ਬਦਲਾਅ ਲਿਆਉਣ ਵੱਲ ਤੁਰਿਆ ਪੰਜਾਬੀ ਸਿਨਮਾ

ਬਦਲਾਅ ਲਿਆਉਣ ਵੱਲ ਤੁਰਿਆ ਪੰਜਾਬੀ ਸਿਨਮਾ

ਸੁਰਜੀਤ ਜੱਸਲ

ਪੰਜਾਬੀ ਸਿਨਮਾ ਨੇ ਇਸ ਸਾਲ ਦਰਸ਼ਕਾਂ ਨੂੰ ਨਵੀਆਂ ਕਹਾਣੀਆਂ ਨਾਲ ਰੂ-ਬ-ਰੂ ਕਰਵਾ ਕੇ ਸਿਨਮਾ ਦਾ ਰੂਪ ਹੀ ਬਦਲ ਦਿੱਤਾ। ਨਿਰਦੇਸ਼ਕ ਅਮਰ ਹੁੰਦਲ ਦੀ ਪੰਜਾਬੀ ਫਿਲਮ ‘ਵਾਰਨਿੰਗ’ ਦੇ ਰਿਲੀਜ਼ ਤੋਂ ਬਾਅਦ ਅੱਗੇ ਆਉਣ ਵਾਲੀਆਂ ਫਿਲਮਾਂ ਦੀ ਕਹਾਣੀ ਵਿੱਚ ਗੰਭੀਰਤਾ ਆਉਣ ਲੱਗੀ। 2023 ਵਿੱਚ ਪੰਜਾਬੀ ਸਿਨਮਾ ਨੇ ਸਾਨੂੰ 50 ਦੇ ਕਰੀਬ ਫਿਲਮਾਂ ਦਿੱਤੀਆਂ, ਜਿਨ੍ਹਾਂ ਨੇ ਸਾਡੀ ਜ਼ਿੰਦਗੀ ਨੂੰ ਹਰ ਪੱਖ ਤੋਂ ਪ੍ਰਭਾਵਿਤ ਕੀਤਾ।

ਫਰਵਰੀ ਵਿੱਚ ਹਰਿੰਦਰ ਕੌਰ ਵੱਲੋਂ ਲਿਖੀ ਅਤੇ ਵਿਜੈ ਕੁਮਾਰ ਅਰੋੜਾ ਵੱਲੋਂ ਨਿਰਦੇਸ਼ਿਤ ਕੀਤੀ ਫਿਲਮ ‘ਕਲੀ ਜੋਟਾ’ ਔਰਤ ਦੀ ਸਮਾਜ ਵਿੱਚ ਮਾੜੀਆਂ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਕੇ ਆਪਣੀ ਮਾਨਸਿਕ ਸਥਿਤੀ ਗਵਾ ਦੇਣਾ ਵਿਖਾਉਂਦੀ ਹੈ। ਨੀਰੂ ਬਾਜਵਾ ਦੇ ਕਿਰਦਾਰ ‘ਰਾਬੀਆ’ ਵਿੱਚ ਉਸ ਦੀ ਬਾਕਮਾਲ ਅਦਾਕਾਰੀ ਦਿਲਾਂ ਨੂੰ ਹਲੂਣ ਦਿੰਦੀ ਹੈ। ਕਾਲਜ ਦੇ ਪਿਆਰ ਤੋਂ ਸਕੂਲ ਅਧਿਆਪਕ ਅਤੇ ਅਧਿਆਪਕ ਤੋਂ ਪਾਗਲਖਾਨੇ ਤੱਕ ਦਾ ਉਸ ਦਾ ਸਫ਼ਰ ਸਾਨੂੰ ਸਮਾਜ ’ਤੇ ਵਿਚਾਰ ਕਰਨ ਲਈ ਮਜਬੂਰ ਕਰਦਾ ਹੈ। ਫਿਲਮ ਦਾ ਇਹ ਵਿਸ਼ਾ ਸਮਾਜ ਦੀ ਅਸਲ ਮਾਨਸਿਕਤਾ ਦੱਸਦਾ ਹੋਇਆ ਸਾਨੂੰ ਆਪਣੀ ਸੋਚ ਵਿੱਚ ਤਬਦੀਲੀ ਲਿਆਉਣ ਦੀ ਸਲਾਹ ਦਿੰਦਾ ਹੈ। ਇਸ ਫਿਲਮ ਦਾ ਖ਼ੂਬਸੂਰਤ ਗੀਤ ‘ਰੁਤਬਾ’ ਵੀ ਪ੍ਰਸ਼ੰਸਕਾਂ ਦੇ ਬੁੱਲ੍ਹਾਂ ’ਤੇ ਕਾਫ਼ੀ ਸਮੇਂ ਤੱਕ ਗੂੰਜਦਾ ਰਿਹਾ। ਇਹ ਫਿਲਮ ਸਾਲ ਦੀ ਸ਼ੁਰੂਆਤ ਵਿੱਚ ਆਪਣੀ ਸਫਲਤਾ ਦੇ ਝੰਡੇ ਗੱਡਦੀ ਹੋਈ ਪੰਜਾਬੀ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ।

