ਬਜਟ ਇਜਲਾਸ ’ਚ ਹੰਗਾਮੇ ਲਈ ਸਰਕਾਰ ਜ਼ਿੰਮੇਵਾਰ: ਵਿਰੋਧੀ ਧਿਰ

ਬਜਟ ਇਜਲਾਸ ’ਚ ਹੰਗਾਮੇ ਲਈ ਸਰਕਾਰ ਜ਼ਿੰਮੇਵਾਰ: ਵਿਰੋਧੀ ਧਿਰ

19 ਵਿਰੋਧੀ ਪਾਰਟੀਆਂ ਨੇ ਸੰਸਦ ਤੋਂ ਵਿਜੈ ਚੌਕ ਤੱਕ ਕੱਢਿਆ ਮਾਰਚ
ਨਵੀਂ ਦਿੱਲੀ -ਕਾਂਗਰਸ, ਤ੍ਰਿਣਮੂਲ ਕਾਂਗਰਸ(ਟੀਐੱਮਸੀ), ਭਾਰਤ ਰਾਸ਼ਟਰ ਸਮਿਤੀ (ਬੀਆਰਐੱਸ) ਤੇ ਸਮਾਜਵਾਦੀ ਪਾਰਟੀ ਸਣੇ ਹੋਰਨਾਂ ਵਿਰੋਧੀ ਪਾਰਟੀਆਂ ਨੇ ਇਕਜੁੱਟਤਾ ਵਿਖਾਉਂਦਿਆਂ ਅੱਜ ਸੰਸਦ ਤੋਂ ਵਿਜੈ ਚੌਕ ਤੱਕ ਰੋਸ ਮਾਰਚ ਕੱਢਿਆ। ਵਿਰੋਧੀ ਪਾਰਟੀਆਂ ਨੇ ਦੋਸ਼ ਲਾਇਆ ਕਿ ਬਜਟ ਇਜਲਾਸ ਦੇ ਦੂਜੇ ਅੱਧ ਵਿੱਚ ਮੋਦੀ ਸਰਕਾਰ ਦੇ ਅੜੀਅਲ ਰਵੱਈਏ ਕਰਕੇ ਕੋਈ ਕੰਮਕਾਜ ਨਹੀਂ ਹੋ ਸਕਿਆ, ਤੇ ਦੂਜਾ ਅੱਧ ਅਜਾਈਂ ਜਾਣ ਲਈ ਪੂਰੀ ਤਰ੍ਹਾਂ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੈ ਜਦੋਂ ਵਿਰੋਧੀ ਧਿਰ ਨੇ ਨਹੀਂ ਬਲਕਿ ਹਾਕਮ ਧਿਰ ਨੇ ਸੰਸਦੀ ਕਾਰਵਾਈ ’ਚ ਅੜਿੱਕੇ ਡਾਹੇ। ਵਿਰੋੋਧੀ ਧਿਰਾਂ ਨੇ ਜ਼ੋਰ ਦੇ ਕੇ ਆਖਿਆ ਕਿ ਜੇਕਰ ਇਹੀ ਰਵੱਈਆ ਜਾਰੀ ਰਿਹਾ ਤਾਂ ਦੇਸ਼ ‘ਤਾਨਾਸ਼ਾਹੀ’ ਵੱਲ ਵਧੇਗਾ।

