ਫੁੱਲਾਂ ਨਾਲ ਸਜਾਇਆ ਸ੍ਰੀ ਨਨਕਾਣਾ ਸਾਹਿਬ

ਫੁੱਲਾਂ ਨਾਲ ਸਜਾਇਆ ਸ੍ਰੀ ਨਨਕਾਣਾ ਸਾਹਿਬ

ਸ਼ਰਧਾਲੂਆਂ ਦੀ ਖੁਆਰੀ ਬਾਰੇ ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਕਮੇਟੀ ਕੋਲ ਰੋਸ ਦਰਜ ਕਰਾਇਆ
ਅੰਮ੍ਰਿਤਸਰ-ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਪੁਰਬ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਲਈ ਉਚੇਚੇ ਪ੍ਰਬੰਧ ਕੀਤੇ ਗਏ ਹਨ। ਗੁਰਦੁਆਰੇ ਦੀ ਇਮਾਰਤ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ ਅਤੇ ਦੀਪਮਾਲਾ ਕੀਤੀ ਗਈ ਹੈ। ਇਸ ਦੌਰਾਨ ਬੀਤੇ ਦਿਨ ਭਾਰਤ ਤੋਂ ਪ੍ਰਕਾਸ਼ ਪੁਰਬ ਮਨਾਉਣ ਗਏ ਸ਼ਰਧਾਲੂਆਂ ਦੀ ਹੋਈ ਖੱਜਲ-ਖੁਆਰੀ ਸਬੰਧੀ ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਆਪਣਾ ਰੋਸ ਦਰਜ ਕਰਵਾਇਆ ਹੈ। ਗੁਰੂ ਨਾਨਕ ਦੇਵ ਜੀ ਦਾ ਭਲਕੇ 8 ਨਵੰਬਰ ਨੂੰ ਪ੍ਰਕਾਸ਼ ਪੁਰਬ ਮਨਾਉਣ ਲਈ ਭਾਰਤ ਤੋਂ ਲਗਪਗ 2400 ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ ਹੈ, ਜੋ ਇਸ ਵੇਲੇ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਠਹਿਰਿਆ ਹੋਇਆ ਹੈ। ਜਥੇ ਵਿੱਚ ਸ਼ਾਮਲ ਸ਼ਰਧਾਲੂਆਂ ਨੇ ਅੱਜ ਗੁਰਦੁਆਰਾ ਸੱਚਾ ਸੌਦਾ ਦੇ ਦਰਸ਼ਨ ਕੀਤੇ ਅਤੇ ਸ਼ਾਮ ਨੂੰ ਜਥਾ ਵਾਪਸ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਪਰਤ ਆਇਆ। ਇੱਥੇ ਭਲਕੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਜਾਣਗੇ ਅਤੇ ਗੁਰਪੁਰਬ ਮਨਾਇਆ ਜਾਵੇਗਾ। ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰੇ ਵਿਖੇ ਦੀਪਮਾਲਾ ਕੀਤੀ ਗਈ ਹੈ ਅਤੇ ਮੁੱਖ ਦੁਆਰ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ।

ਬੀਤੇ ਦਿਨ ਜਦੋਂ ਸ਼ਰਧਾਲੂ ਭਾਰਤ ਤੋਂ ਪਾਕਿਸਤਾਨ ਰਵਾਨਾ ਹੋਏ ਸਨ ਤਾਂ ਉਨ੍ਹਾਂ ਨੂੰ ਵਾਹਗਾ ਸਰਹੱਦ ਤੋਂ ਵਾਹਗਾ ਰੇਲਵੇ ਸਟੇਸ਼ਨ ਲਿਜਾਇਆ ਗਿਆ, ਜਿੱਥੋਂ ਤਿੰਨ ਵਿਸ਼ੇਸ਼ ਰੇਲ ਗੱਡੀਆਂ ਰਾਹੀਂ ਸ੍ਰੀ ਨਨਕਾਣਾ ਸਾਹਿਬ ਪਹੁੰਚਾਇਆ ਗਿਆ ਸੀ। ਵਾਹਗਾ ਰੇਲਵੇ ਸਟੇਸ਼ਨ ਤੋਂ ਆਖ਼ਰੀ ਗੱਡੀ ਰਵਾਨਾ ਹੋਣ ਵਿੱਚ ਦੇਰ ਹੋ ਗਈ ਸੀ, ਜਿਸ ਕਾਰਨ ਕਈ ਯਾਤਰੂ ਪ੍ਰੇਸ਼ਾਨ ਹੋਏ ਸਨ। ਕੁਝ ਯਾਤਰੂਆਂ ਨੇ ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਵਾਇਰਲ ਕੀਤੀ ਸੀ, ਜਿਸ ਵਿੱਚ ਉਨ੍ਹਾਂ ਪ੍ਰਬੰਧ ਨਾਕਾਫੀ ਹੋਣ ’ਤੇ ਅਸੰਤੁਸ਼ਟੀ ਪ੍ਰਗਟਾਈ ਸੀ। ਇਹ ਵੀਡੀਓ ਸਾਹਮਣੇ ਆਉਣ ਮਗਰੋਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਤੁਰੰਤ ਪੀਐੱਸਜੀਪੀਸੀ ਦੇ ਆਗੂਆਂ ਨਾਲ ਗੱਲ ਕੀਤੀ ਸੀ। ਇਸ ਮਗਰੋਂ ਪੀਐੱਸਜੀਪੀਸੀ ਦੇ ਸਾਬਕਾ ਪ੍ਰਧਾਨ ਬਿਸ਼ਨ ਸਿੰਘ ਦੀ ਇਕ ਆਡੀਓ ਵੀ ਸਾਹਮਣੇ ਆਈ ਸੀ, ਜਿਸ ਵਿੱਚ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਕਿਸੇ ਵੀ ਯਾਤਰੂ ਨੂੰ ਖੱਜਲ-ਖੁਆਰ ਨਹੀਂ ਹੋਣ ਦਿੱਤਾ ਜਾਵੇਗਾ।