ਬਜਟ ਮੀਟਿੰਗ: ਨਗਰ ਨਿਗਮ ’ਚ ਰਿਕਾਰਡ ਮਾਲੀਆ ਇਕੱਠਾ ਹੋਣ ਦਾ ਦਾਅਵਾ

ਬਜਟ ਮੀਟਿੰਗ: ਨਗਰ ਨਿਗਮ ’ਚ ਰਿਕਾਰਡ ਮਾਲੀਆ ਇਕੱਠਾ ਹੋਣ ਦਾ ਦਾਅਵਾ

ਸਾਲ 2022-23 ’ਚ ਮਿਲਿਆ 2,417 ਕਰੋੜ ਰੁਪਏ ਮਾਲੀਆ; ਕਰਦਾਤਾਵਾਂ ਨੂੰ ਜੀਓ-ਟੈਗਿੰਗ ਲਈ ਉਤਸ਼ਾਹਿਤ ਕਰਨ ’ਤੇ ਜ਼ੋਰ
ਨਵੀਂ ਦਿੱਲੀ- ਸਿਵਿਕ ਸੈਂਟਰ ’ਚ ਦਿੱਲੀ ਨਗਰ ਨਿਗਮ (ਐੱਮਸੀਡੀ) ਦੀ ਵਿਸ਼ੇਸ਼ ਬਜਟ ਮੀਟਿੰਗ ਵਿੱਚ ਅੱਜ ਨਿਗਮ ਦਾ ਬਜਟ ਪੇਸ਼ ਕੀਤਾ ਗਿਆ। ਇਸ ਦੌਰਾਨ ਸੱਤਾਧਾਰੀ ਧਿਰ ਵੱਲੋਂ ਰਿਕਾਰਡ ਮਾਲੀਆ ਇਕੱਠਾ ਹੋਣ ਦਾ ਦਾਅਵਾ ਕੀਤਾ ਗਿਆ, ਉਥੇ ਹੀ ਵਿਰੋਧੀ ਧਿਰ ਭਾਜਪਾ ਨੇ ਅੱਜ ਦੇ ਦਿਨ ਨੂੰ ਐੱਮਸੀਡੀ ਲਈ ਕਾਲਾ ਦਿਨ ਕਰਾਰ ਦਿੱਤਾ। ਭਾਜਪਾ ਦਾ ਕਹਿਣਾ ਹੈ ਕਿ ਸਥਾਈ ਕਮੇਟੀ ਤੋਂ ਬਿਨਾਂ ਬਜਟ ਪੇਸ਼ ਕਰਨਾ ਗੈਰ-ਸੰਵਿਧਾਨਕ ਹੈ। ‘ਆਪ’ ਤੇ ਭਾਜਪਾ ਕੌਂਸਲਰਾਂ ਦਰਮਿਆਨ ਨੋਕ ਝੋਕ ਵੀ ਹੋਈ। ਜਦਕਿ ਕਾਂਗਰਸੀ ਕੌਂਸਲਰਾਂ ਨੇੇ ਭਾਜਪਾ ਕੌਂਸਲਰਾਂ ਵੱਲੋਂ ਨਿਗਮ ਦੀ ਪਿਛਲੀ ਬੈਠਕ ’ਚ ਕੀਤੇ ਗਏ ਦੁਰਵਿਹਾਰ ਦਾ ਮਾਮਲਾ ਉਠਾਇਆ।

