ਫੀਫਾ ਵਿਸ਼ਵ ਕੱਪ 2022 -ਜਿੱਤ, ਜਸ਼ਨ, ਜਨੂੰਨ ਤੇ ਜੋਸ਼ ਦੀ ਰਾਤ

ਫੀਫਾ ਵਿਸ਼ਵ ਕੱਪ 2022 -ਜਿੱਤ, ਜਸ਼ਨ, ਜਨੂੰਨ ਤੇ ਜੋਸ਼ ਦੀ ਰਾਤ

ਕ੍ਰਿਸ਼ਨ ਕੁਮਾਰ ਰੱਤੂ

ਫੀਫਾ ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਵਾਲੀ ਕਤਰ ਦੀ ਰਾਤ ਅਸਲ ਵਿਚ ‘ਏ ਨਾਈਟ ਟੂ ਰਿਮੇਂਬਰ’ ਭਾਵ ਯਾਦਗਾਰੀ ਰਾਤ ਸੀ। ਨੀਲੀਆਂ ਤੇ ਸੁਨਹਿਰੀ ਸਫ਼ੈਦ ਰੌਸ਼ਨੀਆਂ ਵਿਚ ਨਹਾਇਆ ਹੋਇਆ 89000 ਹਜ਼ਾਰ ਲੋਕਾਂ ਦੀ ਸਮਰੱਥਾ ਵਾਲਾ ਲੁਸੇਲ ਸਟੇਡੀਅਮ ਦੁਨੀਆ ਦੇ ਰੰਗ ਰੂਪ, ਫੈਸ਼ਨ ਤੇ ਫੁੱਟਬਾਲ ਪ੍ਰੇਮੀਆਂ ਲਈ ਇਤਿਹਾਸਕ ਪਲਾਂ ਦਾ ਗਵਾਹ ਸੀ। ਇੱਥੇ ਅਰਜਨਟਾਈਨਾ ਤੇ ਫਰਾਂਸ ਦਰਮਿਆਨ ਫੀਫਾ ਫੁੱਟਬਾਲ ਕੱਪ ਦਾ ਫਾਈਨਲ ਮੁਕਾਬਲਾ ਹੋਇਆ।

ਫੀਫਾ ਦਾ ਇਹ ਫਾਈਨਲ ਮੈਚ ਪੂਰੀ ਦੁਨੀਆ ਵਿਚ ਜਿੱਤ, ਰੋਮਾਂਚ, ਜੋਸ਼ ਤੇ ਜਸ਼ਨ ਦੀ ਰਾਤ ਹੋ ਨਿਬੜਿਆ। ਅਜਿਹਾ ਸਮਾਂ ਇਤਿਹਾਸਕ ਛਿਣ ਹੁੰਦਾ ਹੈ ਜਦੋਂ ਰੰਗ ਰੂਪ, ਨਸਲਾਂ, ਭਾਸ਼ਾਵਾਂ ਤੇ ਰਾਸ਼ਟਰੀਅਤਾ ਤੋਂ ਉਪਰ ਉੱਠ ਕੇ ਸਿਰਫ਼ ਖੇਡ ਦਾ ਜਨੂੰਨ ਤੁਹਾਡੀਆਂ ਅੱਖਾਂ ਵਿਚ ਰੋਮਾਂਚ ਭਰ ਦਿੰਦਾ ਹੈ।

ਇਹ ਵੀ ਵਰਣਨਯੋਗ ਹੈ ਕਿ 18 ਦਸੰਬਰ ਕਤਰ ਦਾ ਕੌਮੀ ਦਿਹਾੜਾ ਵੀ ਹੁੰਦਾ ਹੈ ਅਤੇ ਇਸ ਵਾਰੀ ਇਹ ਪ੍ਰਸ਼ੰਸਕਾਂ ਦੇ ਮੇਲਾ ਹੋ ਨਿਬੜਿਆ।

