ਬਠਿੰਡਾ ਦਿਹਾਤੀ ਦੇ ਵਿਧਾਇਕ ਨੂੰ ਬਚਾਅ ਰਹੀ ਹੈ ‘ਆਪ’ ਸਰਕਾਰ: ਸੁਖਬੀਰ ਬਾਦਲ

ਬਠਿੰਡਾ ਦਿਹਾਤੀ ਦੇ ਵਿਧਾਇਕ ਨੂੰ ਬਚਾਅ ਰਹੀ ਹੈ ‘ਆਪ’ ਸਰਕਾਰ: ਸੁਖਬੀਰ ਬਾਦਲ

ਅਮਿਤ ਰਤਨ ਨੂੰ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਜਾਂਚ ਮੰਗੀ
ਆਦਮਪੁਰ ਦੋਆਬਾ-ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਆਖਿਆ ਕਿ ਉਹ ਪੰਜਾਬੀਆਂ ਨੂੰ ਜਵਾਬ ਦੇਣ ਕਿ ਕੀ ਉਹ ਬਠਿੰਡਾ ਦਿਹਾਤੀ ਤੋਂ ਪਾਰਟੀ ਦੇ ਵਿਧਾਇਕ ਅਮਿਤ ਰਤਨ ਦਾ ਬਚਾਅ ਇਸ ਲਈ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਵੀ ਰਤਨ ਦੇ ਦੋ ਨੰਬਰ ਦੇ ਪੈਸੇ ਵਿਚੋਂ ਹਿੱਸਾ ਮਿਲਿਆ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ‘ਆਪ’ ਸਰਕਾਰ ਬਠਿੰਡਾ ਤੋਂ ਕਥਿਤ ਭ੍ਰਿਸ਼ਟ ਵਿਧਾਇਕ ਨੂੰ ਪਿੰਡ ਘੁੱਦਾ ਦੇ ਸਰਪੰਚ ਤੋਂ ਰਿਸ਼ਵਤ ਲੈਂਦਿਆਂ ਫੜੇ ਜਾਣ ਤੋਂ ਬਾਅਦ ਤੁਰੰਤ ਉਸ ਦੇ ਬਚਾਅ ਵਿਚ ਨਿੱਤਰ ਵਿਚ ਆਈ। ਉਨ੍ਹਾਂ ਕਿਹਾ ਕਿ ਵਿਧਾਇਕ ਦੇ ਬਠਿੰਡਾ ਸਰਕਟ ਹਾਊਸ ’ਚ ਮੌਜੂਦ ਹੋਣ ਵੇਲੇ ਵੀਡੀਓ ਬਣਾਈ ਗਈ ਜਦੋਂ ਉਸ ਨੂੰ ਰਿਸ਼ਵਤ ਦਾ ਪੈਸਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਨ੍ਹਾਂ ਸਾਰੇ ਸਬੂਤਾਂ ਦੇ ਬਾਵਜੂਦ ਅਮਿਤ ਰਤਨ ਦਾ ਬਚਾਅ ਕਰ ਕੇ ਸਾਰਾ ਦੋਸ਼ ਉਸ ਦੇ ਪੀਏ ਸਿਰ ਪਾਉਣ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਹੁਣ ਉਸ ਨੂੰ ਵੀ ਪ੍ਰਾਈਵੇਟ ਵਿਅਕਤੀ ਕਰਾਰ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਮਿਤ ਰਤਨ ਦੀਆਂ ਭ੍ਰਿਸ਼ਟ ਗਤੀਵਿਧੀਆਂ ਉਦੋਂ ਹੀ ਜੱਗ ਜ਼ਾਹਰ ਹੋ ਗਈਆਂ ਸਨ ਜਦੋਂ ਉਹ ਅਕਾਲੀ ਦਲ ਦਾ ਮੈਂਬਰ ਸੀ। ਇਸੇ ਕਾਰਨ ਉਸ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਮੰਗ ਕੀਤੀ ‘ਆਪ’ ਵਿਧਾਇਕ ਨੂੰ ਤੁਰੰਤ ਗ੍ਰਿਫ਼ਤਾਰ ਕਰਕੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ। ਆਦਮਪੁਰ ਹਲਕੇ ਦੇ ਦੌਰੇ ਵੇਲੇ ਅੱਜ ਸ੍ਰੀ ਬਾਦਲ ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਤੇ ਸੰਤ ਬਾਬਾ ਨਿਰੰਜਣ ਦਾਸ ਜੀ ਤੋਂ ਆਸ਼ੀਰਵਾਦ ਲਿਆ।