ਇਸੇ ਮਹੀਨੇ ਤਿੰਨ ਹੋਰ ਫਿਲਮਾਂ- ‘ਤੂੰ ਹੋਵੇਂ ਮੈਂ ਹੋਵਾਂ’, ‘ਗੋਲ ਗੱਪੇ’ ਅਤੇ ‘ਜੀ ਵਾਈਫ ਜੀ’ ਰਿਲੀਜ਼ ਹੋਈਆਂ। ਇਨ੍ਹਾਂ ਵਿੱਚੋਂ ‘ਤੂੰ ਹੋਵੇਂ ਮੈਂ ਹੋਵਾਂ’ ਫਿਲਮ ਵਿਆਹੇ ਜੋੜੇ ਦੇ ਰਿਸ਼ਤੇ ਦੀਆਂ ਟੁੱਟਦੀਆਂ ਗੰਢਾਂ ਦਾ ਪ੍ਰਭਾਵ, ਉਨ੍ਹਾਂ ਦੇ ਬੱਚਿਆਂ ਦੇ ਨਜ਼ਰੀਏ ਅਤੇ ਉਨ੍ਹਾਂ ਦੀ ਆਪਣੀ ਜ਼ਿੰਦਗੀ ਦੀ ਉਲਟ-ਪੁਲਟ ਵਿੱਚ ਵਿਖਾਇਆ ਗਿਆ ਹੈ। ਇਹ ਫਿਲਮ ਭਾਵੁਕਤਾ ਦੇ ਨਾਲ-ਨਾਲ ਕਾਮੇਡੀ ਭਰਪੂਰ ਵੀ ਹੈ। ‘ਗੋਲ ਗੱਪੇ’ ਅਤੇ ‘ਜੀ ਵਾਈਫ ਜੀ’ ਦੋਵੇਂ ਫਿਲਮਾਂ ਦਰਸ਼ਕਾਂ ਲਈ ਮਨੋਰੰਜਨ ਭਰਪੂਰ ਸਾਬਤ ਹੋਈਆਂ। ਮਾਰਚ ਮਹੀਨੇ ਦੀ ਸ਼ੁਰੂਆਤ ਗਿੱਪੀ ਗਰੇਵਾਲ ਦੀ ਫਿਲਮ ‘ਮਿੱਤਰਾਂ ਦਾ ਨਾਂ ਚੱਲਦਾ’ ਨਾਲ ਹੁੰਦੀ ਹੈ। ਇਹ ਫਿਲਮ ਚਾਰ ਕੁੜੀਆਂ ’ਤੇ ਲੱਗੇ ਇਲਜ਼ਾਮ ਦੀ ਵਕਾਲਤੀ ਜੰਗ ਨੂੰ ਹਕਲਾਅ ਕੇ ਗੱਲ ਕਰਨ ਵਾਲੇ ਇਨਸਾਨ ਦੇ ਨਜ਼ਰੀਏ ਤੋਂ ਪੇਸ਼ ਕਰਦੀ ਹੈ। ਇਸ ਫਿਲਮ ਵਿੱਚ ਔਰਤਾਂ ’ਤੇ ਹੁੰਦੇ ਅੱਤਿਆਚਾਰਾਂ ਦੀ ਪੇਸ਼ਕਾਰੀ ਕੀਤੀ ਗਈ ਹੈ।

