ਬਠਿੰਡਾ ਦੇ ਪਿੰਡ ਸਿਧਾਣਾ ’ਚ ਨਸ਼ਾ ਤਸਕਰਾਂ ਵੱਲੋਂ ਨੌਜਵਾਨ ਦਾ ਕਤਲ

ਬਠਿੰਡਾ ਦੇ ਪਿੰਡ ਸਿਧਾਣਾ ’ਚ ਨਸ਼ਾ ਤਸਕਰਾਂ ਵੱਲੋਂ ਨੌਜਵਾਨ ਦਾ ਕਤਲ

ਬਠਿੰਡਾ- ਬਠਿੰਡਾ ਦੇ ਰਾਮਪੁਰਾ ਬਲਾਕ ਵਿੱਚ ਪਿੰਡ ਸਿਧਾਣਾ ਵਿੱਚ ਬੀਤੀ ਰਾਤ ਨਸ਼ਾ ਤਸਕਰਾਂ ਨੇ ਨਸ਼ਾ ਵਿਰੋਧੀ ਟੀਮ ਦੇ ਮੈਂਬਰ ਜਸਵੀਰ ਸਿੰਘ ਦਾ ਕਤਲ ਕਰ ਦਿੱਤਾ। ਜਾਣਕਾਰੀ ਅਨੁਸਾਰ ਪਿੰਡ ਦੇ ਨੌਜਵਾਨਾਂ ਨੇ ਪਿੰਡ ਵਿੱਚ ਚਿੱਟੇ ਦੇ ਤਸਕਰਾਂ ਨੂੰ ਰੋਕਣ ਲਈ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਰਾਤ ਸਮੇਂ ਪਿੰਡ ਵਿੱਚ ਦਾਖਲ ਹੋਏ ਦੋ ਮੋਟਰਸਾਈਕਲ ਸਵਾਰਾਂ ਨੂੰ ਨਾਕਬੰਦੀ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਤਸਕਰਾਂ ਨੇ ਤੇਜ਼ ਹਥਿਆਰ ਨਾਲ ਜਸਵੀਰ ਸਿੰਘ (45) ਦਾ ਕਤਲ ਕਰ ਦਿੱਤਾ। ਪਿੰਡ ਵਾਸੀਆਂ ਮੁਤਾਬਕ ਸਥਾਨਕ ਪੁਲੀਸ ਨੇ ਨਸ਼ਾ ਤਸਕਰਾਂ ਦੇ ਇੱਕ ਸਾਥੀ ਨੂੰ ਗ੍ਰਿਫਤਾਰ ਕੀਤਾ ਹੈ। ਹਲਕਾ ਵਿਧਾਇਕ ਬਲਕਾਰ ਸਿੰਘ ਸਿੱਧੂ ਨੇ ਮੌਕੇ ’ਤੇ ਪੁੱਜ ਕੇ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ। ਪੁਲੀਸ ਵੱਲੋਂ ਜਸਵੀਰ ਸਿੰਘ ਦੇ ਭਰਾ ਜਗਸੀਰ ਦੇ ਬਿਆਨਾਂ ’ਤੇ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ।