ਫੁਟਬਾਲ ਮਹਿਲਾ ਵਿਸ਼ਵ ਕੱਪ: ਵੀਅਤਨਾਮ ਨੂੰ 7-0 ਨਾਲ ਹਰਾ ਕੇ ਨੈਦਰਲੈਂਡਜ਼ ਨਾਕਆਊਟ ਗੇੜ ’ਚ ਪਹੁੰਚਿਆ

ਫੁਟਬਾਲ ਮਹਿਲਾ ਵਿਸ਼ਵ ਕੱਪ: ਵੀਅਤਨਾਮ ਨੂੰ 7-0 ਨਾਲ ਹਰਾ ਕੇ ਨੈਦਰਲੈਂਡਜ਼ ਨਾਕਆਊਟ ਗੇੜ ’ਚ ਪਹੁੰਚਿਆ

ਨੈਦਰਲੈਂਡਜ਼ ਨੇ 15 ਮਿੰਟਾਂ ’ਚ ਚਾਰ ਗੋਲ ਦਾਗੇ
ਡੁਨੇਡਿਨ- ਨੈਦਰਲੈਂਡਜ਼ ਨੇ ਪਹਿਲੇ ਅੱਧ ’ਚ 15 ਮਿੰਟਾਂ ’ਚ ਚਾਰ ਗੋਲ ਕਰਦਿਆਂ ਅੱਜ ਇੱਥੇ ਫੁਟਬਾਲ ਮਹਿਲਾ ਵਿਸ਼ਵ ਕੱਪ ਵਿੱਚ ਵੀਅਤਨਾਮ ਨੂੰ 7-0 ਨਾਲ ਹਰਾ ਕੇ ਗਰੁੱਪ-ਈ ’ਚ ਸਿਖਰਲਾ ਸਥਾਨ ਹਾਸਲ ਕੀਤਾ। ਨੈਦਰਲੈਂਡਜ਼ ਦੀ ਟੀਮ ਇਸ ਮੈਚ ਤੋਂ ਪਹਿਲਾਂ ਖਰਾਬ ਗੋਲ ਅੰਤਰ ਕਾਰਨ ਅਮਰੀਕਾ ਤੋਂ ਬਾਅਦ ਦੂਜੇ ਸਥਾਨ ’ਤੇ ਸੀ। ਅਮਰੀਕਾ ਦਾ ਪੁਰਤਗਾਲ ਨਾਲ ਮੈਚ ਗੋਲ ਰਹਿਤ ਡਰਾਅ ਰਿਹਾ ਅਤੇ ਨੈਦਰਲੈਂਡਜ਼ ਨੇ ਵੀਅਤਨਾਮ ਨੂੰ ਹਰਾ ਕੇ ਗਰੁੱਪ ਦੇ ਸਿਖਰ ’ਤੇ ਰਹਿੰਦਿਆਂ ਨਾਕਆਊਟ ਗੇੜ ’ਚ ਜਗ੍ਹਾ ਬਣਾਈ। ਨੈਦਰਲੈਂਡਜ਼ ਲਈ ਏਸਮੀ ਬਰੂਗਟਸ (18ਵੇਂ ਅਤੇ 57ਵੇਂ ਮਿੰਟ) ਅਤੇ ਜਿਲ ਰੂਰਡ (23ਵੇਂ ਅਤੇ 83ਵੇਂ ਮਿੰਟ) ਨੇ ਦੋ-ਦੋ ਗੋਲ ਕੀਤੇ, ਜਦਕਿ ਮਾਰਟੇਨਜ਼ (8ਵੇਂ ਮਿੰਟ), ਕਾਟਜਾ ਸਨੋਇਸ (11ਵੇਂ ਮਿੰਟ) ਅਤੇ ਡੇਨੀਏਲ ਵੈਨ ਡੇ ਡੋਂਕ ਨੇ ਇਕ-ਇਕ ਗੋਲ ਕੀਤਾ। ਨੈਦਰਲੈਂਡਜ਼ ਦੀ ਟੀਮ ਪ੍ਰੀ-ਕੁਆਰਟਰ ਫਾਈਨਲ ਵਿੱਚ ਗਰੁੱਪ-ਜੀ ਵਿੱਚ ਦੂਜੇ ਸਥਾਨ ’ਤੇ ਰਹਿਣ ਵਾਲੀ ਟੀਮ ਨਾਲ ਭਿੜੇਗੀ। ਗਰੁੱਪ-ਜੀ ਦੇ ਆਖਰੀ ਗੇੜ ਦੇ ਮੁਕਾਬਲੇ ਹਾਲੇ ਬਾਕੀ ਹਨ। ਗਰੁੱਪ ਵਿੱਚ ਇਸ ਵੇਲੇ ਸਵੀਡਨ ਸਿਖਰ ’ਤੇ ਜਦਕਿ ਇਟਲੀ ਦੂਜੇ ਸਥਾਨ ’ਤੇ ਹੈ। ਉਧਰ ਵੀਅਤਨਾਮ ਦੀ ਮਹਿਲਾ ਵਿਸ਼ਵ ਕੱਪ ਵਿੱਚ ਮੁਹਿੰਮ ਖ਼ਤਮ ਹੋ ਗਈ ਹੈ।