ਜਗਦੀਪ ਵੜਿੰਗ ਵੱਲੋਂ ਲਿਖੀ ਅਤੇ ਉਦੈ ਪ੍ਰਤਾਪ ਸਿੰਘ ਵੱਲੋਂ ਨਿਰਦੇਸ਼ਿਤ ਫਿਲਮ ‘ਐਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ’ ਬਾਕੀ ਫਿਲਮਾਂ ਨਾਲੋਂ ਚੰਗੀ ਸਾਬਤ ਹੋਈ। ਬੇਗਾਨੇ ਮੁਲਕ ਵਿੱਚ ਵੱਸਦੇ ਪੰਜਾਬੀਆਂ ਦੀ ਅਣਕਹੀ ਕਹਾਣੀ ’ਤੇ ਬਣੀ ਇਹ ਫਿਲਮ ਦਰਸ਼ਕਾਂ ਦੀਆਂ ਅੱਖਾਂ ਵਿੱਚੋਂ ਹੰਝੂ ਕੱਢਾ ਕੇ ਆਪਣਾ ਸੁਨੇਹਾ ਦਿੰਦੀ ਹੈ। ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਾਹਰ ਗਏ ਪੰਜਾਬੀਆਂ ਨੂੰ ਜਦ ਉਧਰਲੇ ਸਮਾਜ ਦੇ ਵੱਖਰ ਤੌਰ ਤਰੀਕਿਆਂ ਅਤੇ ਪ੍ਰਸਥਿਤੀਆਂ ਵਿੱਚੋਂ ਗੁਜ਼ਰ ਕੇ ਸੰਘਰਸ਼ ਕਰਨਾ ਪੈਂਦਾ ਹੈ, ਉਦੋਂ ਉਨ੍ਹਾਂ ਨੂੰ ਆਪਣੀ ਮਿੱਟੀ ਤੋਂ ਵੱਖ ਹੋਣ ਦਾ ਮੁੱਲ ਪਤਾ ਲੱਗਦਾ ਹੈ।
ਮਨਦੀਪ ਬੈਨੀਪਾਲ ਵੱਲੋਂ ਨਿਰਦੇਸ਼ਿਤ ਫਿਲਮ ‘ਯਾਰਾਂ ਦਾ ਰੁਤਬਾ’ ਐਕਸ਼ਨ ਫਿਲਮ ਤਾਂ ਹੈ ਹੀ, ਪ੍ਰੰਤੂ ਇਹ ਤੁਹਾਨੂੰ ਇੱਕ ਅਲੱਗ ਤਰ੍ਹਾਂ ਦੇ ਰਹੱਸਮਈ ਸਫ਼ਰ ’ਤੇ ਲੈ ਕੇ ਜਾਂਦੀ ਹੈ। ਇੱਕ ਹੋਰ ਐਕਸ਼ਨ ਭਰਪੂਰ ਫਿਲਮ ਸਿਮਰਨਜੀਤ ਸਿੰਘ ਹੁੰਦਲ ਵੱਲੋਂ ਲਿਖੀ ‘ਮਾਈਨਿੰਗ- ਰੇਤੇ ’ਤੇ ਕਬਜ਼ਾ’ ਵੀ ਰਿਲੀਜ਼ ਹੋਈ। ਇਹ ਫਿਲਮ ਪੰਜਾਬ ਦੀ ਧਰਤੀ ਦੀਆਂ ਜੜ੍ਹਾਂ ਪੋਲੀਆਂ ਕਰਨ ਵਾਲੇ ਲੋਕਾਂ ਦੀ ਖੂਨੀ ਜ਼ਿੰਦਗੀ ਦੀ ਕਹਾਣੀ ਬਿਆਨਦੀ ਹੈ।

ਮਈ ਮਹੀਨੇ ਦੀ ਸ਼ੁਰੂਆਤ ’ਚ ਰਿਲੀਜ਼ ਹੋਈ ਅੰਬਰਦੀਪ ਸਿੰਘ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਫਿਲਮ ‘ਜੋੜੀ’ 1980 ਦੇ ਦਹਾਕੇ ਵਾਲੇ ਪੰਜਾਬ ਦੀ ਦੋਗਾਣਾ ਗਾਇਕੀ ਦੇ ਸੱਭਿਆਚਾਰ ਤੋਂ ਜਾਣੂ ਕਰਵਾਉਂਦੀ ਹੈ। ਦਿਲਜੀਤ ਦੁਸਾਂਝ ਦਾ ਕਿਰਦਾਰ ਅਮਰ (ਸਿਤਾਰਾ) ਕਿਵੇਂ ਮਾਪਿਆਂ ਬਗੈਰ ਉਸਤਾਦਾਂ ਦਾ ਸਾਜ਼ੀ ਬਣ ਕੇ ਵੱਡਾ ਹੋਇਆ ਅਤੇ ਖ਼ੁਦ ਗਾਇਕ ਬਣਨ ਦੀ ਉਸ ਦੀ ਉਮੰਗ ਉਸ ਨੂੰ ਇੰਡਸਟਰੀ ਦੀਆਂ ਚੰਗਿਆਈਆਂ ਦੇ ਨਾਲ-ਨਾਲ ਬੁਰਾਈਆਂ, ਲੋਕਾਂ ਦੀ ਆਲੋਚਨਾ, ਸਹਿ ਗਾਇਕਾਂ ਦੀ ਧੱਕੇਸ਼ਾਹੀ ਅਤੇ ਈਰਖਾ ਦਾ ਵੀ ਸਾਹਮਣਾ ਕਰਵਾਉਂਦੀ ਹੈ। ਨਿਮਰਤ ਖਹਿਰਾ ਦੇ ਕਿਰਦਾਰ ਕਮਲਜੋਤ ਨਾਲ ਉਸ ਦੀ ਜੋੜੀ ਇਸ ਫਿਲਮ ਦੀ ਪ੍ਰਸਿੱਧੀ ਵਿੱਚ ਚਾਰ ਚੰਨ ਲਾਉਂਦੀ ਹੈ। ਫਿਲਮ ਦਾ ’ਕੱਲਾ ’ਕੱਲਾ ਗੀਤ ਪੁਰਾਣੇ ਪੰਜਾਬ ਦੀ ਗੀਤਕਾਰੀ ਦੀ ਝਾਕੀ ਦਿਖਾਉਂਦਾ ਪੁਰਾਣੀਆਂ ਯਾਦਾਂ ਤਾਜ਼ੀਆਂ ਕਰਵਾ ਦਿੰਦਾ ਹੈ। ਬਲਵਿੰਦਰ ਬੁਲਟ, ਹਰਦੀਪ ਗਿੱਲ, ਦ੍ਰਿਸ਼ਟੀ ਗਰੇਵਾਲ, ਗੁਰਸ਼ਬਦ ਸਿੰਘ, ਮਿੰਟੂ ਕਾਪਾ, ਰਵਿੰਦਰ ਮੰਡ, ਸੁਖਵਿੰਦਰ ਰਾਜ, ਹਰਸਿਮਰਤ ਸਿੰਘ ਆਦਿ ਕਲਾਕਾਰਾਂ ਨੇ ਵੀ ਇਸ ਫਿਲਮ ਵਿੱਚ ਆਪਣੀ ਅਦਾਕਾਰੀ ਦੀ ਉਚੇਚੀ ਸੀਮਾ ਨੂੰ ਛੂਹਿਆ ਹੈ। ਇਨ੍ਹਾਂ ਸਭ ਕਾਰਨਾਂ ਕਰਕੇ ਇਹ ਫਿਲਮ ਸਾਲ 2023 ਦੀਆਂ ਪ੍ਰਸਿੱਧ ਫਿਲਮਾਂ ਵਿੱਚੋਂ ਇੱਕ ਬਣੀ।

