ ਪੈਦਾ ਕਰਨਾ ਸੀ ਜੋ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕੇ ਅਤੇ ਇਸ ਵਿੱਚ ਜਿਹੜੇ ਬਦਲਾਅ ਹੋਣੇ ਚਾਹੀਦੇ ਸਨ ਉਹ ਅਜੇ ਤੱਕ ਨਹੀਂ ਹੋਏ। ਉਹ ਇੱਥੇ ਕੌਮੀ ਸਿੱਖਿਆ ਨੀਤੀ ਦੇ ਲਾਗੂ ਕਰਨ ਸਬੰਧੀ ਇਕ ਸੰਮੇਲਨ ਨੂੰ ਸੰਬੋਧਨ ਕਰ ਰਹੇ ਸਨ।

ਸ੍ਰੀ ਮੋਦੀ ਨੇ ਕਿਹਾ ਕਿ ਪ੍ਰਣਾਲੀ ਨੂੰ ਸਿਰਫ਼ ਡਿਗਰੀ ਧਾਰਕ ਹੀ ਪੈਦਾ ਨਹੀਂ ਕਰਨੇ ਚਾਹੀਦੇ ਬਲਕਿ ਅਜਿਹੇ ਮਨੁੱਖੀ ਸਰੋਤ ਮੁਹੱਈਆ ਕਰਵਾਉਣ ਦੀ ਲੋੜ ਹੈ ਜੋ ਕਿ ਦੇਸ਼ ਨੂੰ ਅੱਗੇ ਲੈ ਕੇ ਜਾਣ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਬਣਾਈ ਸਿੱਖਿਆ ਪ੍ਰਣਾਲੀ ਦਾ ਮਕਸਦ ਸਿਰਫ਼ ਨੌਕਰੀਆਂ ਮੁਹੱਈਆ ਕਰਵਾਉਣਾ ਸੀ। ਕੇਂਦਰੀ ਸਿੱਖਿਆ ਮੰਤਰਾਲੇ ਵੱਲੋਂ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਤੇ ਬਨਾਰਸ ਹਿੰਦੂ ਯੂਨੀਵਰਸਿਟੀ ਨਾਲ ਮਿਲ ਕੇ ਕਰਵਾਈ ਗਈ ਤਿੰਨ ਦਿਨਾਂ ਮੀਟਿੰਗ ਦਾ ਉਦਘਾਟਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਬਰਤਾਨਵੀਆਂ ਨੇ ਦੇਸ਼ ਨੂੰ ਇਕ ਅਜਿਹੀ ਸਿੱਖਿਆ ਪ੍ਰਣਾਲੀ ਦਿੱਤੀ ਜਿਸ ਦਾ ਮਕਸਦ ਸਿਰਫ਼ ‘ਨੌਕਰ ਜਮਾਤ’ ਪੈਦਾ ਕਰਨ ਸੀ ਜੋ ਕਿ ਉਨ੍ਹਾਂ ਦੀਆਂ ਲੋੜਾਂ ਨੂੰ ਪੂਰਾ ਕਰ ਸਕੇ। ਆਜ਼ਾਦੀ ਤੋਂ ਬਾਅਦ ਇਸ ਵਿੱਚ ਕੁਝ ਬਦਲਾਅ ਕੀਤੇ ਗਏ ਪਰ ਕਾਫੀ ਕਰਨੇ ਬਾਕੀ ਰਹਿ ਗਏ।’’ ਮੋਦੀ ਨੇ ਕਿਹਾ ਕਿਹਾ, ‘‘ਨਵੀਂ ਸਿੱਖਿਆ ਨੀਤੀ ਭਾਰਤੀ ਭਾਸ਼ਾਵਾਂ ਵਿੱਚ ਸਿੱਖਿਆ ਲਈ ਦਰਵਾਜ਼ੇ ਖੋਲ੍ਹ ਰਹੀ ਹੈ। ਮੈਨੂੰ ਵਿਸ਼ਵਾਸ ਹੈ ਕਿ ਭਾਰਤ ਵਿਸ਼ਵ ਸਿੱਖਿਆ ਦੀ ਮੰਜ਼ਿਲ ਵਜੋਂ ਉੱਭਰੇਗਾ।’’ ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰਣਾਲੀ ਨੂੰ ਬਦਲ ਰਹੇ ਵਿਸ਼ਵ ਮੁਤਾਬਕ ਰਫ਼ਤਾਰ ਬਣਾ ਕੇ ਰੱਖਣੀ ਚਾਹੀਦੀ ਹੈ।

ਵਿਕਾਸ ਦਾ ਮਤਲਬ ਗਰੀਬਾਂ ਅਤੇ ਸਹੂਲਤਾਂ ਤੋਂ ਵਾਂਝੇ ਲੋਕਾਂ ਦਾ ਸ਼ਕਤੀਕਰਨ: ਮੋਦੀ

ਵਾਰਾਣਸੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਵਿਕਾਸ ਦਾ ਮਤਲਬ ‘ਚਮਕ-ਦਮਕ’ ਨਹੀਂ ਸਗੋਂ ਗਰੀਬਾਂ, ਸਹੂਲਤਾਂ ਤੋਂ ਵਾਂਝੇ ਲੋਕਾਂ ਅਤੇ ਅਨੁਸੂਚਿਤ ਜਾਤੀਆਂ/ਅਨੁਸੂਚਿਤ ਜਨਜਾਤੀਆਂ ਦਾ ਸ਼ਕਤੀਕਰਨ ਹੈ। ਇੱਥੇ ਸੰਪੂਰਨਾਨੰਦ ਸਟੇਡੀਅਮ ਵਿੱਚ 1774 ਕਰੋੜ ਰੁਪਏ ਕੀਮਤ ਦੇ ਪ੍ਰਾਜੈਕਟਾਂ ਦੇ ਉਦਘਾਟਨ ਕਰਨ ਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਕਿਹਾ, ‘‘ਸਾਡੇ ਵਾਸਤੇ ਵਿਕਾਸ ਦਾ ਮਤਲਬ ਸਿਰਫ਼ ਚਮਕ-ਦਮਕ ਨਹੀਂ ਹੈ। ਸਾਡੇ ਲਈ ਵਿਕਾਸ ਦਾ ਮਤਲਬ ਗਰੀਬਾਂ, ਦਲਿਤਾਂ, ਸਹੂਲਤਾਂ ਤੋਂ ਵਾਂਝੇ ਲੋਕਾਂ, ਪੱਛੜਿਆਂ, ਕਬਾਇਲੀਆਂ, ਮਾਵਾਂ ਤੇ ਭੈਣਾਂ ਦਾ ਸ਼ਕਤੀਕਰਨ ਹੈ।’’