ਫੌਜੀ ਵਾਹਨ ’ਤੇ ਦਹਿਸ਼ਤੀ ਹਮਲਾ; ਪੰਜ ਜਵਾਨ ਸ਼ਹੀਦ

ਫੌਜੀ ਵਾਹਨ ’ਤੇ ਦਹਿਸ਼ਤੀ ਹਮਲਾ; ਪੰਜ ਜਵਾਨ ਸ਼ਹੀਦ

ਇੱਕ ਦੀ ਹਾਲਤ ਗੰਭੀਰ; ਰੱਖਿਆ ਮੰਤਰੀ ਨੂੰ ਘਟਨਾ ਤੋਂ ਕਰਵਾਇਆ ਗਿਆ ਜਾਣੂ
ਪੁਣਛ-ਜੰਮੂ ਕਸ਼ਮੀਰ ਦੇ ਪੁਣਛ ਇਲਾਕੇ ’ਚ ਅੱਜ ਦਹਿਸ਼ਤਗਰਦਾਂ ਨੇ ਭਾਰਤੀ ਫੌਜ ਦੇ ਜਵਾਨਾਂ ਨੂੰ ਲਿਜਾ ਰਹੇ ਇੱਕ ਵਾਹਨ ’ਤੇ ਘਾਤ ਲਗਾ ਕੇ ਹਮਲਾ ਕੀਤਾ ਜਿਸ ਵਿੱਚ ਫੌਜ ਦੇ ਪੰਜ ਜਵਾਨ ਸ਼ਹੀਦ ਹੋ ਗਏ ਜਦਕਿ ਇੱਕ ਹੋਰ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖਮੀ ਜਵਾਨ ਨੂੰ ਤੁਰੰਤ ਰਾਜੌਰੀ ਦੇ ਆਰਮੀ ਹਸਪਤਾਲ ਪਹੁੰਚਾਇਆ ਗਿਆ। ਇਹ ਹਮਲਾ ਉਸ ਸਮੇਂ ਹੋਇਆ ਜਦੋਂ ਫੌਜ ਦਾ ਵਾਹਨ ਪੁਣਛ ਜ਼ਿਲ੍ਹੇ ’ਚ ਭਿੰਬਰ ਗਲੀ ਤੋਂ ਸੰਗੀਓਟ ਵੱਲ ਜਾ ਰਿਹਾ ਸੀ। ਫੌਜ ਮੁਖੀ ਮਨੋਜ ਪਾਂਡੇ ਨੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ ਹੈ। ਇਹ ਜਾਣਕਾਰੀ ਫੌਜ ਦੇ ਅਧਿਕਾਰੀਆਂ ਨੇ ਦਿੱਤੀ।
ਉੱਤਰੀ ਕਮਾਂਡ ਦੇ ਹੈੱਡਕੁਆਰਟਰ ਤੋਂ ਮਿਲੀ ਜਾਣਕਾਰੀ ਅਨੁਸਾਰ, ‘ਅੱਜ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਭਾਰਤੀ ਫੌਜ ਦਾ ਇੱਕ ਵਾਹਨ ਜੋ ਕਿ ਪੁਣਛ ਜ਼ਿਲ੍ਹੇ ’ਚ ਭਿੰਬਰ ਗਲੀ ਤੋਂ ਸੰਗੀਓਟ ਵੱਲ ਜਾ ਰਿਹਾ ਸੀ, ਉੱਤੇ ਅਣਪਛਾਤੇ ਦਹਿਸ਼ਤਗਰਦਾਂ ਨੇ ਹਮਲਾ ਕਰ ਦਿੱਤਾ ਜਿਸ ਮਗਰੋਂ ਵਾਹਨ ਨੂੰ ਅੱਗ ਲੱਗ ਗਈ। ਦਹਿਸ਼ਤਗਰਦਾਂ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਅੱਜ ਪੈ ਰਹੇ ਭਾਰੀ ਮੀਂਹ ਦਾ ਲਾਹਾ ਲਿਆ ਕਿਉਂਕਿ ਮੀਂਹ ਕਾਰਨ ਦੂਰ ਤੱਕ ਸਾਫ ਦਿਖਾਈ ਨਹੀਂ ਦੇ ਰਿਹਾ ਸੀ।’ ਉਨ੍ਹਾਂ ਕਿਹਾ ਕਿ ਅਤਿਵਾਦੀਆਂ ਵੱਲੋਂ ਵਾਹਨ ’ਤੇ ਗਰਨੇਡ ਸੁੱਟੇ ਗਏ ਹੋ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਹ ਹਮਲੇ ’ਚ ਸ਼ਹੀਦ ਹੋਏ ਪੰਜ ਜਵਾਨ ਰਾਸ਼ਟਰੀ ਰਾਈਫਲਜ਼ ਯੂਨਿਟ ਨਾਲ ਸਬੰਧਿਤ ਹਨ ਤੇ ਇਹ ਇਲਾਕੇ ’ਚ ਅਤਿਵਾਦੀਆਂ ਖ਼ਿਲਾਫ਼ ਮੁਹਿੰਮ ਚਲਾਉਣ ਲਈ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਹਮਲਾਵਰਾਂ ਨੂੰ ਫੜਨ ਦੇ ਯਤਨ ਕੀਤੇ ਜਾ ਰਹੇ ਹਨ ਅਤੇ ਹਮਲੇ ਸਬੰਧੀ ਵਧੇਰੇ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਜੰਮੂ ’ਚ ਫੌਜ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ, ‘ਅੱਜ ਬਾਅਦ ਦੁਪਹਿਰ ਤਿੰਨ ਵਜੇ ਦੇ ਕਰੀਬ ਭਾਰਤੀ ਫੌਜ ਦਾ ਇੱਕ ਵਾਹਨ ਜੋ ਕਿ ਪੁਣਛ ਜ਼ਿਲ੍ਹੇ ’ਚ ਭਿੰਬਰ ਗਲੀ ਤੋਂ ਸੰਗੀਓਟ ਵੱਲ ਜਾ ਰਿਹਾ ਸੀ, ਨੂੰ ਅਚਾਨਕ ਅੱਗ ਲੱਗ ਗਈ।’ ਕੁਝ ਰਿਪੋਰਟਾਂ ਮੁਤਾਬਕ ਇਹ ਘਟਨਾ ਸਟਿੱਕੀ ਬੰਬ ਜਾਂ ਅਸਮਾਨੀ ਬਿਜਲੀ ਡਿੱਗਣ ਕਾਰਨ ਵਾਪਰੀ ਹੋ ਸਕਦੀ ਹੈ ਪਰ ਅਧਿਕਾਰੀਆਂ ਨੇ ਇਸ ਸਬੰਧੀ ਕੋਈ ਟਿੱਪਣੀ ਨਹੀਂ ਕੀਤੀ ਸੀ।