ਬਠਿੰਡਾ ਤੋਂ ਬਹਿਬਲ ਕਲਾਂ ਤੱਕ ਕੇਸਰੀ ਮਾਰਚ

ਬਠਿੰਡਾ ਤੋਂ ਬਹਿਬਲ ਕਲਾਂ ਤੱਕ ਕੇਸਰੀ ਮਾਰਚ

ਬਠਿੰਡਾ-ਯੂਨਾਈਟਿਡ ਅਕਾਲੀ ਦਲ ਵੱਲੋਂ ਪੰਜਾਬ ਭਰ ਵਿਚ ਕੀਤੇ ਜਾ ਰਹੇ ਕੇਸਰੀ ਮਾਰਚ ਦੀ ਲੜੀ ਤਹਿਤ ਅੱਜ ਬਠਿੰਡਾ ਤੋਂ ਚੌਥਾ ਮਾਰਚ ਬਹਿਬਲ ਕਲਾਂ ਤੱਕ ਕਾਰਾ ਦੇ ਕਾਫ਼ਲੇ ਨਾਲ ਗੁਰਦੀਪ ਸਿੰਘ ਬਠਿੰਡਾ ਦੀ ਪ੍ਰਧਾਨਗੀ ਹੇਠ ਕਿਲ੍ਹਾ ਮੁਬਾਰਕ ਤੋਂ ਆਰੰਭ ਕੀਤਾ ਗਿਆ। ਇਸ ਮੌਕੇ ਗੁਰਦੀਪ ਸਿੰਘ ਬਠਿੰਡਾ ਨੇ ਕਿਹਾ ਕੇ ਪੰਜਾਬ ਦਾ ਮੁੱਖ ਮੰਤਰੀ ਅਤੇ ਦੇਸ਼ ਦੇ ਪ੍ਰਧਾਨ ਮੰਤਰੀ ਦੋਵੇਂ ਹੀ ਪੰਥ ਅਤੇ ਪੰਜਾਬ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਸੰਘਰਸ਼ ਬੇਇਨਸਾਫ਼ੀ ਖ਼ਿਲਾਫ਼ ਹੈ, ਜੋ ਨਿਰੰਤਰ ਜਾਰੀ ਰਹੇਗਾ। ਗੁਰਦੀਪ ਸਿੰਘ ਨੇ ਕਾਨੂੰਨੀ ਸਜ਼ਾਵਾਂ ਪੂਰੀਆ ਕਰ ਚੁੱਕੇ ਬੰਦੀ ਸਿੰਘਾਂ ਦੀਆਂ ਰਿਹਾਈਆਂ ਕਰਨ ਤੋਂ ਇਲਾਵਾ ਸ਼ਾਂਤਮਈ ਸੰਘਰਸ਼ ਕਰ ਰਹੇ ਜਥੇਦਾਰ ਸੂਰਤ ਸਿੰਘ ਖਾਲਸਾ ਨੂੰ ਗੈਰਕਾਨੂੰਨੀ ਨਜ਼ਰਬੰਦ ਕਰਨ, ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਦੋਸ਼ੀਆ ਉਪਰ ਯੂਏਪੀਏ ਲਾਉਣਾ ਅਤੇ ਇਨਸਾਫ ਦੇਣ ਦੀ ਬਜਾਏ ਸਮੇਂ ਸਮੇਂ ਦੀਆਂ ਸਰਕਾਰਾਂ ਵੱਲੋਂ ਸਿੱਟ ਤੇ ਸਿੱਟ ਬਣਾ ਕੇ ਸਿੱਖ ਦੀਆਂ ਭਾਵਨਾਵਾਂ ਦਾ ਖਿਲਵਾੜ ਕਰਨਾ ਮੰਦਭਾਗੀ ਗੱਲ ਹੈ। ਉਨ੍ਹਾਂ ਸਪੈਸ਼ਲ ਕੋਰਟ ਸਥਾਪਤ ਕਰਨ ਦੀ ਵੀ ਮੰਗ ਕੀਤੀ। ਮਾਰਚ ਵਿਚ ਸਹਿਯੋਗੀ ਜਥੇਬੰਦੀਆਂ ਦੇ ਆਗੂ ਲੋਕ ਅਧਿਕਾਰ ਲਹਿਰ ਦੇ ਬਲਵਿੰਦਰ ਸਿੰਘ ਫਿਰੋਜ਼ਪੁਰ ਅਤੇ ਰੁਪਿੰਦਰ ਸਿੰਘ ਤਲਵੰਡੀ, ਭਾਰਤੀ ਵਪਾਰ ਅਤੇ ਉਦਯੋਗ ਮਹਾਂਸੰਘ ਦੇ ਪ੍ਰਧਾਨ ਤਰੁਨ ਜੈਨ, ਕਿਰਤੀ ਅਕਾਲੀ ਦਲ ਦੇ ਆਗੂ ਬੂਟਾ ਸਿੰਘ ਰਣਸੀਹ, ਸੁਤੰਤਰ ਅਕਾਲੀ ਦਲ ਦੇ ਪ੍ਰਧਾਨ ਭਾਈ ਪਰਮਜੀਤ ਸਿੰਘ ਸਹੌਲੀ ਅਤੇ ਏਕ ਨੂਰ ਖਾਲਸਾ ਫੌਜ ਦੇ ਮੁਖੀ ਭਾਈ ਬਲਜੀਤ ਸਿੰਘ ਗੰਗਾ ਵੀ ਸ਼ਾਮਲ ਸਨ।