ਬਠਿੰਡਾ ਰਿਫ਼ਾਈਨਰੀ: ਵਿਜੀਲੈਂਸ ਨੇ ‘ਗੁੰਡਾ ਟੈਕਸ’ ਵਸੂਲੀ ਦੀ ਫਾਈਲ ਖੋਲ੍ਹੀ

ਬਠਿੰਡਾ ਰਿਫ਼ਾਈਨਰੀ: ਵਿਜੀਲੈਂਸ ਨੇ ‘ਗੁੰਡਾ ਟੈਕਸ’ ਵਸੂਲੀ ਦੀ ਫਾਈਲ ਖੋਲ੍ਹੀ

ਕਾਂਗਰਸੀ ਆਗੂਆਂ ਦੀ ਭੂਮਿਕਾ ’ਤੇ ਰਹੇਗੀ ਨਜ਼ਰ; ਕਈ ਟਰਾਂਸਪੋਰਟ ਕੰਪਨੀਆਂ ਤੇ ਮਿਕਸਰ ਪਲਾਂਟਾਂ ਦੇ ਪ੍ਰਬੰਧਕ ਤਲਬ
ਚੰਡੀਗੜ੍ਹ- ਵਿਜੀਲੈਂਸ ਬਿਊਰੋ ਪੰਜਾਬ ਨੇ ਪਿਛਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਦੌਰਾਨ ਬਠਿੰਡਾ ਰਿਫ਼ਾਈਨਰੀ ’ਚ ਚੱਲੇ ਗੁੰਡਾ ਟੈਕਸ ਦੀ ਫਾਈਲ ਖੋਲ੍ਹ ਲਈ ਹੈ। ਬਿਊਰੋ ਦੇ ਮੁੱਖ ਦਫ਼ਤਰ ਵੱਲੋਂ ਇਸ ਦੀ ਜਾਂਚ ਬਠਿੰਡਾ ਦੇ ਐੱਸਐੱਸਪੀ (ਵਿਜੀਲੈਂਸ) ਨੂੰ ਸੌਂਪੀ ਗਈ ਹੈ। ਵਿਜੀਲੈਂਸ ਦਫ਼ਤਰ ਬਠਿੰਡਾ ਨੇ ‘ਗੁੰਡਾ ਟੈਕਸ’ ਮਾਮਲੇ ਦੀ ਬਾਕਾਇਦਾ ਪੜਤਾਲ ਵਿੱਢ ਦਿੱਤੀ ਹੈ ਜਿਸ ਨਾਲ ਕਈ ਸਿਆਸੀ ਆਗੂਆਂ ’ਤੇ ਗਾਜ਼ ਡਿੱਗ ਸਕਦੀ ਹੈ। ਕਰੀਬ ਇੱਕ ਦਰਜਨ ਕੰਪਨੀਆਂ ਨੂੰ ਤਲਬ ਕੀਤਾ ਗਿਆ ਹੈ, ਜਿਨ੍ਹਾਂ ਦੇ ਪ੍ਰਬੰਧਕਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਹਨ।

ਚੇਤੇ ਰਹੇ ਕਿ ਫਰਵਰੀ 2018 ਵਿਚ ਬਠਿੰਡਾ ਰਿਫ਼ਾਈਨਰੀ ਵਿਚ ਨਵੇਂ ਬਣ ਰਹੇ ਪੈਟਰੋ ਕੈਮੀਕਲ ਯੂਨਿਟ ਦੀ ਉਸਾਰੀ ਲਈ ਜੋ ਰੇਤਾ ਬਜਰੀ ਆਦਿ ਦੀ ਢੋਆ-ਢੁਆਈ ਹੋ ਰਹੀ ਸੀ, ਉਸ ’ਚ ਟਰਾਂਸਪੋਰਟਰਾਂ ਅਤੇ ਹੋਰਨਾਂ ਕਾਰੋਬਾਰੀ ਲੋਕਾਂ ਤੋਂ ਸੱਤਾਧਾਰੀ ‘ਗੁੰਡਾ ਟੈਕਸ’ ਵਸੂਲ ਕਰਦੇ ਸਨ। ਅੱਕੇ ਹੋਏ ਕਾਰੋਬਾਰੀਆਂ ਅਤੇ ਟਰਾਂਸਪੋਰਟ ਕੰਪਨੀਆਂ ਨੇ ਉਸਾਰੀ ਸਮੱਗਰੀ ਦੀ 25 ਜਨਵਰੀ 2018 ਨੂੰ ਸਪਲਾਈ ਠੱਪ ਕਰ ਦਿੱਤੀ ਸੀ ਜਿਸ ਕਰਕੇ ਰਿਫ਼ਾਈਨਰੀ ਤੋਂ ਉਤਪਾਦਨ ਠੱਪ ਹੋਣ ਦੇ ਹਾਲਾਤ ਬਣ ਗਏ ਸਨ।