ਹੱਥਾਂ ਵਿੱਚ ਤਿਰੰਗੇ ਲਈ ਵਿਰੋਧੀ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਸੰਸਦ ਤੋਂ ਵਿਜੈ ਚੌਕ ਤੱਕ ਮਾਰਚ ਕੱਢਿਆ। ਮਗਰੋਂ 19 ਪਾਰਟੀਆਂ ਦੇ ਪ੍ਰਤੀਨਿਧਾਂ ਨੇ ਕੰਸਟੀਟਿਊਸ਼ਨ ਕਲੱਬ ਵਿੱਚ ਸਾਂਝੀ ਪ੍ਰੈੱਸ ਕਾਨਫਰੰਸ ਕੀਤੀ, ਜਿੱਥੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਤੇ ਹੋਰਨਾਂ ਆਗੂਆਂ ਨੇ ਵਿਰੋਧੀ ਧਿਰਾਂ ਦੀ ਇਕਜੁੱਟਤਾ ਨੂੰ ਹੋਰ ਅੱਗੇ ਲੈ ਕੇ ਜਾਣ ਦਾ ਅਹਿਦ ਲਿਆ। ਖੜਗੇ ਨੇ ਦੋਸ਼ ਲਾਇਆ ਕਿ ਮੋਦੀ ਸਰਕਾਰ ਜਮਹੂਰੀ ਸਿਧਾਂਤਾਂ ’ਤੇ ਗੱਲਬਾਤ ਕਰਨ ਲਈ ਤਿਆਰ ਨਹੀਂ ਤੇ ਅਡਾਨੀ ਮਸਲੇ ’ਤੇ ਜੇਪੀਸੀ ਜਾਂਚ ਦੀ ਵਿਰੋਧੀ ਧਿਰ ਦੀ ਮੰਗ ਤੋਂ ਧਿਆਨ ਹਟਾਉਣ ਲਈ ਸੰਸਦੀ ਕਾਰਵਾਈ ਵਿੱਚ ਅੜਿੱਕੇ ਪਾ ਰਹੀ ਹੈ। ਤ੍ਰਿਣਮੂਲ ਕਾਂਗਰਸ, ਬੀਆਰਐੱਸ, ਆਪ ਤੇ ਸਮਾਜਵਾਦੀ ਪਾਰਟੀ, ਜੋ ਅੱਗੇ ਕਾਂਗਰਸ ਨਾਲ ਮੰਚ ਸਾਂਝਿਆਂ ਕਰਨ ਤੋਂ ਝਿਜਕਦੇ ਸਨ, ਦੇ ਮਾਰਚ ਵਿੱਚ ਸ਼ਾਮਲ ਹੋਣ ਨਾਲ ਵਿਰੋਧੀ ਧਿਰਾਂ ਦੀ ਏਕਤਾ ਨੂੰ ਵੱਡਾ ਹੁਲਾਰਾ ਮਿਲਿਆ।

ਖੜਗੇ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪੰਜਾਹ ਲੱਖ ਕਰੋੜ ਰੁਪੲੇ ਦਾ ਬਜਟ ਮਹਿਜ਼ 12 ਮਿੰਟਾਂ ਵਿੱਚ ਪਾਸ ਕਰ ਦਿੱਤਾ ਗਿਆ, ਪਰ ਉਹ (ਭਾਜਪਾ) ਹਮੇਸ਼ਾ ਇਹ ਦੋਸ਼ ਲਾਉਂਦੇ ਹਨ ਕਿ ਵਿਰੋਧੀ ਧਿਰਾਂ ਦੀ ਕੋਈ ਦਿਲਚਸਪੀ ਨਹੀਂ ਹੈ ਤੇ ਉਹ ਸਦਨ ਦੀ ਕਾਰਵਾਈ ’ਚ ਅੜਿੱਕੇ ਪਾਉਂਦੇ ਹਨ।’’ ਉਨ੍ਹਾਂ ਕਿਹਾ, ‘‘ਅੜਿੱਕੇ ਸੱਤਾਧਾਰੀ ਪਾਰਟੀ ਵੱਲੋੋਂ ਖੜ੍ਹੇ ਕੀਤੇ ਜਾਂਦੇ ਹਨ। ਜਦੋਂ ਕਦੇ ਅਸੀਂ ਮੰਗ ਕਰਦੇ ਹਾਂ ਜਾਂ ਨੋਟਿਸ ਦਿੰਦੇ ਹਾਂ, ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ। ਮੇਰੇ 52 ਸਾਲ ਦੇ ਜਨਤਕ ਜੀਵਨ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਹੈ ਤੇ ਇਸ ਤੋਂ ਪਹਿਲਾਂ ਕਦੇ ਅਜਿਹਾ ਨਹੀਂ ਹੋਇਆ।’’ ਉਨ੍ਹਾਂ ਕਿਹਾ ਕਿ ਸਰਕਾਰ ਜਮਹੂਰੀਅਤ ਬਾਰੇ ਗੱਲਾਂ ਤਾਂ ਬਹੁਤ ਕਰਦੀ ਹੈ, ਪਰ ਬੋਲਣ ਕਿਸੇ ਨੂੰ ਨਹੀਂ ਦਿੰਦੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਰਾਹੁਲ ਗਾਂਧੀ ਤੋਂ ਪ੍ਰਮੁੱਖ ਚੁਣੌਤੀ ਦਰਪੇਸ਼ ਹੋਣ ਬਾਰੇ ਸਵਾਲ ਦੇ ਜਵਾਬ ਵਿੱਚ ਡੀਐੱਮਕੇ ਦੇ ਟੀ.ਆਰ.ਬਾਲੂ ਨੇ ਦਾਅਵਾ ਕੀਤਾ ਕਿ ਭਾਜਪਾ ਘਬਰਾਈ ਹੋਈ ਹੈ ਤੇ ਭਾਰਤ ਜੋੜੋ ਯਾਤਰਾ ਮਗਰੋਂ ਰਾਹੁਲ ਗਾਂਧੀ ਤੋਂ ਡਰਨ ਲੱਗੀ ਹੈ। ਬਾਲੂ ਨੇ ਕਿਹਾ, ‘‘ਸਰਕਾਰ ਦੇ ਚੌਧਰ ਵਾਲੇ ਰਵੱਈਏ ਕਰਕੇ ਉਹ ਸਦਨ ਦੀ ਕਾਰਵਾਈ ’ਚ ਅੜਿੱਕਾ ਪਾਉਂਦੇ ਹਨ। ਪਹਿਲੀ ਵਾਰ ਹੈ ਜਦੋਂ ਹਾਕਮ ਧਿਰ ਦੇ ਮੈਂਬਰਾਂ ਨੇ ਸੰਸਦੀ ਕੰਮਕਾਜ ’ਚ ਅੜਿੱਕੇ ਡਾਹੇ ਹਨ।’’

