ਬਜਟ ਸੈਸ਼ਨ: ਪੰਜਾਬ ਸਰਕਾਰ ਖੜਕਾਏਗੀ ਸੁਪਰੀਮ ਕੋਰਟ ਦਾ ਦਰਵਾਜ਼ਾ

ਬਜਟ ਸੈਸ਼ਨ: ਪੰਜਾਬ ਸਰਕਾਰ ਖੜਕਾਏਗੀ ਸੁਪਰੀਮ ਕੋਰਟ ਦਾ ਦਰਵਾਜ਼ਾ

ਮੁੱਖ ਮੰਤਰੀ ਵੱਲੋਂ ਰਾਜਪਾਲ ਦੇ ਫ਼ੈਸਲੇ ਨੂੰ ਅਦਾਲਤ ’ਚ ਚੁਣੌਤੀ ਦੇਣ ਨੂੰ ਪ੍ਰਵਾਨਗੀ
ਚੰਡੀਗੜ੍ਹ- ‘ਆਪ’ ਸਰਕਾਰ ਹੁਣ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅਗਾਮੀ ਬਜਟ ਸੈਸ਼ਨ ਬਾਰੇ ਫ਼ੌਰੀ ਫ਼ੈਸਲੇ ਤੋਂ ਕੀਤੇ ਇਨਕਾਰ ਖ਼ਿਲਾਫ਼ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਏਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਰਾਜਪਾਲ ਦੀ ਆਨਾਕਾਨੀ ਖ਼ਿਲਾਫ਼ ਅਦਾਲਤੀ ਲੜਾਈ ਲੜਨ ਦਾ ਫ਼ੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਮੁੱਖ ਮੰਤਰੀ ਦੀ ਪ੍ਰਵਾਨਗੀ ਮਗਰੋਂ ਪੰਜਾਬ ਸਰਕਾਰ ਨੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲਾਂ ਤੱਕ ਪਹੁੰਚ ਬਣਾਈ ਹੈ। ਦੋ ਦਿਨਾਂ ਤੋਂ ਪੰਜਾਬ ਦਾ ਐਡਵੋਕੇਟ ਜਨਰਲ ਦਾ ਦਫ਼ਤਰ ਵੀ ਇਸ ਬਾਰੇ ਕਾਨੂੰਨੀ ਵਿਚਾਰ-ਵਟਾਂਦਰੇ ਵਿਚ ਜੁਟਿਆ ਹੋਇਆ ਹੈ। ਸੋਮਵਾਰ ਨੂੰ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੇ ਜਾਣ ਦੀ ਸੰਭਾਵਨਾ ਹੈ। ਇਸ ਨਵੇਂ ਘਟਨਾਕ੍ਰਮ ਨਾਲ ਹੁਣ ਮੁੱਖ ਮੰਤਰੀ ਅਤੇ ਰਾਜਪਾਲ ਦਰਮਿਆਨ ਚੱਲ ਰਹੀ ਠੰਢੀ ਜੰਗ ਹੋਰ ਭਖਣ ਦੇ ਆਸਾਰ ਬਣ ਗਏ ਹਨ। ਸੁਪਰੀਮ ਕੋਰਟ ’ਚੋਂ ਰਾਹਤ ਮਿਲਣ ਦੀ ਸੂਰਤ ਵਿਚ ਐਤਕੀਂ ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਸੁਪਰੀਮ ਕੋਰਟ ਵਿਚ ਉਸ ਪੱਤਰ ਨੂੰ ਚੁਣੌਤੀ ਦਿੱਤੀ ਜਾਵੇਗੀ ਜੋ ਰਾਜਪਾਲ ਵੱਲੋਂ 23 ਫਰਵਰੀ ਨੂੰ ਮੁੱਖ ਮੰਤਰੀ ਨੂੰ ਲਿਖਿਆ ਗਿਆ ਸੀ। ਚੇਤੇ ਰਹੇ ਕਿ ਪੰਜਾਬ ਕੈਬਨਿਟ ਨੇ 21 ਫਰਵਰੀ ਨੂੰ ਮੀਟਿੰਗ ’ਚ ਬਜਟ ਸੈਸ਼ਨ 3 ਮਾਰਚ ਤੋਂ 24 ਮਾਰਚ ਤੱਕ ਸੱਦੇ ਜਾਣ ਦੀ ਸਿਫ਼ਾਰਸ਼ ਕੀਤੀ ਸੀ ਅਤੇ ਇਸ ਦੀ ਪ੍ਰਵਾਨਗੀ ਲਈ ਪੱਤਰ ਰਾਜਪਾਲ ਨੂੰ ਭੇਜਿਆ ਗਿਆ ਸੀ। ਦੂਸਰੇ ਪਾਸੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ 23 ਫਰਵਰੀ ਨੂੰ ਜਵਾਬੀ ਪੱਤਰ ਰਾਹੀਂ ਸਪੱਸ਼ਟ ਆਖ ਦਿੱਤਾ ਸੀ ਕਿ ਉਹ (ਰਾਜਪਾਲ) ਕਾਨੂੰਨੀ ਮਸ਼ਵਰੇ ਮਗਰੋਂ ਹੀ ਬਜਟ ਸੈਸ਼ਨ ਨੂੰ ਪ੍ਰਵਾਨਗੀ ਦੇਣ ਬਾਰੇ ਫ਼ੈਸਲਾ ਲੈਣਗੇ। ਰਾਜਪਾਲ ਨੇ ਸਰਕਾਰ ਤੋਂ ਪਹਿਲਾਂ 13 ਫਰਵਰੀ ਨੂੰ ਭੇਜੇ ਪੱਤਰ ਦਾ ਜਵਾਬ ਮੰਗਿਆ ਹੈ। ਰਾਜਪਾਲ ਨੇ 13 ਫਰਵਰੀ ਦੇ ਪੱਤਰ ’ਚ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਦੀ ਚੋਣ ਅਤੇ ਖ਼ਰਚੇ ਦੇ ਵੇਰਵਿਆਂ ਸਮੇਤ ਪੰਜ ਨੁਕਤਿਆਂ ’ਤੇ ਜਵਾਬ ਮੰਗਿਆ ਸੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦੇ ਜਵਾਬ ਵਿਚ ਸਪੱਸ਼ਟ ਆਖ ਦਿੱਤਾ ਸੀ ਕਿ ਉਹ ਪੰਜਾਬ ਦੇ ਤਿੰਨ ਕਰੋੜ ਲੋਕਾਂ ਨੂੰ ਜਵਾਬਦੇਹ ਹਨ ਅਤੇ ਵੱਖਰਾ ਪੱਤਰ ਭੇਜ ਕੇ ਰਾਜਪਾਲ ਦੀ ਯੋਗਤਾ ’ਤੇ ਸੁਆਲ ਉਠਾਏ ਸਨ। ਰਾਜਪਾਲ ਨੇ ਇਸ ਪੱਤਰ ਦਾ ਜਵਾਬ 27 ਫਰਵਰੀ ਤੱਕ ਮੰਗਿਆ ਸੀ ਪਰ ਸਰਕਾਰ ਨੇ ਇਸ ਦਾ ਜਵਾਬ ਦੇਣ ਦੀ ਥਾਂ ਸੁਪਰੀਮ ਕੋਰਟ ਜਾਣ ਦਾ ਫ਼ੈਸਲਾ ਕਰ ਲਿਆ ਹੈ।

