ਬਠਿੰਡਾ ਛਾਉਣੀ ਵਿੱਚ ਚਾਰ ਫੌਜੀਆਂ ਦੀ ਹੱਤਿਆ ਲਈ ਸਾਥੀ ਜਵਾਨ ਗ੍ਰਿਫ਼ਤਾਰ

ਬਠਿੰਡਾ ਛਾਉਣੀ ਵਿੱਚ ਚਾਰ ਫੌਜੀਆਂ ਦੀ ਹੱਤਿਆ ਲਈ ਸਾਥੀ ਜਵਾਨ ਗ੍ਰਿਫ਼ਤਾਰ

ਚੋਰੀ ਕੀਤੇ ਹਥਿਆਰਾਂ ਤੇ ਰੌਂਦਾਂ ਨਾਲ ਦਿੱਤਾ ਵਾਰਦਾਤ ਨੂੰ ਅੰਜਾਮ
ਬਠਿੰਡਾ/ਨਵੀਂ ਦਿੱਲੀ-ਬਠਿੰਡਾ ਛਾਉਣੀ ਵਿੱਚ 12 ਅਪਰੈਲ ਨੂੰ ਭਾਰਤੀ ਫੌਜ ਦੇ ਚਾਰ ਜਵਾਨਾਂ ਦੀ ਹੱਤਿਆ ਦਾ ਮਾਮਲਾ ਪੁਲੀਸ ਨੇ ਸੁਲਝਾ ਲਿਆ ਹੈ। ਇਸ ਅੰਨ੍ਹੇ ਕਤਲ ਕਾਂਡ ਵਿਚ ਫ਼ੌਜੀ ਜਵਾਨਾਂ ਦੀ ਹੱਤਿਆ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਉਨ੍ਹਾਂ ਦਾ ਸਾਥੀ ਗੰਨਰ ਹੀ ਨਿਕਲਿਆ। ਮੁਲਜ਼ਮ ਦੀ ਪਛਾਣ ਗੰਨਰ ਦੇਸਾਈ ਮੋਹਨ ਵਜੋਂ ਹੋਈ ਹੈ। ਪੰਜਾਬ ਪੁਲੀਸ ਤੇ ਥਲ ਸੈਨਾ ਦੀ ਸਾਂਝੀ ਜਾਂਚ ਮਗਰੋਂ ਦੇਸਾਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲੀਸ ਨੇ ਦਾਅਵਾ ਕੀਤਾ ਕਿ ਹੱਤਿਆ ਦਾ ਕਾਰਨ ‘ਨਿੱਜੀ’ ਸੀ ਤੇ ਇਹ ‘ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ’ ਕਰਨ ਦਾ ਨਤੀਜਾ ਸੀ। ਬਠਿੰਡਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਕਿਹਾ ਕਿ ਮੋਹਨ ਦੀ ਇਨ੍ਹਾਂ ਜਵਾਨਾਂ ਨਾਲ ਨਿੱਜੀ ਰੰਜਿਸ਼ ਸੀ। ਚੇਤੇ ਰਹੇ ਕਿ ਦੇਸਾਈ, ਜੋ ਇਕੋ ਇਕ ਚਸ਼ਮਦੀਦ ਸੀ, ਨੇ ਸ਼ੁਰੂਆਤ ਵਿੱਚ ਦਾਅਵਾ ਕੀਤਾ ਸੀ ਕਿ ਉਸ ਨੇ ਮੌਕੇ ’ਤੇ ਦੋ ਹੱਤਿਆਰਿਆਂ ਨੂੰ ਵੇਖਿਆ ਸੀ, ਜਿਨ੍ਹਾਂ ਚਿੱਟੇ ਕੁੜਤੇ ਪਜਾਮੇ ਪਾਏ ਹੋਏ ਸੀ ਤੇ ਉਨ੍ਹਾਂ ਕੋਲ ਗੰਨ ਅਤੇ ਕੁਹਾੜੀ ਸੀ।