ਸਿਵਿਕ ਸੈਂਟਰ ’ਚ ਅੱਜ ਨਿਗਮ ਕਮਿਸ਼ਨਰ ਗਿਆਨੇਸ਼ ਭਾਰਤੀ ਵੱਲੋਂ ਨਿਗਮ ਦਾ ਬਜਟ ਪੇਸ਼ ਕੀਤਾ ਗਿਆ। ਕਮਿਸ਼ਨਰ ਨੇ ਦੱਸਿਆ ਕਿ ਨਿਗਮ ਨੂੰ 2022-23 ਵਿੱਚ 2,417 ਕਰੋੜ ਰੁਪਏ ਦਾ ਮਾਲੀਆ ਪ੍ਰਾਪਤ ਹੋਇਆ ਹੈ ਜੋ ਪਿਛਲੇ ਵਿੱਤੀ ਸਾਲ ਨਾਲੋਂ ਕਰੀਬ 400 ਕਰੋੜ ਰੁਪਏ ਵੱਧ ਹੈ। ਨਿਗਮ ਦੇ ਇਤਿਹਾਸ ’ਚ ਹੁਣ ਤੱਕ ਪ੍ਰਾਪਰਟੀ ਟੈਕਸ ਤੋਂ ਪ੍ਰਾਪਤ ਹੋਣ ਵਾਲੀ ਇਹ ਸਭ ਤੋਂ ਵੱਧ ਆਮਦਨ ਹੈ। ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ ਦੇਣ ਵਾਲਿਆਂ ਨੂੰ ਜੀਓ-ਟੈਗਿੰਗ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਭਾਗੀਦਾਰੀ ਸਕੀਮ ਅਧੀਨ ਵਿਦਿਅਕ ਅਦਾਰੇ, ਜਿਨ੍ਹਾਂ ਦੀ ਕੁੱਲ ਜ਼ਮੀਨ 10 ਏਕੜ ਤੋਂ ਵੱਧ ਹੈ ਨੂੰ ਸੌ ਫੀਸਦੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਵਿਕਾਸ ਕਾਰਜਾਂ ਲਈ 5 ਫੀਸਦੀ ਵਾਧੂ ਰਿਆਇਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਇਲਟ ਪ੍ਰਾਜੈਕਟ ਵਜੋਂ 3 ਵਾਰਡਾਂ ਪ੍ਰੀਤ ਵਿਹਾਰ, ਈਸਟ ਪਟੇਲ ਨਗਰ ਤੇ ਕੋਟਲਾ ਮੁਬਾਰਕਪੁਰ ’ਚ ਮਸਨੂਈ ਬੌਧਿਕਤਾ ਰਾਹੀਂ ਦਿੱਤੀਆਂ ਜਾਣ ਵਾਲੀਆਂ ਨਾਗਰਿਕ ਸੇਵਾਵਾਂ ’ਚ ਕਮੀਆਂ ਦੀ ਪਛਾਣ ਕਰਨ ਤੇ ਉਨ੍ਹਾਂ ਵਿੱਚ ਸੁਧਾਰ ਕਰਨ ਲਈ ਇੱਕ ਰਿਪੋਰਟਿੰਗ ਪ੍ਰਣਾਲੀ ਸਥਾਪਤ ਕੀਤੀ ਜਾ ਰਹੀ ਹੈ। ਇੰਦਰਾ ਪਾਰਕ, ਵਿਸ਼ਨੂੰ ਗਾਰਡਨ, ਪੱਛਮਪੁਰੀ, ਮਾਦੀਪੁਰ ਜੇਜੇ ਕਲੋਨੀ, ਪ੍ਰੇਮ ਨਗਰ, ਨਰੇਲਾ ਖੇਤਰ ਦੇ ਬਵਾਨਾ, ਮੁਕੰਦਪੁਰ ਤੇ ਕੇਸ਼ਵਪੁਰਮ ਦੇ ਸਰਸਵਤੀ ਵਿਹਾਰ ’ਚ ਸਕੂਲ ਇਮਾਰਤਾਂ ਦੀ ਉਸਾਰੀ ਚੱਲ ਰਹੀ ਹੈੈ। ਉਨ੍ਹਾਂ ਮੁਤਾਬਕ ਕਰੀਬ 20 ਸਕੂਲਾਂ ਦੀਆਂ ਇਮਾਰਤਾਂ ਦੀ ਉਸਾਰੀ ਚੱਲ ਰਹੀ ਹੈੈ, ਜਿਨ੍ਹਾਂ ’ਚ ਪੱਛਮੀ ਖੇਤਰ ਵਿੱਚ ਪੰਜਾਬੀ ਬਾਗ, ਪੱਛਮੀ ਵਿਹਾਰ, ਸਿਵਲ ਲਾਈਨ ਖੇਤਰ ’ਚ ਇਬਰਾਹਿਮ ਪੁਰ, ਵਜ਼ੀਰਾਬਾਦ ਪਿੰਡ, ਜੀਟੀਬੀ ਨਗਰ ਤੇ ਰੋਹਿਣੀ ਖੇਤਰ ਵਿੱਚ ਮੰਗੋਲਪੁਰੀ ਸ਼ਾਮਲ ਹਨ। ਪੰਜਾਬੀ ਬਾਗ ਵਿੱਚ 225 ਕਾਰਾਂ ਦੀ, ਅਮਰ ਕਲੋਨੀ ਲਾਜਪਤ ਨਗਰ ਵਿੱਚ 81, ਸ਼ਿਵਾ ਮਾਰਕੀਟ ਪੀਤਮਪੁਰਾ ਵਿੱਚ 500, ਗਾਂਧੀ ਮੈਦਾਨ ਚਾਂਦਨੀ ਚੌਕ ’ਚ 2,338, ਕੁਤੁਬ ਰੋਡ ’ਤੇ 174, ਨਿਗਮ ਬੋਹੜ ਘਾਟ ’ਚ 95 ਤੇ ਬਾਗ ਦੀਵਾਰ ਮਾਰਕੀਟ ’ਚ 196 ਕਾਰਾਂ ਦੀ ਪਾਰਕਿੰਗ ਦੀ ਉਸਾਰੀ ਹੋ ਰਹੀ ਹੈ। ਜਦਕਿ ਬਵਾਨਾ ਵਿੱਚ ਵੇਸਟ-ਟੂ-ਐਨਰਜੀ ਪਲਾਂਟ ਸਥਾਪਤ ਕੀਤਾ ਜਾਵੇਗਾ।