ਰਾਜਪਾਲ ਦੇ ਪਰਿਵਾਰਕ ਸਮਾਗਮ ’ਚ ਸ਼ਾਮਲ ਹੋਣਗੇ ਮਾਨ

ਮੁੱਖ ਮੰਤਰੀ ਭਗਵੰਤ ਮਾਨ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਪਰਿਵਾਰਕ ਸਮਾਗਮ ਵਿਚ 27 ਫਰਵਰੀ ਨੂੰ ਦਿੱਲੀ ਵਿਚ ਸ਼ਿਰਕਤ ਕਰਨਗੇ। ਸੂਤਰਾਂ ਮੁਤਾਬਕ ਰਾਜਪਾਲ ਦੇ ਪਰਿਵਾਰ ’ਚ ਵਿਆਹ ਸਮਾਗਮ ਹੈ ਜਿਸ ਵਾਸਤੇ ਮੁੱਖ ਮੰਤਰੀ ਨੂੰ ਸੱਦਾ ਭੇਜਿਆ ਗਿਆ ਸੀ। ਮੁੱਖ ਮੰਤਰੀ ਅੱਜ ਸ਼ਾਮ ਗੁਜਰਾਤ ਪੁੱਜ ਗਏ ਹਨ ਅਤੇ ਭਲਕੇ ਉਹ ਧੰਨਵਾਦੀ ਦੌਰਾ ਕਰਨ ਤੋਂ ਇਲਾਵਾ ਗੁਜਰਾਤ ਵਿਚ ਉਜਾੜੇ ਦੀ ਤਲਵਾਰ ਝੱਲ ਰਹੇ ਪੰਜਾਬੀ ਕਿਸਾਨਾਂ ਨੂੰ ਵੀ ਮਿਲ ਸਕਦੇ ਹਨ।