ਗੋਲੀਬਾਰੀ ਦੌਰਾਨ ਆਰਟਿਲਰੀ ਦੀ 80 ਮੀਡੀਅਮ ਰੈਜੀਮੈਂਟ ਦੇ ਗੰਨਰ ਸਾਗਰ ਬੰਨੇ, ਗੰਨਰ ਯੋਗੇਸ਼ ਕੁਮਾਰ, ਨਾਗ਼ਾ ਗੰਨਰ ਸਰੇਸ਼ ਅਤੇ ਗੰਨਰ ਕਮਲੇਸ਼ ਦੀ ਮੌਤ ਹੋ ਗਈ ਸੀ। ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਅਤੇ ਫ਼ੌਜੀ ਅਫ਼ਸਰ ਮੇਜਰ ਆਸ਼ੂਤੋਸ਼ ਸ਼ੁਕਲਾ ਨੇ ਅੱਜ ਪ੍ਰੈੱਸ ਕਾਨਫਰੰਸ ਕਰ ਕੇ ਇਸ ਹੱਤਿਆ ਕਾਂਡ ਤੋਂ ਪਰਦਾ ਚੁੱਕਿਆ ਹੈ। ਅਧਿਕਾਰੀਆਂ ਨੇ ਦੱਸਿਆ ਇਸ ਹੱਤਿਆ ਮਾਮਲੇ ਵਿਚ ਦੇਸਾਈ ਮੋਹਨ ਨਾਂ ਦੇ ਗੰਨਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰੀਆਂ ਨੇ ਇਸ ਮਾਮਲੇ ਨੂੰ ਨਿੱਜੀ ਰੰਜਿਸ਼ ਦੱਸਦੇ ਹੋਏ ਕਿਹਾ ਕਿ ਗੰਨਰ ਦੋਸਾਈ ਮੋਹਨ ਕੋਲੋਂ ਹੱਤਿਆ ਕਾਂਡ ਵਿਚ ਵਰਤੀ ਗਈ ਇਨਸਾਸ ਰਾਈਫ਼ਲ ਸਮੇਤ ਮੈਗਜ਼ੀਨ 7 ਰੌਂਦ, ਰਾਈਫ਼ਲ ਲਪੇਟ ਕੇ ਲਿਆਉਣ ਲਈ ਵਰਤੇ ਗਏ ਕਾਲੇ ਰੰਗ ਦੇ ਕੱਪੜੇ ਅਤੇ ਇੱਕ ਪਲਾਸਟਿਕ ਦਾ ਗੱਟਾ ਬਰਾਮਦ ਕਰ ਲਿਆ ਹੈ। ਪੁਲੀਸ ਨੇ ਇਸ ਮਾਮਲੇ ਵਿਚ ਐੱਸਪੀਡੀ ਅਜੈ ਗਾਂਧੀ ਦੀ ਅਗਵਾਈ ਹੇਠ ਵਿਸ਼ੇਸ਼ ਟੀਮ ਗਠਿਤ ਕੀਤੀ ਸੀ। ਟੀਮ ਵੱਲੋਂ ਫ਼ੌਜ ਨਾਲ ਸਾਂਝੇ ਆਪ੍ਰੇਸ਼ਨ ਰਾਹੀਂ ਤਫ਼ਤੀਸ਼ ਕਰਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਬਾਹਰੋਂ ਕੋਈ ਸਰਗਰਮੀ ਸਾਹਮਣੇ ਨਹੀਂ ਆਈ। ਪੁਲੀਸ ਨੇ ਦੱਸਿਆ ਕਿ ਇਸ ਮਾਮਲੇ ਵਿਚ ਸ਼ੱਕ ਦੇ ਆਧਾਰ ’ਤੇ 10 ਸ਼ੱਕੀ ਵਿਅਕਤੀਆਂ ਦੀ ਪੁੱਛਗਿੱਛ ਕੀਤੀ ਤਾਂ ਗੰਨਰ ਦੇਸਾਈ ਮੋਹਨ ਵੱਲੋਂ ਪੁੱਛਗਿੱਛ ਦੌਰਾਨ ਉਸ ਵੱਲੋਂ ਪਹਿਲਾ ਦਿੱਤੇ ਬਿਆਨ ਅਤੇ ਮੁੜ ਦਿੱਤੇ ਬਿਆਨਾਂ ਵਿਚ ਫ਼ਰਕ ਪਾਇਆ ਗਿਆ। ਪੁਲੀਸ ਨੇ ਗੰਨਰ ਦੇਸਾਈ ਮੋਹਨ ਨੂੰ ਇਸ ਮਾਮਲੇ ਵਿਚ ਨਾਮਜ਼ਦ ਕਰਦੇ ਹੋਏ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਨੇ ਦੱਸਿਆ ਕਿ ਦੋਸ਼ੀ ਗੰਨਰ ਨੇ ਪੁਲੀਸ ਵੱਲੋਂ ਸਖ਼ਤੀ ਨਾਲ ਕੀਤੀ ਗਈ ਪੁੱਛ-ਪੜਤਾਲ ਦੌਰਾਨ ਮੰਨਿਆ ਕਿ ਕੁਝ ਦਿਨ ਪਹਿਲਾਂ ਬੈਰਕ ਦੇ ਨੇੜੇ ਸੰਤਰੀ ਪੋਸਟ ਤੋਂ ਡਿਊਟੀ ’ਤੇ ਤਾਇਨਾਤ ਸੰਤਰੀ ਦੇ ਐਲ.