ਵ੍ਹਾਈਟ ਹਿੱਲ ਸਟੂਡੀਓਜ਼ ਦੇ ਬੈਨਰ ਹੇਠ ਬਣੀ ਤੇ ਤਾਜ ਵੱਲੋਂ ਨਿਰਦੇਸ਼ਿਤ ਕੀਤੀ ਗਈ ਫਿਲਮ ‘ਪੇਂਟਰ’ ਇੱਕ ਨੌਜਵਾਨ ਦੇ ਦੁਨੀਆ ਵੱਲ ਉਸ ਦੇ ਵੱਖਰੇ ਨਜ਼ਰੀਏ ਦੀ ਪੇਸ਼ਕਾਰੀ ਹੈ। ਰੰਗਾਂ ਦੀ ਦੁਨੀਆ ਵਿੱਚ ਰੰਗਿਆ, ਮਨਭਾਉਂਦੀਆਂ ਚੀਜ਼ਾਂ ਨੂੰ ਤਸਵੀਰ ਬਣਾ ਕੇ ਕੈਦ ਕਰਦਾ ਇਹ ਨੌਜਵਾਨ ਫਿਲਮ ਇੰਡਸਟਰੀ ’ਚ ਧੱਕੇ ਖਾ ਰਹੀ ਇੱਕ ਕੁੜੀ ਵਾਸਤੇ ਫਰਿਸ਼ਤਾ ਸਾਬਤ ਹੁੰਦਾ ਹੈ। ਮੁੱਖ ਤੌਰ ’ਤੇ ਇਹ ਫਿਲਮ ਇੱਕ ਵੱਖਰੇ ਵਿਸ਼ੇ ਦੀ ਫਿਲਮ ਹੁੰਦਿਆਂ ਹੋਇਆਂ ਵੀ ਬਦਕਿਸਮਤੀ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਜ਼ਿਆਦਾ ਨਾ ਖਿੱਚ ਸਕੀ।

ਪੰਜਾਬ ਵਿੱਚ ਇੱਕ ਵੇਲੇ ਅਜਿਹਾ ਸਮਾਂ ਹੁੰਦਾ ਸੀ ਜਦੋਂ ਔਰਤਾਂ ਨੂੰ ਵਿਆਹ ਦੀ ਬਰਾਤ ਵਿੱਚ ਸ਼ਾਮਲ ਨਹੀਂ ਸੀ ਹੋਣ ਦਿੱਤਾ ਜਾਂਦਾ। ਫਿਲਮ ‘ਗੋਡੇ ਗੋਡੇ ਚਾਅ’ ਉਸ ਵੇਲੇ ਦੀਆਂ ਔਰਤਾਂ ਦੇ ਇਨ੍ਹਾਂ ਚਾਵਾਂ ਦੀ ਆਵਾਜ਼ ਬਣਦੀ ਹੈ। ਜਗਦੀਪ ਸਿੱਧੂ ਵੱਲੋਂ ਲਿਖੀ ਅਤੇ ਵਿਜੈ ਕੁਮਾਰ ਅਰੋੜਾ ਵੱਲੋਂ ਨਿਰਦੇਸ਼ਿਤ ਇਹ ਫਿਲਮ 2023 ਦੀਆਂ ਪ੍ਰਸਿੱਧ ਫਿਲਮਾਂ ਦੀ ਸੂਚੀ ਵਿੱਚ ਵੱਖਰੀ ਕਾਮੇਡੀ, ਕਹਾਣੀ ਅਤੇ ਸਕਰੀਨਪਲੇ ਦੀ ਸਰਲਤਾ ਕਰਕੇ ਸ਼ਾਮਲ ਹੁੰਦੀ ਹੈ।

