ਫੌਜੀ ਕੁਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਫੌਜੀ ਕੁਲਵਿੰਦਰ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

ਰੂਪਨਗਰ/ਨੂਰਪੁਰ ਬੇਦੀ- ਰੂਪਨਗਰ ਜ਼ਿਲ੍ਹੇ ਦੇ ਭਾਰਤੀ ਫੌਜ ਵਿੱਚ ਤਾਇਨਾਤ ਜਵਾਨ ਕੁਲਵਿੰਦਰ ਸਿੰਘ ਦਾ ਅੱਜ ਉਸ ਦੇ ਜੱਦੀ ਪਿੰਡ ਸੁੱਖੇਮਾਜਰਾ ਵਿੱਚ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ। ਇਸ ਮੌਕੇ ਚੰਡੀਮੰਦਰ ਤੋਂ ਪਹੁੰਚੇ 5 ਡੋਗਰਾ ਰੈਜੀਮੈਂਟ ਦੇ ਜਵਾਨਾਂ ਵੱਲੋਂ ਹਥਿਆਰ ਉਲਟੇ ਕਰ ਕੇ ਸਲਾਮੀ ਦਿੱਤੀ ਗਈ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਨੂਰਪੁਰ ਬੇਦੀ ਰਿਤੂ ਕਪੂਰ ਨੇ ਸ਼ਰਧਾਂਜਲੀ ਭੇਟ ਕੀਤੀ।

ਫ਼ੌਜੀ ਜਵਾਨ ਦੀ ਦੇਹ ਲੈ ਕੇ ਪੁੱਜੇ ਸੂਬੇਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ 13 ਜੂਨ ਨੂੰ ਰਾਜਸਥਾਨ ਦੇ ਜੈਸਲਮੇਰ ਜ਼ਿਲ੍ਹੇ ਦੇ ਬਾੜਮੇਰ ਇਲਾਕੇ ਵਿੱਚ ਕੁਲਵਿੰਦਰ ਸਿੰਘ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਕੁਲਵਿੰਦਰ ਸਿੰਘ 2016 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਇਸ ਮੌਕੇ ਇਲਾਕੇ ਦੇ ਵੱਡੀ ਗਿਣਤੀ ਲੋਕ ਜਵਾਨ ਕੁਲਵਿੰਦਰ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋਣ ਲਈ ਪੁੱਜੇ ਤੇ ਉਨ੍ਹਾਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਹਲਕਾ ਵਿਧਾਇਕ ਰੂਪਨਗਰ ਦਿਨੇਸ਼ ਚੱਢਾ ਦੇ ਪਿਤਾ ਰਾਮ ਪ੍ਰਸ਼ਾਦ ਪਾਲੀ ਨੇ ਮ੍ਰਿਤਕ ਦੇ ਘਰ ਪੁੱਜ ਕੇ ਪਰਿਵਾਰ ਨਾਲ ਦੁੱਖ ਵੰਡਾਇਆ। ਮ੍ਰਿਤਕ ਆਪਣੇ ਪਿੱਛੇ ਪਤਨੀ ਤੋਂ ਇਲਾਵਾ ਮਾਤਾ-ਪਿਤਾ ਛੱਡ ਗਿਆ ਹੈ।

ਮ੍ਰਿਤਕ ਦਾ ਵਿਆਹ ਫਰਵਰੀ 2022 ਵਿੱਚ ਹੋਇਆ ਸੀ ਅਤੇ ਉਸ ਦੀ ਪਤਨੀ ਹਾਲੇ ਕੁੱਝ ਦਿਨ ਪਹਿਲਾਂ ਹੀ ਆਪਣੇ ਪਤੀ ਨੂੰ ਮਿਲਣ ਲਈ ਬਾੜਮੇਰ ਗਈ ਸੀ। ਵਿਧਾਇਕ ਦਿਨੇਸ਼ ਚੱਢਾ ਨੇ ਭਰੋਸਾ ਦਿੱਤਾ ਕਿ ਮ੍ਰਿਤਕ ਜਵਾਨ ਦੇ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ।