ਫੀਫਾ ਵਿਸ਼ਵ ਕੱਪ: ‘ਜੋਸ਼ ਸਿੰਘ’ ਦਾ ਹੱਥ ਫੜ ਮੈਦਾਨ ’ਚ ਨਿੱਤਰਿਆ ਨੇਮਾਰ

ਫੀਫਾ ਵਿਸ਼ਵ ਕੱਪ: ‘ਜੋਸ਼ ਸਿੰਘ’ ਦਾ ਹੱਥ ਫੜ ਮੈਦਾਨ ’ਚ ਨਿੱਤਰਿਆ ਨੇਮਾਰ

ਚੰਡੀਗੜ੍ਹ :ਪੰਜ ਵਾਰ ਦੇ ਫੀਫਾ ਵਿਸ਼ਵ ਕੱਪ ਚੈਂਪੀਅਨ ਬ੍ਰਾਜ਼ੀਲ ਨੇ ਕਤਰ ਦੇ ਲੁਸੇਲ ਸਟੇਡੀਅਮ ਵਿੱਚ ਵੀਰਵਾਰ ਦੇਰ ਰਾਤ ਸਰਬੀਆ ਖਿਲਾਫ਼ ਖੇਡੇ ਮੈਚ ਵਿੱਚ 2-0 ਨਾਲ ਜਿੱਤ ਦਰਜ ਕਰਦਿਆਂ ਆਪਣੀ ਮੁਹਿੰਮ ਦੀ ਸ਼ੁਰੂਆਤ ਕੀਤੀ। ਹਾਲਾਂਕਿ ਮੈਚ ਦੀ ਸ਼ੁਰੂਆਤ ਤੋਂ ਪਹਿਲਾਂ ਬ੍ਰਾਜ਼ੀਲੀ ਕਪਤਾਨ ਨੇਮਾਰ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਿਆ। ਦੋਵਾਂ ਟੀਮਾਂ ਦੇ ਖਿਡਾਰੀ ਰਾਸ਼ਟਰੀ ਗਾਣ ਦੀ ਰਸਮ ਲਈ ਮੈਦਾਨ ’ਤੇ ਆਏ ਤਾਂ ਨੇਮਾਰ ਨੇ ਇਕ ਸਿੱਖ ਮੁੰਡੇ ਦਾ ਹੱਥ ਫੜਿਆ ਹੋਇਆ ਸੀ। ਬ੍ਰਾਜ਼ੀਲੀ ਰਾਸ਼ਟਰੀ ਗਾਣ ਮੌਕੇ ਇਹ ਸਿੱਖ ਮੁੰਡਾ ਨੇਮਾਰ ਦੇ ਬਿਲਕੁਲ ਅੱਗੇ ਖੜ੍ਹਾ ਨਜ਼ਰ ਆਇਆ। ਨੇਮਾਰ ਤੇ ਸਿੱਖ ਮੁੰਡੇ ਵਾਲੀ ਵੀਡੀਓ ਮਗਰੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਗਈ। ਇੰਸਟਾਗ੍ਰਾਮ ’ਤੇ ਅਪਲੋਡ ਕੀਤੀ ਇਸ ਵੀਡੀਓ ਵਿੱਚ ਨੇਮਾਰ ਨੂੰ ਸਿੱਖ ਮੁੰਡੇ ਨਾਲ ਵੇਖਿਆ ਜਾ ਸਕਦਾ ਹੈ। ਮੈਦਾਨ ਵਿੱਚ ਕੀਤੇ ਜਾ ਰਹੇ ਐਲਾਨਾਂ ਦਰਮਿਆਨ ਨੇਮਾਰ ਨੇ ਸਿੱਖ ਮੁੰਡੇ ਦੇ ਮੋਢੇ ’ਤੇ ਹੱਥ ਰੱਖਿਆ ਹੋਇਆ ਹੈ। ਇੰਸਟਾਗ੍ਰਾਮ ਪੇਜ @ਸਿੱਖਐਕਸਪੋ ਮੁਤਾਬਕ ਸਿੱਖ ਮੁੰਡੇ ਦੀ ਪਛਾਣ ਜੋਸ਼ ਸਿੰਘ ਵਜੋਂ ਦੱਸੀ ਗਈ ਹੈ। ਹੇਠਾਂ ਕੈਪਸ਼ਨ ਲਿਖੀ ਹੈ: ‘ਸਾਡਾ ਛੋਟਾ ਆੜੀ ਜੋਸ਼ ਸਿੰਘ ਕਤਰ ਵਿੱਚ ਅੱਜ ਵਿਸ਼ਵ ਕੱਪ ਦੌਰਾਨ ਬ੍ਰਾਜ਼ੀਲ ਦੇ ਨੇਮਾਰ ਨਾਲ ਆਇਆ। ਨੇਮਾਰ ਬ੍ਰਾਜ਼ੀਲ ਲਈ ਖੇਡਣ ਵਾਲੇ ਵਿਸ਼ਵ ਦੇ ਮਹਾਨ ਫੁਟਬਾਲ ਖਿਡਾਰੀਆਂ ’ਚੋਂ ਇਕ ਹੈ।’’