ਵੇਰਵਿਆਂ ਅਨੁਸਾਰ ਹਾਕਮ ਧਿਰ ਦੇ ਤੱਤਕਾਲੀ ਵੱਡੇ ਆਗੂਆਂ ’ਚ ‘ਗੁੰਡਾ ਟੈਕਸ’ ਦੀ ਵੰਡ-ਵੰਡਾਈ ਤੋਂ ਰੌਲਾ ਪੈ ਗਿਆ ਸੀ। ਆਗੂ ਅੰਦਰੋ-ਅੰਦਰੀ ਇੱਕ ਦੂਜੇ ’ਤੇ ਚਿੱਕੜ ਸੁੱਟਣ ਲੱਗੇ ਸਨ। ਟਰਾਂਸਪੋਰਟਰ ਇਸ ਗੱਲੋਂ ਤੰਗ ਸਨ ਕਿ ਉਨ੍ਹਾਂ ਤੋਂ ਜਬਰੀ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ। ਕਈ ਕੰਪਨੀ ਮਾਲਕਾਂ ਨੇ ਸ਼ਰੇਆਮ ਇਨਕਾਰ ਕਰ ਦਿੱਤਾ ਸੀ ਅਤੇ ਬਾਕਾਇਦਾ ਮੁੱਖ ਮੰਤਰੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਵੀ ਕੀਤੀ ਸੀ। ਤਤਕਾਲੀਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ’ਤੇ ਵੀ ਉਦੋਂ ਉਂਗਲ ਉੱਠੀ ਸੀ। ਪਤਾ ਲੱਗਾ ਹੈ ਕਿ ਕੁਝ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਉਸ ਵੇਲੇ ‘ਗੁੰਡਾ ਟੈਕਸ’ ਦੀ ਵਸੂਲੀ ਵਾਲੇ ਸਿਆਸੀ ਆਗੂਆਂ ਦਾ ਪਤਾ ਲਗਾਉਣ ਲਈ ਵਿਜੀਲੈਂਸ ਨੂੰ ਪੜਤਾਲ ਵਾਸਤੇ ਹਰੀ ਝੰਡੀ ਦਿੱਤੀ ਸੀ। ਸੂਤਰਾਂ ਮੁਤਾਬਕ ਵਿਜੀਲੈਂਸ ਪੜਤਾਲ ਕਿਸੇ ਤਣ-ਪੱਤਣ ਲੱਗੀ ਤਾਂ ਕਈ ਸਿਆਸੀ ਆਗੂ ਲਪੇਟੇ ਵਿਚ ਆ ਸਕਦੇ ਹਨ। ਵਿਜੀਲੈਂਸ ਨੇ ਕਈ ਟਰਾਂਸਪੋਰਟ ਕੰਪਨੀਆਂ ਅਤੇ ਮਿਕਸਰ ਪਲਾਂਟਾਂ ਦੇ ਪ੍ਰਬੰਧਕਾਂ ਨੂੰ ਤਲਬ ਵੀ ਕੀਤਾ ਹੈ। ਸੂਤਰ ਦੱਸਦੇ ਹਨ ਕਿ ਕਈ ਕੰਪਨੀਆਂ ਨੂੰ ਚਲਾਉਣ ਵਾਲੇ ਸਿਆਸੀ ਆਗੂ ਜਾਂ ਉਨ੍ਹਾਂ ਦੇ ਰਿਸ਼ਤੇਦਾਰ ਹੀ ਹਨ ਜੋ ਗੁੰਡਾ ਟੈਕਸ ਤੋਂ ਇਨਕਾਰ ਵੀ ਕਰ ਰਹੇ ਹਨ।