ਮੇਰੀਆਂ ਅੱਖਾਂ ਸਾਹਮਣੇ ਰੋਮਾਂਚ, ਜੋਸ਼ ਤੇ ਜਨੂੰਨ ਨਾਲ ਭਰੇ ਰੰਗ-ਬਿਰੰਗੇ ਕੱਪੜਿਆਂ ’ਚ ਸਜੇ ਹੋਏ ਪੂਰੀ ਦੁਨੀਆ ਦੇ ਲੋਕ ਤੇ ਫਰਾਂਸ ਦੇ ਰਾਸ਼ਟਰਪਤੀ ਤੇ ਕਤਰ ਦੀ ਸਲਤਨਤ ਦੇ ਮੈਂਬਰ ਪਰਿਵਾਰਾਂ ਸਮੇਤ ਹਾਜ਼ਰ ਹਨ। ਪੂਰੀ ਦੁਨੀਆ ਤੋਂ ਆਏ ਲੋਕਾਂ ਦੀ ਗਿਣਤੀ ਇਕ ਲੱਖ ਤੋਂ ਵੀ ਜ਼ਿਆਦਾ ਹੋਵੇਗੀ ਜਿਨ੍ਹਾਂ ਨੇ ਇਹ ਵਿਸ਼ਵ ਕੱਪ ਫਾਈਨਲ ਆਪਣੀਆਂ ਟਿਕਟਾਂ ਦੇ ਬਾਵਜੂਦ ਸਟੇਡੀਅਮ ਵਿਚ ਅਤੇ ਇਸ ਤੋਂ ਇਲਾਵਾ ਬੀਚ, ਬਾਜ਼ਾਰ, ਸੜਕਾਂ ’ਤੇ ਬਹਿ ਕੇ ਵੇਖਿਆ।

ਫਰਾਂਸ ਤੇ ਅਰਜਨਟਾਈਨਾ ਦੀ ਇਸ ਟੱਕਰ ਵਿਚ ਖੇਡ ਦੇ ਰੋਮਾਂਚ ਦੇ ਸਿਤਾਰੇ ਖਿਡਾਰੀ ਕੇਲੀਅਨ ਮਬਾਪੇ ਤੇ ਲਿਓਨਲ ਮੈਸੀ ਵਰਗੇ ਸੁਪਰ ਸਟਾਰ ਸਨ। ਕਦੇ ਮੈਚ ਇਕਪਾਸੜ ਲੱਗਦਾ ਤੇ ਕਦੇ ਜੁਝਾਰੂ ਨੀਤੀ ਦਾ ਰੋਮਾਂਚ।

ਅਸਲ ਵਿਚ ਇਹ ਅੱਖਾਂ ਨੂੰ ਰਫ਼ਤਾਰ ਦਾ ਜਾਦੂ ਦਿਖਾਉਣ ਵਾਲਾ ਜਨੂੰਨੀ ਮੈਚ ਸੀ ਕਿ ਅੱਖ ਝਪਕਦੇ ਹੀ ਫੁੱਟਬਾਲ ਕਿਵੇਂ ਮੈਦਾਨ ’ਚ ਦਿਸ਼ਾਵਾਂ ਬਦਲਦੀ ਹੈ। ਇਹ ਲਿਓਨਲ ਮੈਸੀ ਦਾ ਧਮਾਲ ਸੀ। ਇਸ ਮੈਚ ਵਿਚ ਉਹ ਅਜਿਹਾ ਖਿਡਾਰੀ ਸੀ ਜਿਸ ਤੋਂ ਫਰਾਂਸੀਸੀ ਡਰ ਰਹੇ ਸਨ ਤੇ ਇਹ ਮਨੋਵਿਗਿਆਨਕ ਡਰ ਮੈਚ ਦੌਰਾਨ ਵੀ ਵੇਖਿਆ ਗਿਆ।

ਅਸਲ ਵਿਚ ਲਿਓਨਲ ਮੈਸੀ ਫੁੱਟਬਾਲ ਦਾ ਉਹ ਨਾਮ ਹੈ ਜਿਸ ਨੂੰ ਮੈਦਾਨ ’ਚ ਵੇਖਣਾ ਇਕ ਇਤਿਹਾਸਕ ਪਲ ਹੈ, ਉਸ ਦੇ ਪੈਰਾਂ ਨਾਲ ਜਿਵੇਂ ਫੁੱਟਬਾਲ ਚਿਪਕ ਜਾਂਦੀ ਹੈ। ਇਹੀ ਕਾਰਨ ਸੀ ਕਿ ਪੂਰੇ ਮੈਚ ਵਿਚ ਕਈ ਵਾਰੀ ਇਕਤਰਫ਼ਾ ਮੈਚ ਵੇਖਿਆ ਗਿਆ। ਇਹ ਵੀ ਵਰਣਨਯੋਗ ਹੈ ਕਿ ਅਰਜਨਟਾਈਨਾ ਨੇ 1978 ਤੇ 1986 ਵਿਚ ਫੀਫਾ ਵਰਲਡ ਕੱਪ ਜਿੱਤ ਕੇ ਆਪਣੇ ਦੇਸ਼ ਵਿਚ ਫੁੱਟਬਾਲ ਦਾ ਬੇਹੱਦ ਜਨੂੰਨ ਪੈਦਾ ਕੀਤਾ। 