ਗਿੱਪੀ ਗਰੇਵਾਲ ਆਪਣੀ ‘ਕੈਰੀ ਆਨ ਜੱਟਾ’ ਫਰੈਂਚਾਇਜ਼ ਕਰਕੇ ਬਹੁਤ ਪ੍ਰਸਿੱਧ ਹੈ। ਇਸ ਸਾਲ ਜੂਨ ਮਹੀਨੇ ਵਿੱਚ ਇਸ ਦਾ ਇੱਕ ਹੋਰ ਪਾਰਟ ‘ਕੈਰੀ ਆਨ ਜੱਟਾ 3’ ਰਿਲੀਜ਼ ਹੋਇਆ। ਜਿਸ ਨੇ ਦਰਸ਼ਕਾਂ ਨੂੰ ਹਰ ਵਾਰ ਦੀ ਤਰ੍ਹਾਂ ਹਸਾ ਕੇ ਲੋਟ-ਪੋਟ ਤਾਂ ਕੀਤਾ ਹੀ, ਪ੍ਰੰਤੂ ਇਸ ਨੇ ਹੋਰ ਵੀ ਕਈ ਰਿਕਾਰਡ ਤੋੜੇ। ਪੰਜਾਬੀ ਸਿਨਮਾ ਦੀ ਇਹ ਪਹਿਲੀ ਫਿਲਮ ਬਣ ਗਈ ਜਿਸ ਨੇ 100 ਕਰੋੜ ਤੋਂ ਵੱਧ ਦੀ ਕਮਾਈ ਕੀਤੀ। ਇੰਗਲੈਂਡ ਦੇ ਲੰਡਨ ਸ਼ਹਿਰ ’ਚ ਰੱਖੀ ਇਸ ਫਿਲਮ ਦੀ ਨੀਂਹ ਇਸ ਦੇ ਵੱਖਰੇ ਵਾਤਾਵਰਨ ਸਦਕਾ ਕੈਨੇਡਾ ਵਿੱਚ ਵਸਦੇ ਪੰਜਾਬੀਆਂ ਦੀ ਪ੍ਰਸ਼ੰਸਾ ਦਾ ਵੀ ਕੇਂਦਰ ਬਣੀ।

ਜੈ ਰੰਧਾਵਾ ਦੀ ਫਿਲਮ ‘ਮੈਡਲ’ ਦਾ ਐਕਸ਼ਨ ਬੌਲੀਵੁੱਡ ਅਤੇ ਸਾਊਥ ਦੀਆਂ ਸ਼ਾਨਦਾਰ ਫਿਲਮਾਂ ਦੇ ਐਕਸ਼ਨ ਦਾ ਪੱਧਰ ਨਾਲ ਆ ਕੇ ਖੜ੍ਹਦਾ ਹੈ। ਫਿਲਮ ਵਿੱਚ ਜੈ ਰੰਧਾਵਾ ਵੱਲੋਂ ਨਿਭਾਏ ਕਿਰਦਾਰ ਦੀ ਜ਼ਿੰਦਗੀ ਦੇ ਦੋ ਪਹਿਲੂ ਉਸ ਨੂੰ ਕਲਾ ਪ੍ਰਤੀ ਗੰਭੀਰ ਅਦਾਕਾਰ ਸਿੱਧ ਕਰਦੇ ਹਨ। ਫਿਲਮ ਦੀ ਐਕਸ਼ਨ ਕੋਰਿਓਗ੍ਰਾਫ਼ੀ ਇਸ ਦੀ ਜਾਨ ਹੈ।