ਬੀਆਰਐੱਸ ਦੇ ਸੰਸਦ ਮੈਂਬਰ ਕੇ.ਕੇਸ਼ਵ ਰਾਓ ਨੇ ਕਿਹਾ ਕਿ ਮੰਚ ’ਤੇ ਬੈਠੀਆਂ ਪਾਰਟੀਆਂ ਵਿੱਚ ਕੁਝ ਵੱਖਰੇਵੇਂ ਸਨ, ਪਰ ਹੁਣ ਸਾਰੇ ਇਕਜੁੱਟ ਹਨ। ਉਨ੍ਹਾਂ ਕਿਹਾ, ‘‘ਤੁਸੀਂ ਠੀਕ ਆਖਦੇ ਹੋ ਕਿ ਪਹਿਲਾਂ ਸਾਰੀਆਂ ਵਿਰੋਧੀ ਪਾਰਟੀਆਂ ਵਿੱਚ ਕੁਝ ਨਾ ਕੁਝ ਵੱਖਰੇਵੇਂ ਸਨ, ਪਰ ਅੱਜ ਤੁਸੀਂ ਵੇਖ ਸਕਦੇ ਹੋ, ਅਸੀਂ ਇੰਨੇ ਕੁ ਮਜ਼ਬੂਤ ਹੋ ਗਏ ਹਾਂ ਕਿ ਸਾਨੂੰ ਵੰਡਣ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਹੋ ਗਈਆਂ ਹਨ। ਤੁਹਾਡੇ ਸਾਹਮਣੇ ਅੱਜ ਅਸੀਂ ਸਾਰੇ ਇਕਜੁੱਟ ਹਾਂ।’’ ‘ਆਪ’ ਦੇ ਸੰਜੈ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਨੂੰ ਅਯੋਗ ਠਹਿਰਾਉਣ ਪਿਛਲਾ ਸੁਨੇਹਾ ਸਾਫ਼ ਹੈ ਕਿ ਕੇਂਦਰ ਨੂੰ ਤਾਂ ਨਿਸ਼ਾਨਾ ਬਣਾਇਆ ਜਾ ਸਕਦਾ ਹੈ, ਪਰ ਅਡਾਨੀ ਨੂੰ ਨਹੀਂ ‘ਜਿਸ ਲਈ ਸਰਕਾਰ ਕੰਮ ਕਰਦੀ ਹੈ।’ ਖੜਗੇ ਨੇ ਕਿਹਾ ਕਿ 18 ਤੋਂ 19 ਵਿਰੋਧੀ ਪਾਰਟੀਆਂ ਨੇ ਸੰਸਦ ਵਿੱਚ ਅਡਾਨੀ ਮਸਲਾ ਰੱਖਦਿਆਂ ਦੱਸਿਆ ਸੀ ਕਿ ਕਿਵੇਂ 2 ਤੋਂ ਢਾਈ ਸਾਲਾਂ ਦੇ ਅਰਸੇ ਦੌਰਾਨ ਕਾਰੋਬਾਰੀ ਦੀ ਦੌਲਤ ਵਧ ਕੇ 12 ਲੱਖ ਕਰੋੜ ਹੋ ਗਈ।