ਸੰਯੁਕਤ ਅਰਬ ਅਮੀਰਾਤ (ਯੂਏਈ) ਦਾ ਕਤਰ ਇਕ ਅਜੂਬਾ ਹੋ ਗਿਆ ਹੈ। ਇਸ ਵਾਰ ਫੀਫਾ ਦੇ ਮੈਚਾਂ ਤੋਂ ਬਾਅਦ ਕਤਰ ਦੀ ਪਹਿਚਾਣ ਬਦਲ ਗਈ ਹੈ। ਅਸਲ ਵਿਚ ਇਸ ਨੂੰ ਅਰਬ ਤੇ ਇਸਲਾਮ ਦੀ ਪਹਿਚਾਣ ਨਾਲ ਵੀ ਜੋੜ ਕੇ ਵੇਖਿਆ ਗਿਆ ਹੈ। ਅਫ਼ਰੀਕੀ ਮਹਾਂਦੀਪ ਦੇ ਦੇਸ਼ ਮੋਰੱਕੋ ਦੀ ਟੀਮ ਜਿਵੇਂ ਤੀਜੇ ਸਥਾਨ ਲਈ ਕ੍ਰੋਏਸ਼ੀਆ ਨਾਲ ਭਿੜੀ ਸੀ, ਉਹ ਜਨੂੰਨ ਤੇ ਸਟੇਡੀਅਮ ਦਾ ਸ਼ੋਰ ਸਮੁੰਦਰ ਦੀਆਂ ਲਹਿਰਾਂ ਨੂੰ ਵੀ ਖੜ੍ਹੇ ਕਰਨ ਲਈ ਕਾਫ਼ੀ ਸੀ। ਇਹ ਨਜ਼ਾਰਾ ਅਰਜਨਟਾਈਨਾ ਤੇ ਫਰਾਂਸ ਦੇ ਮੈਚ ਵਿਚ ਵੀ ਦਿਖਾਈ ਦਿੱਤਾ।

ਦੁਨੀਆ ਭਰ ਦੇ ਪੱਤਰਕਾਰਾਂ ਤੇ ਮਾਹਿਰਾਂ ਅਨੁਸਾਰ ਕਤਰ ਨੇ ਇਸ ਲਈ 220 ਅਰਬ ਡਾਲਰ ਤੋਂ ਜ਼ਿਆਦਾ ਖ਼ਰਚ ਕੀਤਾ। ਇਹ ਅਰਬ ਤੇ ਇਸਲਾਮੀ ਦੇਸ਼ਾਂ ਦੀ ਆਪਣੀ ਪਹਿਚਾਣ ਹੈ। ਜਦੋਂ ਅਰਜਨਟਾਈਨਾ ਦਾ ਕਪਤਾਨ ਮੈਸੀ ਵਿਸ਼ਵ ਕੱਪ ਉਠਾ ਰਿਹਾ ਸੀ ਤਾਂ ਕਤਰ ਦੇ ਬਾਦਸ਼ਾਹ ਸ਼ੇਖ਼ ਤਾਮਿਕ ਬਿਨ ਹਮਦਾ ਅਲ-ਥਾਨੀ ਨੇ ਉਨ੍ਹਾਂ ਦੇ ਮੋਢੇ ’ਤੇ ਇਕ ਕਾਲਾ ਕੱਪੜਾ ਪਾ ਦਿੱਤਾ। ਇਹ ਅਰਬ ਦਾ ਚੋਗੇ ਵਰਗਾ ਕੱਪੜਾ ਸੀ। ਇਹ ਕਤਰ ਦਾ ਸ਼ਾਹੀ ਸਨਮਾਨ ਸੀ।