‘ਮੌੜ’ ਫਿਲਮ ਵੀ ਖ਼ੂਬ ਚਰਚਾ ਵਿੱਚ ਰਹੀ। ਜਿਊਣਾ ਮੌੜ ਦੇ ਕਿਰਦਾਰ ਦੀ ਅਦਾਕਾਰੀ ਇਸ ਵਾਰ ਐਮੀ ਵਿਰਕ ਨੇ ਕੀਤੀ, ਜਿਸ ਨੂੰ ਲੋਕਾਂ ਨੇ ਐਨਾ ਪਸੰਦ ਨਹੀਂ ਕੀਤਾ। ਫਿਲਮ ਦੀ ਥੀਮ ਅਤੇ ਵੱਖਰੀ ਸਿਨੇਮੈਟੋਗ੍ਰਾਫ਼ੀ ਲੋਕਾਂ ਨੂੰ ਚੰਗੀ ਲੱਗੀ। ਐਮੀ ਵਿਰਕ ਤੋਂ ਇਲਾਵਾ ਦੇਵ ਖਰੋੜ, ਨਾਇਕਾਰਾ ਕੌਰ, ਗੁਰਲੇਜ਼ ਅਖ਼ਤਰ, ਕੁਲਜਿੰਦਰ ਸਿੱਧੂ, ਬਲਜਿੰਦਰ ਕੌਰ, ਵਿਕਰਮ ਜੀਤ ਵਿਰਕ, ਰਾਮ ਔਜਲਾ, ਜਰਨੈਲ ਸਿੰਘ, ਅਮੀਕ ਵਿਰਕ ਨੇ ਚੰਗੇ ਕਿਰਦਾਰ ਨਿਭਾਏ। ਧੀਰਜ ਕੁਮਾਰ ਇਸ ਬਾਰ ਫਿਰ ਆਪਣੀ ਫਿਲਮ ‘ਪੌਣੇ 9’ ਕਰਕੇ ਚਰਚਾ ਵਿੱਚ ਰਿਹਾ। ਬਲਜੀਤ ਨੂਰ ਵੱਲੋਂ ਡਾਇਰੈਕਟ ਕੀਤੀ ਇਹ ਥ੍ਰਿਲਰ ਫਿਲਮ ਦਰਸ਼ਕਾਂ ਨੂੰ ਇਸ ਦੀ ਵੱਖਰੀ ਕਹਾਣੀ ਕਰਕੇ ਬਹੁਤ ਪਸੰਦ ਆਈ।