ਵਿਜੀਲੈਂਸ ਨੇ ਜਿਸ ਸਿਆਸੀ ਆਗੂ ਦੀ ਆਮਦਨ ਦੇ ਸਰੋਤਾਂ ਤੋਂ ਵੱਧ ਜਾਇਦਾਦ ਮਾਮਲੇ ਦੀ ਪੜਤਾਲ ਪਹਿਲਾਂ ਹੀ ਸ਼ੁਰੂ ਕੀਤੀ ਹੋਈ ਹੈ, ਉਸ ਦੀ ਵੀ ‘ਗੁੰਡਾ ਟੈਕਸ’ ਵਿਚ ਭੂਮਿਕਾ ਪੜਤਾਲੀ ਜਾ ਰਹੀ ਹੈ। ਇਸੇ ਤਰ੍ਹਾਂ ਤਲਵੰਡੀ ਸਾਬੋ ਹਲਕੇ ਦੇ ਕਾਂਗਰਸੀ ਆਗੂ ਵੀ ਗੁੰਡਾ ਟੈਕਸ ਨੂੰ ਲੈ ਕੇ ਸ਼ੱਕ ਦੇ ਘੇਰੇ ਵਿਚ ਹਨ। ਕਈ ਕੰਪਨੀਆਂ ਦੇ ਪ੍ਰਬੰਧਕਾਂ ਨੇ ‘ਆਫ਼ ਰਿਕਾਰਡ’ ਗੁੰਡਾ ਟੈਕਸ ਦੇ ਸਾਰੇ ਭੇਤ ਖੋਲ੍ਹ ਦਿੱਤੇ ਹਨ। ਚੇਤੇ ਰਹੇ ਕਿ ਏਮਜ਼ ਦੀ ਉਸਾਰੀ ’ਚ ਆਏ ਉਸਾਰੀ ਸਮੱਗਰੀ ’ਚ ਵੀ ਗੁੰਡਾ ਟੈਕਸ ਦੀ ਵਸੂਲੀ ਦੀ ਚਰਚਾ ਛਿੜੀ ਸੀ। ਇਸੇ ਤਰ੍ਹਾਂ ਪਸ਼ੂ ਮੇਲਿਆਂ ਦੇ ਪਸ਼ੂਆਂ ’ਤੇ ਵੀ ਗੁੰਡਾ ਪਰਚੀ ਵਸੂਲ ਕੀਤੀ ਜਾਂਦੀ ਰਹੀ ਹੈ। ਗੁੰਡਾ ਟੈਕਸ ਦਾ ਸਭ ਤੋਂ ਵੱਡਾ ਰਗੜਾ ਟਰਾਂਸਪੋਰਟਰਾਂ ਨੂੰ ਲੱਗਿਆ ਹੈ। ਵਿਜੀਲੈਂਸ ਦੇ ਇੱਕ ਸੀਨੀਅਰ ਅਧਿਕਾਰੀ ਨੇ ਪੁਸ਼ਟੀ ਕੀਤੀ ਕਿ ਗੁੰਡਾ ਟੈਕਸ ਦੀ ਪੜਤਾਲ ਚੱਲ ਰਹੀ ਹੈ ਅਤੇ ਇਸ ਪੜਤਾਲ ਵਿਚ ਸਿਆਸੀ ਆਗੂਆਂ ਦੀ ਭੂਮਿਕਾ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ।

ਨੀਲਿਮਾ ਦੇ ਜਾਂਚ ’ਚ ਸ਼ਾਮਲ ਹੋਣ ਦੇ ਚਰਚੇ

ਮੁਹਾਲੀ ਪਲਾਟ ਘਪਲੇ ਦੀ ਵਿਜੀਲੈਂਸ ਪੜਤਾਲ ਵਿਚ ਆਈਏਐੱਸ ਅਧਿਕਾਰੀ ਨੀਲਿਮਾ ਜਲਦ ਸ਼ਾਮਲ ਹੋ ਸਕਦੇ ਹਨ। ਚਰਚੇ ਹਨ ਕਿ ਆਈਏਐੱਸ ਅਧਿਕਾਰੀ ਨੂੰ ਇਸ ਮੌਕੇ ਗ੍ਰਿਫ਼ਤਾਰ ਨਹੀਂ ਕੀਤਾ ਜਾਵੇਗਾ। ਵਿਜੀਲੈਂਸ ਦੇ ਉੱਚ ਅਧਿਕਾਰੀ ਇਸ ਤਰ੍ਹਾਂ ਦੀ ਕਿਸੇ ਵੀ ਕਾਰਵਾਈ ਤੋਂ ਇਨਕਾਰ ਕਰ ਰਹੇ ਹਨ।