ਇਸ ਦੌਰਾਨ ਬਿਨਾਂ ਖੇਡੇ ਵੀ ਇਕ ਟੀਮ ਨੇ ਪੂਰੀ ਦੁਨੀਆਂ ਦੇ ਮੀਡੀਆ ਦੀਆਂ ਸੁਰਖ਼ੀਆਂ ਬਟੋਰੀਆਂ। 32 ਟੀਮਾਂ ਭਾਗ ਲੈ ਰਹੀਆਂ ਹਨ ਪਰ 33ਵੀਂ ਟੀਮ ਬਿਨਾਂ ਖੇਡੇ ਛਾ ਗਈ। ਉਹ ਸੀ ਫਲਸਤੀਨੀ ਫੁੱਟਬਾਲ ਟੀਮ। ਕਤਰ ਦੀਆਂ ਸੜਕਾਂ ’ਤੇ ਫਲਸਤੀਨੀ ਝੰਡਾ ਆਮ ਗੱਲ ਹੈ। ਜਿੱਤਿਆ ਕੋਈ ਵੀ ਹੋਵੇ ਪਰ ਇਸ ਮੈਚ ਦੀ ਪ੍ਰਕਿਰਿਆ ਵਿਚ ਇਕ ਜੇਤੂ ਫਲਸਤੀਨ ਦੀ ਟੀਮ ਵੀ ਹੈ। ਇਹ ਗੱਲ ਸਾਂਝੀ ਕਰਨਾ ਵਾਜਬ ਹੋਵੇਗਾ ਕਿ ਅਰਬ ਜਗਤ ਵਿਚ ਫਲਸਤੀਨ ਦਾ ਅਲੱਗ ਸਥਾਨ ਹੈ। ਪਿਛਲੇ ਮੈਚ ’ਚ ਸਪੇਨ ਵਿਰੁੱਧ ਜਿੱਤ ਤੋਂ ਬਾਅਦ ਮੋਰੱਕੋ ਦੀ ਟੀਮ ਨੇ ਮੈਦਾਨ ’ਚ ਫਲਸਤੀਨੀ ਝੰਡਾ ਝੁਲਾਇਆ ਤਾਂ ਅਲ ਰਿਆਨ ਦਾ ਐਜੂਕੇਸ਼ਨ ਸਿਟੀ ਸਟੇਡੀਅਮ ਜੈ ਅਰਬ ਦੇ ਨਾਅਰਿਆਂ ਨਾਲ ਗੂੰਜ ਉੱਠਿਆ ਸੀ। ਮੋਰੱਕੋ ਦੀ ਟੀਮ ਚਾਹੇ ਹਾਰ ਗਈ ਪਰ ਉਹ ਪਹਿਲੀ ਅਫ਼ਰੀਕੀ ਅਰਬੀ ਟੀਮ ਸੀ ਜਿਸ ਨੇ ਕ੍ਰੋਏਸ਼ੀਆ ਨਾਲ ਤੀਜੇ ਸਥਾਨ ਲਈ ਟੱਕਰ ਲਈ। ‘ਫਲਸਤੀਨ ਨੂੰ ਆਜ਼ਾਦ ਕਰੋ’ ਦੇ ਨਾਅਰੇ ਵੀ ਇੱਥੇ ਸੁਣੇ ਗਏ। ਇਕ ਫਲਸਤੀਨੀ ਪੱਤਰਕਾਰ ਨੇ ਦੱਸਿਆ ਕਿ ਸਾਲਾਂ ਦੀ ਨਿਰਾਸ਼ਾ ਤੋਂ ਬਾਅਦ ਪਹਿਲੀ ਵਾਰ ਫਲਸਤੀਨ ਨੂੰ ਅਰਬ ਜਗਤ ’ਚ ਮਾਨਤਾ ਮਿਲੀ ਹੈ।

ਖੱਬੇਪੱਖੀ ਅਖ਼ਬਾਰ ਹਾਰੇਜ਼ ਦੇ ਪੱਤਰਕਾਰ ਨੇ ਕਿਹਾ ਕਿ ਅਰਬ ਦੀ ਹਮਦਰਦੀ ਕਿਸ ਨਾਲ ਹੈ, ਇਹ ਵੀ ਇਸ ਮੈਚ ਤੋਂ ਬਾਅਦ ਪਤਾ ਲੱਗ ਗਈ ਹੈ। ਇੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਵੀ ਉੱਠੀ। ਡੈਨਮਾਰਕ ਦੀ ਟੀਮ ਨੇ ਆਪਣੀਆਂ ਜਰਸੀਆਂ ’ਤੇ ਨਾਅਰੇ ਲਿਖ ਕੇ ਪ੍ਰਦਰਸ਼ਨ ਵੀ ਕੀਤਾ।