ਅਗਸਤ ਵਿੱਚ ਸਰਨ ਆਰਟ ਵੱਲੋਂ ਨਿਰਦੇਸ਼ਿਤ ਫਿਲਮ ‘ਮਸਤਾਨੇ’ ਰਿਲੀਜ਼ ਹੁੰਦੀ ਹੈ ਜਿਸ ਦੇ ਪ੍ਰਭਾਵ ਸਦਕਾ ਅਗਲੇ ਇੱਕ ਮਹੀਨੇ ਤੱਕ ਇਸ ਦੇ ਸਾਰੇ ਸ਼ੋਅ ਹਾਊਸਫੁੱਲ ਰਹੇ। ਬੌਲੀਵੁੱਡ ਪੱਧਰ ਦੇ ਸੈੱਟ ਡਿਜ਼ਾਇਨ ’ਚ ਨਵਾਬਾਂ ਦੇ ਰਾਜ ਵੇਲੇ ਦੀ ਕਹਾਣੀ ਦੱਸਦੀ ਇਹ ਫਿਲਮ ਔਰਤਾਂ ’ਤੇ ਹੁੰਦੇ ਅੱਤਿਆਚਾਰਾਂ ਦਾ ਟਾਕਰਾਂ ਕਰਨ ਲਈ ਸਿੱਖਾਂ ਦਾ ਸੰਘਰਸ਼ ਵਿਖਾਉਂਦੀ ਹੈ। ਪੰਜਾਬੀ ਤੋਂ ਇਲਾਵਾ ਇਸ ਫਿਲਮ ਨੂੰ ਤਮਿਲ, ਤੇਲਗੂ ਅਤੇ ਮਰਾਠੀ ਵਿੱਚ ਵੀ ਡੱਬ ਕਰਕੇ ਰਿਲੀਜ਼ ਕੀਤਾ ਗਿਆ। ਤਰਸੇਮ ਜੱਸੜ, ਗੁਰਪ੍ਰੀਤ ਘੁੱਗੀ, ਬਨਿੰਦਰ ਬਨੀ, ਕਰਮਜੀਤ ਅਨਮੋਲ, ਹਨੀ ਮੱਟੂ ਦੇ ਮਸਤ ਕਿਰਦਾਰਾਂ ’ਤੇ ਪਿਆ ਸਿੱਖਾਂ ਦਾ ਪ੍ਰਭਾਵ ਫਿਲਮ ਦੇ ਕਲਾਈਮੈਕਸ ਵਿੱਚ ਦਸਤਾਰ ਸਜਾ ਕੇ ਮੁਗਲਾਂ ਨਾਲ ਲੜਨ ਵਿੱਚ ਵਿਖਾਇਆ ਗਿਆ ਹੈ। ਫਿਲਮ ਦੇ ਆਖ਼ਰ ਵਿੱਚ ਗੁਰਪ੍ਰੀਤ ਘੁੱਗੀ ਦੇ ਕਿਰਦਾਰ ਵੱਲੋਂ ਕੀਤੀ ਅਰਦਾਸ ਵਿੱਚ ਸਿਨਮਾ ਅੰਦਰ ਬੈਠੇ ਦਰਸ਼ਕ ਵੀ ਸੀਟ ਤੋਂ ਖੜ੍ਹੇ ਹੋ ਕੇ ਸਿਰ ਢੱਕ ਕੇ ਸ਼ਾਮਲ ਹੋਏ। ਇਸ ਤੋਂ ਵੱਡਾ ਸਿਨਮਾ ਦਾ ਦਰਸ਼ਕਾਂ ਉੱਪਰ ਪ੍ਰਭਾਵ ਹੋਰ ਕਿਤੇ ਨਹੀਂ ਵੇਖਿਆ ਗਿਆ ਹੋਵੇਗਾ। ਇਸ ਫਿਲਮ ਨੇ 69 ਕਰੋੜ ਦੀ ਕਮਾਈ ਕੀਤੀ।
ਅਮੀਕ ਵਿਰਕ ਦੀ ਫਿਲਮ ‘ਜੂਨੀਅਰ’ ਵੀ ਇਸ ਦੀ ਅਪਰਾਧ ਦੀ ਦੁਨੀਆ ਦੀ ਕਹਾਣੀ ਅਤੇ ਐਕਸ਼ਨ ਕਰਕੇ ਦਰਸ਼ਕਾਂ ਦੀ ਪਸੰਦ ਬਣੀ। ਨੀਰੂ ਬਾਜਵਾ ਦੀ ਫਿਲਮ ‘ਬੂਹੇ-ਬਾਰੀਆਂ’ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਬਣਾਈ ਗਈ ਇੱਕ ਸਮਾਜਿਕ ਫਿਲਮ ਸੀ, ਜਿਸ ਨੂੰ ਉਦੈ ਪ੍ਰਤਾਪ ਸਿੰਘ ਨੇ ਨਿਰਦੇਸ਼ਿਤ ਕੀਤਾ। ਇਸੇ ਵਿਸ਼ੇ ’ਤੇ ਅਕਤੂਬਰ ਵਿੱਚ ਪ੍ਰੇਮ ਸਿੰਘ ਸਿੱਧੂ ਵੱਲੋਂ ਡਾਇਰੈਕਟ ਕੀਤੀ ਫਿਲਮ ‘ਚਿੜੀਆਂ ਦਾ ਚੰਬਾ’ ਵੀ ਰਿਲੀਜ਼ ਹੋਈ। ਜਿਸ ਵਿਚਲੀ ਵਿਖਾਈ ਗਈ ਚਾਰ ਕੁੜੀਆਂ ਦੀ ਸਮਾਜਿਕ ਪ੍ਰਸਥਿਤੀ ਨਾਲ ਜੂਝਣ ਸਦਕਾ ਹੋਈ ਮਾੜੀ ਦਸ਼ਾ ਇਸ ਨੂੰ ਸਾਡੇ ਲਈ ਭਾਵੁਕ ਭਰਿਆ ਬਣਾ ਦਿੰਦੀ ਹੈ। ਇਸ ਦੌਰਾਨ ਡਾਇਰੈਕਟਰ ਸਿਮਰਨ ਸਿੰਘ ਦੀ ਫਿਲਮ ‘ਪਿੰਡ ਅਮਰੀਕਾ’ ਨੇ ਦਰਸ਼ਕਾਂ ਨੂੰ ਬਾਹਰ ਗਏ ਮਾਪਿਆਂ ਦੀ ਨੂੰਹ-ਪੁੱਤਰਾਂ ਵੱਲੋਂ ਕੀਤੀ ਜਾਂਦੀ ਬੇਕਦਰੀ ਦੀ ਕਹਾਣੀ ਵਿਖਾਈ, ਪ੍ਰੰਤੂ ਇਹ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਹਾਸਲ ਨਾ ਕਰ ਸਕੀ।

ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਇਸ ਸਾਲ ਦੋ ਫਿਲਮਾਂ ‘ਜ਼ਿੰਦਗੀ ਜਿੰਦਾਬਾਦ’ ਅਤੇ ‘ਵ੍ਹਾਈਟ ਪੰਜਾਬ’ ਰਿਲੀਜ਼ ਹੋਈਆਂ। ‘ਜ਼ਿੰਦਗੀ ਜ਼ਿੰਦਾਬਾਦ’ ਰਾਹੀਂ ਪ੍ਰੇਮ ਸਿੰਘ ਸਿੱਧੂ ਨੇ ਨਸ਼ਿਆਂ ਦੇ ਦਲਦਲ ਨੂੰ ਹਰ ਪੱਖੋਂ ਵਿਖਾ ਕੇ ਨਿਰਦੇਸ਼ਿਤ ਕੀਤਾ। ਦੂਜੇ ਪਾਸੇ ਫਿਲਮ ‘ਵ੍ਹਾਈਟ ਪੰਜਾਬ’ ’ਚ ਵੀ ਨਸ਼ੇ ਦੇ ਜਾਲ ’ਚ ਫਸੀ ਪੰਜਾਬ ਦੀ ਨੌਜਵਾਨੀ ਨੂੰ ਬਾਹਰ ਕੱਢਣ ਦਾ ਯਤਨ ਕੀਤਾ ਗਿਆ।

