ਫੁਟਬਾਲ ਮਹਿਲਾ ਵਿਸ਼ਵ ਕੱਪ: ਸਪੇਨ ਅਤੇ ਸਵੀਡਨ ਸੈਮੀਫਾਈਨਲ ਿਵੱਚ

ਫੁਟਬਾਲ ਮਹਿਲਾ ਵਿਸ਼ਵ ਕੱਪ: ਸਪੇਨ ਅਤੇ ਸਵੀਡਨ ਸੈਮੀਫਾਈਨਲ ਿਵੱਚ

ਵੈਲਿੰਗਟਨ: ਸਲਮਾ ਪੈਰਾਲੁਏਲੋ ਵੱਲੋਂ ਵਾਧੂ ਸਮੇਂ ’ਚ ਕੀਤੇ ਗਏ ਗੋਲ ਦੀ ਬਦੌਲਤ ਸਪੇਨ ਨੇ ਅੱਜ ਇੱਥੇ ਨੈਦਰਲੈਂਡਜ਼ ਨੂੰ 2-1 ਨਾਲ ਹਰਾ ਕੇ ਪਹਿਲੀ ਵਾਰ ਫੁਟਬਾਲ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। ਯੂਰਪ ਦੀਆਂ ਦੋ ਮਜ਼ਬੂਤ ਟੀਮਾਂ ਵਿਚਾਲੇ ਹੋਏ ਸਖ਼ਤ ਨਾਕਆਊਟ ਮੈਚ ਵਿੱਚ ਪੈਰਾਲੁਏਲੋ ਨੇ 111ਵੇਂ ਮਿੰਟ ਵਿੱਚ ਜੇਤੂ ਗੋਲ ਕੀਤਾ। ਨੈਦਰਲੈਂਡਜ਼ ਦੀ ਟੀਮ ਨੂੰ ਚਾਰ ਸਾਲ ਪਹਿਲਾਂ ਫਰਾਂਸ ਵਿੱਚ ਫਾਈਨਲ ’ਚ ਅਮਰੀਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਅਤੇ ਹੁਣ ਦੋਵੇਂ ਟੀਮਾਂ ਟੂਰਨਾਮੈਂਟ ’ਚੋਂ ਬਾਹਰ ਹੋ ਗਈਆਂ ਹਨ। ਇਹ ਮੈਚ ਦੇਖਣ ਲਈ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸ ਹਿਪਕਿਨਜ਼ ਅਤੇ ਫੀਫਾ ਦੇ ਪ੍ਰਧਾਨ ਜਿਆਨੀ ਇਨਫੈਂਟੀਨੋ ਸਮੇਤ ਸਟੇਡੀਅਮ ਵਿੱਚ 32 ਹਜ਼ਾਰ ਤੋਂ ਵੱਧ ਦਰਸ਼ਕ ਮੌਜੂਦ ਸਨ। ਅਮਰੀਕਾ ਨੂੰ ਬਾਹਰ ਕਰਨ ਵਾਲੀ ਸਵੀਡਨ ਨੇ ਅੱਜ ਇੱਥੇ ਜਪਾਨ ਨੂੰ 2-1 ਨਾਲ ਹਰਾ ਕੇ ਫੁਟਬਾਲ ਮਹਿਲਾ ਵਿਸ਼ਵ ਕੱਪ ਦੇ ਸੈਮੀਫਾਈਨਲ ’ਚ ਜਗ੍ਹਾ ਬਣਾ ਲਈ ਹੈ। 2003 ਵਿਸ਼ਵ ਕੱਪ ਦੀ ਉਪ ਜੇਤੂ ਅਤੇ ਤਿੰਨ ਵਾਰ ਤੀਜੇ ਸਥਾਨ ’ਤੇ ਰਿਹਾ ਸਵੀਡਨ ਪੰਜਵੀਂ ਵਾਰ ਸੈਮੀਫਾਈਨਲ ’ਚ ਪਹੁੰਚ ਗਿਆ ਹੈ।