ਬਟਾਲਾ ’ਚ ਪੁਲਸ ਮੁਕਾਬਲੇ ਮਗਰੋਂ ਫੜੇ ਗਏ ਗੈਂਗਸਟਰ ਬਬਲੂ ਦੀ ਮਾਂ ਦਾ ਵੱਡਾ ਖ਼ੁਲਾਸਾ

ਅੰਮ੍ਰਿਤਸਰ : ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਬਟਾਲਾ ਦੇ ਪਿੰਡ ਕੋਟਲਾ ਭੋਜਾ ਵਿਖੇ ਤਕਰੀਬਨ 4 ਘੰਟਿਆਂ ਤੱਕ ਗੈਂਗਸਟਰ ਰਣਜੋਧ ਸਿੰਘ ਉਰਫ ਬਬਲੂ ਅਤੇ ਪੁਲਸ ਵਿਚਾਲੇ ਮੁਕਾਬਲਾ ਚੱਲਿਆ। ਇਸ ਦੌਰਾਨ ਪੁਲਸ ਨੇ ਰਣਜੋਧ ਬਬਲੂ ਅਤੇ ਉਸ ਦੇ ਦੋ ਸਾਥੀਆਂ ਨੂੰ ਜ਼ਿੰਦਾ ਗ੍ਰਿਫ਼ਤਾਰ ਕਰਨ ’ਚ ਸਫ਼ਲਤਾ ਹਾਸਲ ਕੀਤੀ। ਗੈਂਗਸਟਰ ਬਬਲੂ ਅੰਮ੍ਰਿਤਸਰ ਦੇ ਪਿੰਡ ਉਦੋਨੰਗਲ ਦਾ ਰਹਿਣ ਵਾਲਾ ਹੈ। ਇਸ ਦਰਮਿਆਨ ਗੈਂਗਸਟਰ ਬਬਲੂ ਦੀ ਮਾਂ ਗੁਰਮੀਤ ਕੌਰ ਸਾਹਮਣੇ ਆਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਣਜੋਧ ਸਿੰਘ ਬਬਲੂ ਦੀ ਮਾਂ ਨੇ ਕਿਹਾ ਕਿ ਉਹ ਇਸ ਪਿੰਡ ’ਚੋਂ ਆਪਣੇ ਪਰਿਵਾਰ ਨਾਲ ਬਹੁਤ ਸਾਲ ਪਹਿਲਾਂ ਹੀ ਬਟਾਲੇ ਚਲਾ ਗਿਆ ਸੀ ਅਤੇ ਸਾਨੂੰ ਉਸ ਬਾਰੇ ਕੁਝ ਨਹੀਂ ਪਤਾ ।
ਉਨ੍ਹਾਂ ਕਿਹਾ ਕਿ ਰਣਜੋਧ ਸਿੰਘ ਬਬਲੂ ਨੇ ਜੇ ਕੁਝ ਮਾੜਾ ਕੀਤਾ ਹੈ ਤਾਂ ਪੁਲਸ ਉਸ ਨੂੰ ਫੜਨ ਪਹੁੰਚੀ। ਉਨ੍ਹਾਂ ਕਿਹਾ ਕਿ ਪੁਲਸ ਨੂੰ ਬਬਲੂ ਉੱਤੇ ਕਾਨੂੰਨੀ ਕਾਰਵਾਈ ਹੀ ਕਰਨੀ ਚਾਹੀਦੀ ਹੈ ਅਤੇ ਪੁਲਸ ਵੀ ਬਬਲੂ ਦੇ ਨਾਲ ਕਿਸੇ ਤਰੀਕੇ ਦੀ ਕੋਈ ਧੱਕੇਸ਼ਾਹੀ ਨਾ ਕਰੇ। ਇਸ ਦੇ ਨਾਲ ਹੀ ਬਬਲੂ ਦੀ ਮਾਤਾ ਨੇ ਕਿਹਾ ਕਿ ਜਦੋਂ ਉਹ ਗ਼ਲਤ ਕੰਮਾਂ ’ਚ ਸੀ ਤਾਂ ਪੁਲਸ ਵੱਲੋਂ ਪਰਿਵਾਰ ਨੂੰ ਬਹੁਤ ਜ਼ਿਆਦਾ ਤੰਗ-ਪਰੇਸ਼ਾਨ ਕੀਤਾ ਜਾਂਦਾ ਸੀ, ਜਿਸ ਕਰਕੇ ਸਾਡੇ ਵੱਲੋਂ ਬਬਲੂ ਨੂੰ ਘਰੋਂ ਬੇਦਖ਼ਲ ਕਰ ਦਿੱਤਾ ਗਿਆ ਸੀ।
ਮਾਂ ਨੇ ਕਿਹਾ ਕਿ ਬਬਲੂ ਬਟਾਲੇ ’ਚ ਆਪਣੀ ਪਤਨੀ ਤੇ ਆਪਣੇ ਬੱਚਿਆਂ ਨਾਲ ਰਹਿੰਦਾ ਸੀ ਅਤੇ ਉਸ ਦਾ ਸਾਡੇ ਨਾਲ ਹੁਣ ਕੋਈ ਵੀ ਸਬੰਧ ਨਹੀਂ ਹੈ। ਜ਼ਿਕਰਯੋਗ ਹੈ ਕਿ ਕਈ ਅਪਰਾਧਿਕ ਮਾਮਲਿਆਂ ’ਚ ਰਣਜੋਧ ਬਬਲੂ ਦਾ ਨਾਂ ਸਾਹਮਣੇ ਆ ਰਿਹਾ ਸੀ, ਜਿਸ ਤੋਂ ਬਾਅਦ ਪੁਲਸ ਵੱਲੋਂ ਅੱਜ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਬਬਲੂ ਨੇ ਪੁਲਸ ’ਤੇ ਜਵਾਬੀ ਕਾਰਵਾਈ ਕਰਦਿਆਂ ਗੋਲ਼ੀਆਂ ਚਲਾਈਆਂ। ਜਿਸ ਤੋਂ ਬਾਅਦ ਬਟਾਲਾ ਅਤੇ ਗੁਰਦਾਸਪੁਰ ਪੁਲਸ ਵੱਲੋਂ ਬਬਲੂ ਅਤੇ ਉਸ ਦੇ ਦੋ ਸਾਥੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ, ਜਿਨ੍ਹਾਂ ’ਚੋਂ ਇਕ ਵਿਅਕਤੀ ਜ਼ਖ਼ਮੀ ਹੈ, ਜਿਸ ਦਾ ਹੁਣ ਇਲਾਜ ਚੱਲ ਰਿਹਾ ਹੈ।