ਇੰਗਲੈਂਡ ਦੇ ਸ਼ਹਿਰ ਸਾਊਥਾਲ ਇਲਾਕੇ ਵਿੱਚ ਬਣੀਆਂ ਦੋ ਪੰਜਾਬੀ ਫਿਲਮਾਂ ‘ਮੁੰਡਾ ਸਾਊਥਾਲ ਦਾ’ ਅਤੇ ‘ਸਿੱਧੂਜ਼ ਆਫ ਸਾਊਥਾਲ’ ਵੀ ਰਿਲੀਜ਼ ਹੋਈਆਂ। ਦੋਵੇਂ ਫਿਲਮਾਂ ਨੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ। ਦਲਜਿੰਦਰ ਬਸਰਾ ਵੱਲੋਂ ਨਿਰਦੇਸ਼ਿਤ ਫਿਲਮ ‘ਯੂਥ ਫੈਸਟੀਵਲ’ ਵਿੱਚ ਵਿਦਿਆਰਥੀਆਂ ਦੇ ਟਰਾਫ਼ੀ ਜਿੱਤਣ ਪ੍ਰਤੀ ਵਿਖਾਏ ਜੋਸ਼ ਅਤੇ ਮਿਹਨਤ ਵਾਲੀ ਕਹਾਣੀ ਨੇ ਦਰਸ਼ਕਾਂ ਦਾ ਚੰਗਾ ਮਨੋਰੰਜਨ ਕੀਤਾ।

ਇਸ ਸਾਲ ਓ.ਟੀ.ਟੀ. ਫ਼ਿਲਮਾਂ ਦੀ ਦੌੜ ਵੀ ਚੰਗੀ ਰਹੀ। ਚੌਪਾਲ ’ਤੇ ਰਿਲੀਜ਼ ਹੋਈਆਂ ‘ਬੇਨਕਾਬ ਚਿਹਰੇ’,‘ ਫੁੱਲ ਮੂਨ’, ‘ਹਵਾ’, ‘ਬੰਦੇ ਖਾਣੀ ਬੰਦੂਕ ਨਾਗਣੀ’, ‘ਹਾਈ ਸਕੂਲ ਲਵ’, ‘ਭੂਤਨੀ ਦੇ’, ‘ਘੋੜਾ ਢਾਈ ਕਦਮ’, ‘ਸਭ ਫੜੇ ਜਾਣਗੇ’ ਵਰਗੀਆਂ ਫਿਲਮਾਂ ਨੇ ਵੀ ਦਰਸ਼ਕਾਂ ਦਾ ਮਨਪ੍ਰਚਾਵਾ ਕੀਤਾ। ਖ਼ਾਸ ਕਰ ਧੀਰਜ ਕੁਮਾਰ ਦੀ ਫਿਲਮ ‘ਫੁੱਲ ਮੂਨ’ ਨੇ ਇਸ ਦੇ ਵੱਖਰੇ ਵਿਸ਼ੇ ਦੀ ਪੇਸ਼ਕਾਰੀ ਸਦਕਾ ਦਰਸ਼ਕਾਂ ਦੀ ਪ੍ਰਸ਼ੰਸਾ ਪ੍ਰਾਪਤ ਕੀਤੀ।

ਇਸ ਸਾਲ ਪੰਜਾਬੀ ਸਿਨਮਾ ਨੇ ਆਪਣੇ ਜੌਹਰ ਹਰ ਜਗਾ ਵਿਖਾਏ। ਫਿਲਮ ‘ਮਸਤਾਨੇ’ ਅਤੇ ‘ਚੇਤਾ ਸਿੰਘ’ ਦੀ ਬੌਲੀਵੁੱਡ ਦੀਆਂ ਫਿਲਮਾਂ ਨਾਲ ਤੁਲਨਾ ਕਰਕੇ ਵੱਖ ਵੱਖ ਮੀਡੀਆ ਚੈਨਲਾਂ ਨੇ ਇਸ ਦੀ ਪ੍ਰਸ਼ੰਸਾ ਕੀਤੀ। ਫਿਲਮਾਂ ਦਾ ਮਕਸਦ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਸਮਾਜ ਪ੍ਰਤੀ ਨਜ਼ਰੀਏ ਵਿੱਚ ਇੱਕ ਤਬਦੀਲੀ ਲਿਆਉਣਾ ਵੀ ਹੈ। ਪੰਜਾਬੀ ਸਿਨਮਾ ਦਾ ਰੂਪ ਹਰ ਸਾਲ ਬਦਲ ਰਿਹਾ ਹੈ। ਕਹਾਣੀਆਂ ਵਿੱਚ ਆ ਰਹੀ ਗਹਿਰਾਈ ਅਤੇ ਪਾਤਰਾਂ ਦੀ ਗੰਭੀਰਤਾ ਮੁੱਖ ਚੀਜ਼ ਬਣ ਗਈ ਹੈ।