ਫੀਫਾ ਵਿਸ਼ਵ ਕੱਪ-ਭਾਰਤ ’ਚ ਮਨਾਏ ਗਏ ਅਰਜਨਟੀਨਾ ਦੀ ਜਿੱਤ ਦੇ ਜਸ਼ਨ

ਫੀਫਾ ਵਿਸ਼ਵ ਕੱਪ-ਭਾਰਤ ’ਚ ਮਨਾਏ ਗਏ ਅਰਜਨਟੀਨਾ ਦੀ ਜਿੱਤ ਦੇ ਜਸ਼ਨ

ਨੀਲੇ ਰੰਗ ਦੀਆਂ ਜਰਸੀਆਂ ਪਾ ਕੇ ਸੜਕਾਂ ’ਤੇ ਉੱਤਰੇ ਸਮਰਥਕ, ‘ਮੈਸੀ ਮੈਸੀ’ ਦੇ ਲਾਏ ਨਾਅਰੇ
ਕੋਲਕਾਤਾ/ਤਿਰੂਵਨੰਤਪੁਰਮ- ਫੀਫਾ ਵਿਸ਼ਵ ਕੱਪ ਵਿੱਚ ਅਰਜਨਟੀਨਾ ਦੀ ਜਿੱਤ ਮਗਰੋਂ ਐਤਵਾਰ ਦੇਰ ਰਾਤ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਡੇ ਪੱਧਰ ’ਤੇ ਜਸ਼ਨ ਮਨਾਏ ਗਏ। ਕੋਲਕਾਤਾ, ਕੋਚੀ, ਤਿਰੂਵਨੰਤਪੁਰਮ, ਪਣਜੀ ਅਤੇ ਇੰਫਾਲ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਜਸ਼ਨ ਮਨਾਉਣ ਲਈ ਸੜਕਾਂ ’ਤੇ ਉੱਤਰੇ ਸਮਰਥਕਾਂ ਨੇ ਨੀਲੇ ਰੰਗ ਦੀਆਂ ਜਰਸੀਆਂ ਅਤੇ ਸਟਾਰ ਖਿਡਾਰੀ ਲਿਓਨਲ ਮੈਸੀ ਦੇ ਫਲੈਕਸ ਚੁੱਕੇ ਹੋਏ ਸਨ। ਅਰਜਨਟੀਨਾ ਨੇ ਐਤਵਾਰ ਨੂੰ ਫਾਈਨਲ ’ਚ ਫਰਾਂਸ ਨੂੰ ਪੈਨਲਟੀ ਸ਼ੂਟਆਊਟ ਵਿੱਚ 4-2 ਨਾਲ ਹਰਾ ਕੇ 36 ਸਾਲਾਂ ਦੇ ਵਿਸ਼ਵ ਖਿਤਾਬ ਦੇ ਸੋਕੇ ਨੂੰ ਖਤਮ ਕਰ ਕੇ ਤੀਜੀ ਵਾਰ ਵਿਸ਼ਵ ਕੱਪ ਜਿੱਤਿਆ। ਮੈਚ ਨਿਯਮਤ ਸਮੇਂ ਤੋਂ ਬਾਅਦ 2-2 ਅਤੇ ਵਾਧੂ ਸਮੇਂ ਦੇ 30 ਮਿੰਟ ਬਾਅਦ 3-3 ਨਾਲ ਬਰਾਬਰ ਰਿਹਾ, ਜਿਸ ਤੋਂ ਬਾਅਦ ਨਤੀਜਾ ਸ਼ੂਟ ਆਊਟ ਰਾਹੀਂ ਤੈਅ ਕੀਤਾ ਗਿਆ।

ਇਸ ਦੌਰਾਨ ਕੋਲਕਾਤਾ ਅਤੇ ਪੱਛਮੀ ਬੰਗਾਲ ਦੇ ਹੋਰ ਹਿੱਸਿਆਂ ਵਿੱਚ ਪ੍ਰਸ਼ੰਸਕਾਂ ਨੇ ਪਟਾਕੇ ਚਲਾਏ ਅਤੇ ਅਰਜਨਟੀਨਾ ਦਾ ਕੌਮੀ ਝੰਡਾ ਲਹਿਰਾਇਆ। ਮੈਚ ਦੇਖਣ ਲਈ ਕਮਿਊਨਿਟੀ ਹਾਲਾਂ ਅਤੇ ਕਲੱਬਾਂ ਵਿੱਚ ਵੱਡੀਆਂ ਸਕਰੀਨਾਂ ਲਗਾਈਆਂ ਗਈਆਂ ਸਨ। ਕੋਲਕਾਤਾ ’ਚ ਅਰਜਨਟੀਨਾ ਦੇ ਕਈ ਸਮਰਥਕਾਂ ’ਚੋਂ ਇਕ ਸੁਜਾਨ ਦੱਤਾ ਨੇ ਕਿਹਾ, ‘‘ਇਹ ਸ਼ਾਨਦਾਰ ਜਿੱਤ ਦੇਖਣ ਲਈ ਕਾਸ਼ ਡਿਏਗੋ ਮੈਰਾਡੋਨਾ ਜਿਉਂਦਾ ਹੁੰਦੇ।’’

ਕੇਰਲ ਦੀਆਂ ਸੜਕਾਂ ਇੰਜ ਲੱਗ ਰਹੀਆਂ ਸਨ ਜਿਵੇਂ ਇਹ ਕੇਰਲ ਨਹੀਂ, ਅਰਜਨਟੀਨਾ ਹੋਵੇ। ਹਰ ਉਮਰ ਵਰਗ ਦੇ ਲੋਕ ਅਰਜਨਟੀਨਾ ਦੇ ਰੰਗਾਂ ਵਿੱਚ ਰੰਗੇ ਹੋਏ ਸਨ ਅਤੇ ਆਤਿਸ਼ਬਾਜ਼ੀ ਚਲਾ ਰਹੇ ਸਨ। ਉਹ ਅਰਜਨਟੀਨਾ ਦੇ ਸਟਾਰ ਲਿਓਨਲ ਮੈਸੀ ਦੇ ਨਾਂ ਦੇ ਨਾਅਰੇ ਲਗਾ ਰਹੇ ਸਨ। ਤਿਰੂਵਨੰਤਪੁਰਮ ਅਤੇ ਕੋਚੀ ਵਿੱਚ ਵੀ ਵੱਡੇ ਪੱਧਰ ’ਤੇ ਜਸ਼ਨ ਮਨਾਏ ਗਏ।