ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਫੈਕਟਰੀ ਵਿੱਚ ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ

ਮਾਨਸਾ/ਬੁਢਲਾਡਾ- ਬੁਢਲਾਡਾ ਸ਼ਹਿਰ ਦੀ ਇੱਕ ਪਲਾਸਟਿਕ ਕਚਰੇ ਦੀਆਂ ਗੱਠਾਂ ਬਣਾਉਣ ਵਾਲੀ ਫੈਕਟਰੀ ਵਿੱਚ ਭਿਆਨਕ ਅੱਗ ਲੱਗਣ ਨਾਲ ਸਾਰਾ ਸਾਮਾਨ ਅਤੇ ਮਸ਼ੀਨਾਂ ਸੜ ਗਈਆਂ ਹਨ। ਸਥਾਨਕ ਸ਼ਹਿਰ ਦੇ ਵਾਰਡ ਨੰਬਰ-17 ਵਿੱਚ ਸਥਿਤ ਫੈਕਟਰੀ ਨੂੰ ਵੀਰਵਾਰ ਸਵੇਰ ਵੇਲੇ ਅਚਾਨਕ ਅੱਗ ਲੱਗ ਗਈ। ਅੱਗ ਦੀਆਂ ਵੱਡੀਆਂ ਲਪਟਾਂ ਨੇ ਛੇਤੀ ਹੀ ਸਾਰੇ ਸਾਮਾਨ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਸਬੰਧੀ ਸੂਚਨਾ ਮਿਲਣ ਤੋਂ ਬਾਅਦ ਮਾਨਸਾ ਤੋਂ ਪੁੱਜੀ ਫਾਇਰ ਬ੍ਰਿਗੇਡ ਦੀ ਟੀਮ ਦੇ ਘਟਨਾ ਸਥਾਨ ’ਤੇ ਜਾਣ ਤੱਕ ਅੱਗ ਨਾਲ ਕਾਫ਼ੀ ਨੁਕਸਾਨ ਹੋ ਚੁੱਕਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਅੱਗ ਲੱਗਣ ਦੀ ਇਸ ਘਟਨਾ ਮੌਕੇ ਰੌਲਾ ਪੈਣ ’ਤੇ ਫਾਇਰ ਬ੍ਰਿਗੇਡ, ਨਗਰ ਕੌਂਸਲ ਬੁਢਲਾਡਾ ਦੇ ਪ੍ਰਧਾਨ ਸੁਖਪਾਲ ਸਿੰਘ, ਐੱਸਐੱਚਓ ਭੁਪਿੰਦਰ ਸਿੰਘ ਨੇ ਆਪਣੇ ਉਪਰਾਲਿਆਂ ਨਾਲ ਅੱਗ ਬੁਝਾਉਣ ਦੇ ਯਤਨ ਕੀਤੇ, ਪਰ ਪਲਾਸਟਿਕ ਕਚਰੇ ਨੂੰ ਲੱਗੀ ਅੱਗ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਛੇਤੀ ਹੀ ਸਾਰਾ ਸਾਮਾਨ ਸੜ ਗਿਆ।

ਇਸ ਸਬੰਧੀ ਫੈਕਟਰੀ ਮਾਲਕ ਅਜੈ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੀ ਫੈਕਟਰੀ ਅੰਜਲੀ ਕੁਮਾਰ ਟ੍ਰੇਡਿੰਗ ਦੇ ਨਾਂ ’ਤੇ ਚੱਲ ਰਹੀ ਹੈ, ਜਿਸ ਵਿੱਚ ਵੀਰਵਾਰ ਅਚਾਨਕ ਅੱਗ ਲੱਗ ਗਈ। ਉਨ੍ਹਾਂ ਕਿਹਾ ਕਿ ਅੱਗ ਲੱਗਣ ਦੇ ਕਾਰਨਾਂ ਦਾ ਕੁਝ ਨਹੀਂ ਪਤਾ ਲੱਗ ਸਕਿਆ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਪਲਾਸਟਿਕ ਦਾ ਸਾਮਾਨ, ਬੋਰੀਆਂ, ਮਸ਼ੀਨਾਂ ਤੇ ਹੋਰ ਸਾਮਾਨ ਅਤੇ ਇਮਾਰਤ ਵੀ ਨੁਕਸਾਨੀ ਗਈ ਹੈ। ਇਸ ਘਟਨਾ ਕਾਰਨ ਉਨ੍ਹਾਂ ਦਾ ਲਗਪਗ 20 ਲੱਖ ਰੁਪਏ ਤੋਂ ਉੱਪਰ ਦਾ ਨੁਕਸਾਨ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੇ ਬੁਢਲਾਡਾ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਹੁੰਦੀਆਂ ਤਾਂ ਉਨ੍ਹਾਂ ਦਾ ਵੱਡਾ ਨੁਕਸਾਨ ਹੋਣੋਂ ਬਚ ਸਕਦਾ ਸੀ। ਉਨ੍ਹਾਂ ਕਿਹਾ ਕਿ ਵਪਾਰੀ ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦਿੰਦੇ ਹਨ ਪਰ ਸਰਕਾਰ ਉਨ੍ਹਾਂ ਦੀ ਸਾਰ ਨਹੀਂ ਲੈ ਰਹੀ।

ਇਸ ਮੌਕੇ ਪੀੜਤ ਪਰਿਵਾਰ ਨਾਲ ਹਮਦਰਦੀ ਜ਼ਾਹਿਰ ਕਰਨ ਪਹੁੰਚੇ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਆੜ੍ਹਤੀਆ ਆਗੂ ਲਲਿਤ ਕੁਮਾਰ ਸ਼ੈਂਟੀ, ਪ੍ਰਵੀਨ ਕੁਮਾਰ, ਐਡਵੋਕੇਟ ਚੰਦਨ ਗੁਪਤਾ, ਗੁਰਦਰਸ਼ਨ ਪਟਵਾਰੀ, ਹਰਬੰਸ ਸ਼ਰਮਾ, ਸੰਦੀਪ ਗਰਗ ਨੇ ਭਰੋਸਾ ਦਿੱਤਾ ਕਿ ਉਹ ਇਸ ਦੁੱਖ ਦੀ ਘੜੀ ਵਿੱਚ ਉਨ੍ਹਾਂ ਦੇ ਨਾਲ ਹਨ। ਉਹ ਮੁੱਖ ਮੰਤਰੀ ਪੰਜਾਬ ਨੂੰ ਰਾਹਤ ਫੰਡਾਂ ਵਿੱਚੋਂ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰਨਗੇ।

ਇਸੇ ਦੌਰਾਨ ਕੁੱਝ ਸ਼ਹਿਰੀ ਵਪਾਰੀਆਂ ਦਾ ਕਹਿਣਾ ਹੈ ਕਿ ਜੇ ਬੁਢਲਾਡਾ ਦੇ ਵਿੱਚ ਫਾਇਰ ਬ੍ਰਿਗੇਡ ਦੇ ਚੰਗੇ ਬੰਦੋਬਸਤ ਹੋਣ ਤਾਂ ਅਜਿਹੀਆਂ ਘਟਨਾਵਾਂ ਉੱਪਰ ਛੇਤੀ ਕਾਬੂ ਪਾਇਆ ਜਾ ਸਕਦਾ ਹੈ।