ਟਾਈਮਜ਼ ਆਫ ਲੰਦਨ ਦੇ ਪੱਤਰਕਾਰ ਦੋਸਤਾਂ ਮੁਤਾਬਿਕ ਇੱਥੇ ਮਹਿਲਾਵਾਂ ਬਾਰੇ ਰਵੱਈਆ ਬਦਲਿਆ ਹੈ। ਅਸਲ ਕਤਰੀ ਲੋਕ ਪੱਛਮੀ ਪਹਿਰਾਵੇ ਵਾਲੀਆਂ ਔਰਤਾਂ ਨੂੰ ਨਹੀਂ ਵੇਖਦੇ। ਪਰ ਜਦੋਂ ਅਲ ਜ਼ਜੀਰਾ ਦੇ ਐਂਕਰ ਨੂੰ ਪੁੱਛਿਆ ਤਾਂ ਉਸ ਦਾ ਜਵਾਬ ਸੀ, ਬੁਰਕੇ ’ਚ ਐਂਕਰ ਇਹ ਹੁਣ ਸੰਭਵ ਨਹੀਂ ਹੈ। ਮਜ਼ੇਦਾਰ ਗੱਲ ਇਹ ਵੀ ਹੈ ਕਿ ਕਤਰ ਦੀ ਆਬਾਦੀ ਮਹਿਜ਼ 29 ਤੋਂ 30 ਲੱਖ ਹੈ। ਇਸ ਛੋਟੇ ਜਿਹੇ ਮੁਲਕ ਵਿਚ 87 ਫ਼ੀਸਦੀ ਵਿਦੇਸ਼ੀ ਹਨ ਜਿਨ੍ਹਾਂ ਵਿਚ ਸਭ ਤੋਂ ਜ਼ਿਆਦਾ ਭਾਰਤੀ ਮੂਲ ਦੇ ਲੋਕ ਹਨ।

ਕਤਰ ਨੇ 30 ਭਾਸ਼ਾਵਾਂ ’ਚ ਛਾਪ ਕੇ ਕੁਰਾਨ ਇੱਥੇ ਵੰਡੀ। ਫੀਫਾ ਮੁਖੀ ਦੀ ਟਿੱਪਣੀ ਵੀ ਦਿਲਚਸਪ ਰਹੀ ਜਿਸ ’ਚ ਕਤਰ ਦੀ ਪ੍ਰਸ਼ੰਸਾ ਕਰਦਿਆਂ ਉਸ ਨੇ ਕਿਹਾ: ‘‘ਇੱਥੇ ਆ ਕੇ ਮੈਂ ਵੀ ਕਤਰੀ ਹੋ ਗਿਆ ਹਾਂ।’’

ਕਤਰ ਦੇ ਲੁਸੇਲ ਸਟੇਡੀਅਮ ਵਿਚ ਜਦੋਂ ਮੈਸੀ ਨੇ ਵਿਸ਼ਵ ਕੱਪ ਦੀ ਖ਼ੂਬਸੂਰਤ ਟਰਾਫੀ ਨੂੰ ਚੁੰਮਿਆ ਤਾਂ ਇਹ ਕਿਸੇ ਪਰੀ ਕਹਾਣੀ ਦਾ ਪੰਨਾ ਜਾਪਿਆ। ਉਸ ਨੇ ਮੀਡੀਆ ਨੂੰ ਕਿਹਾ, ‘‘ਦਿਲ ’ਚ ਕਈ ਮੁਰਾਦਾਂ ਲਈ ਇਸ ਕਹਾਣੀ ਦੇ ਹਰ ਕਿਰਦਾਰ ਨੂੰ ਕਾਮਯਾਬੀ, ਸ਼ੋਹਰਤ ਤੇ ਖ਼ੁਸ਼ੀਆਂ ਲਈ ਮੁਬਾਰਕ। ਕਿਸੇ ਦੇ ਹਿੱਸੇ ਥੋੜ੍ਹੀ ਜ਼ਿਆਦਾ ਤੇ ਕਿਸੇ ਨੂੰ ਥੋੜ੍ਹੀ ਘੱਟ।’’