ਐਮ.ਜੀ ਰਾਈਫ਼ਲ ਦੇ 8 ਕਾਰਤੂਸ ਚੋਰੀ ਕੀਤੇ ਅਤੇ ਅਗਲੇ ਦਿਨ ਸਵੇਰੇ ਉਸੇ ਪੋਸਟ ਤੋਂ ਇੱਕ ਇਨਸਾਸ ਰਾਈਫ਼ਲ ਸਮੇਤ ਮੈਗਜ਼ੀਨ ਅਤੇ ਇੱਕ ਹੋਰ ਮੈਗਜ਼ੀਨ ਜਿਸ ਵਿਚ 20 ਕਾਰਤੂਸ ਸਨ, ਚੋਰੀ ਕਰ ਲਏ। ਮਗਰੋਂ ਇਸੇ ਰਾਈਫ਼ਲ ਨਾਲ ਘਟਨਾ ਨੂੰ ਅੰਜਾਮ ਦਿੱਤਾ। ਗੰਨਰ ਨੇ ਇਸ ਹੱਤਿਆ ਕਾਂਡ ਨੂੰ ਨਿੱਜੀ ਰੰਜਿਸ਼ ਦੱਸਿਆ। ਗੌਰਤਲਬ ਹੈ ਕਿ ਇਸ ਮਾਮਲੇ ਵਿਚ ਥਾਣਾ ਕੈਂਟ ਵਿੱਚ ਮੇਜਰ ਆਸ਼ੂਤੋਸ਼ ਸ਼ੁਕਲਾ ਦੇ ਬਿਆਨਾਂ ’ਤੇ ਆਈਪੀਸੀ ਦੀ ਧਾਰਾ 302 ਤੇ ਆਰਮਜ਼ ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਸੀ।

ਥਲ ਸੈਨਾ ਵੱਲੋਂ ਵਿੱਢੀ ਕੋਰਟ ਆਫ ਇਨਕੁਆਇਰੀ ਜਾਰੀ ਰਹੇਗੀ

ਥਲ ਸੈਨਾ ਵੱਲੋਂ ਇਸ ਪੂਰੇ ਮਾਮਲੇ ਦੀ ਕੋਰਟ ਆਫ਼ ਇਨਕੁਆਇਰੀ (ਸੀਓਆਈ) ਜਾਰੀ ਰਹੇਗੀ। ਇਹ ਇਨਕੁਆਇਰੀ ਉਸ ਜਾਂਚ ਤੋਂ ਵੱਖਰੀ ਹੋਵੇਗੀ, ਜਿਸ ਨਾਲ ਦੇਸਾਈ ਦੀ ਗ੍ਰਿਫ਼ਤਾਰੀ ਸੰਭਵ ਹੋਈ। ਸੀਓਆਈ ਤਫ਼ਤੀਸ਼ ਕਰੇਗੀ ਕਿ ਕੀ ਦੇਸਾਈ ਨੇ ਸਰੀਰਕ ਸੋਸ਼ਣ ਸਬੰਧੀ ਆਪਣੀ ਤਕਲੀਫ਼ ਕਿਸੇ ਨਾਲ ਸਾਂਝੀ ਕੀਤੀ ਸੀ ਤੇ ਇਸ ਉੱਤੇ ਕੀ ਕਾਰਵਾਈ ਕੀਤੀ ਗਈ? ਸੂਤਰਾਂ ਨੇ ਕਿਹਾ ਕਿ ਕੋਰਟ ਆਫ ਇਨਕੁਆਇਰੀ ਇਹ ਵੀ ਪਤਾ ਲਾਏਗੀ ਕਿ ਕਿਸੇ ਪੜਾਅ ’ਤੇ ਹੁਕਮ ਅਦੂਲੀ ਤਾਂ ਨਹੀਂ ਹੋਈ। ਦੇਸਾਈ ਨੇ ਭਾਵੇਂ ਮੰਨਿਆ ਉਸ ਨੇ ਇਨਸਾਸ ਸਵੈਚਾਲਿਤ ਰਾਈਫਲ ਚੋਰੀ ਕੀਤੀ, ਕੋਰਟ ਆਫ ਇਨਕੁਆਇਰੀ ਵੱਖ ਵੱਖ ਪੜਾਵਾਂ ’ਤੇ ਰਹੀਆਂ ਖਾਮੀਆਂ ਦੀ ਜਾਂਚ ਕਰੇਗੀ ਤੇ ਹਥਿਆਰ ਚੋਰੀ ਕਰਨ ਦੀ ਵਜ੍ਹਾ ਕੀ ਸੀ? ਕੀ ਕਿਤੇ ਡਿਊਟੀ ’ਚ ਕੁਤਾਹੀ ਤਾਂ ਨਹੀਂ ਹੋਈ। ਥਲ ਸੈਨਾ ਐਕਟ ਤਹਿਤ ਇਹ ਸਾਰੇ ਗੰਭੀਰ ਦੋਸ਼ ਹਨ।