ਫੀਫਾ ਕੱਪ ਦੇ ਅੰਤ ’ਤੇ ਹੋਏ ਸਮਾਗਮ ਦੌਰਾਨ ਬੌਲੀਵੁੱਡ ਅਦਾਕਾਰਾ ਨੋਰਾ ਫ਼ਤੇਹੀ ਨੇ ਆਪਣੀ ਕਲਾ ਦਾ ਜਲਵਾ ਵਿਖਾਇਆ। ਨਾਇਜੀਰੀਆਈ ਅਮਰੀਕੀ ਸੰਗੀਤਕਾਰ ਡੈਵਿਡੋ ਨੇ ਆਪਣੀਆਂ ਸੰਗੀਤ ਲਹਿਰੀਆਂ ਨਾਲ ਜਨੂੰਨ ਨੂੰ ਰੋਮਾਂਚ ਨਾਲ ਭਰ ਦਿੱਤਾ ਸੀ। ਡਾਨਾ ਦਾ ਸਫੈ਼ਦ ਬੁਰਕੇ ਤੇ ਕਾਲੇ ਬੁਰਕਿਆਂ ਵਿਚ ਗਾਇਆ ਹਯਾ ਹਯਾ ਗੀਤ ਵੀ ਯਾਦਗਾਰੀ ਹੋ ਨਿਬੜਿਆ। ਹੋਰ ਕਲਾਕਾਰਾਂ ਨੇ ਵੀ ਕਮਾਲ ਦੀਆਂ ਪੇਸ਼ਕਾਰੀਆਂ ਨਾਲ ਸਮਾਂ ਬੰਨ੍ਹਿਆ।

ਅਰਜਨਟਾਈਨਾ ਦੇ ਇਕ ਪੱਤਰਕਾਰ ਨੇ ਕਿਹਾ ਕਿ ਇਹ ਜਿੱਤ ਇਕ ਮਾਂ ਤੇ ਬੱਚੇ ਦੀ ਕਹਾਣੀ ਹੈ ਜੋ 18 ਵਰ੍ਹਿਆਂ ਬਾਅਦ ਆਪਣੀ ਮਾਂ ਕੋਲ ਆਇਆ ਹੈ। ਅਸਲ ’ਚ ਇਹ ਮੈਸੀ ਤੇ ਕੱਪ ਦੀਆਂ ਦੂਰੀਆਂ ਮਿਟਾਉਣ ਵਾਲਾ ਇਤਿਹਾਸਕ ਛਿਣ ਸੀ।

ਇਸ ਖੇਡ ਨੇ ਇਹ ਵੀ ਸਾਬਿਤ ਕੀਤਾ ਹੈ ਕਿ ਹਿੰਮਤ, ਜਨੂੰਨ ਤੇ ਜੋਸ਼ ਕੁਝ ਵੀ ਕਰ ਸਕਦਾ ਹੈੈ। ਮੈਸੀ ਨੂੰ ਫਾਈਨਲ ਮੈਚ ਵਿਚ ‘ਗੋਲਡਨ ਬਾਲ’ ਸਨਮਾਨ ਮਿਲਿਆ ਜਦੋਂਕਿ ਐਮਬਾਪੇ ਨੂੰ ‘ਗੋਲਡਨ ਬੂਟ’ ਸਨਮਾਨ ਦਿੱਤਾ ਗਿਆ। ਦੋਵਾਂ ਗੋਲਕੀਪਰਾਂ ਨੂੰ ਸਨਮਾਨਿਆ ਗਿਆ। ਫੀਫਾ ਦੇ ਜਲਵੇ ਨੂੰ ਹਜ਼ਾਰਾਂ ਚੈਨਲਾਂ, ਪੂਰੀ ਦੁਨੀਆ ਦੀਆਂ ਵੈੱਬਸਾਈਟਾਂ ’ਤੇ ਪੂਰੀ ਦੁਨੀਆ ਦੇ ਲੋਕਾਂ ਨੇ ਵੇਖ ਕੇ ਰਿਕਾਰਡ ਕਾਇਮ ਕੀਤਾ। ਇਹ ਵਿਸ਼ਵ ਕੱਪ ਯਾਦਗਾਰੀ ਹੋ ਨਿਬੜਿਆ।