ਫਿਰੌਤੀ ਲਈ ਧਮਕਾਉਣ ਵਾਲੇ ਗਰੋਹ ਦੇ ਸੱਤ ਮੈਂਬਰ ਗ੍ਰਿਫ਼ਤਾਰ

ਫਿਰੌਤੀ ਲਈ ਧਮਕਾਉਣ ਵਾਲੇ ਗਰੋਹ ਦੇ ਸੱਤ ਮੈਂਬਰ ਗ੍ਰਿਫ਼ਤਾਰ

ਕੈਨੇਡਾ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਕਰਦੇ ਸੀ ਕੰਮ; ਕਾਰ, ਮੋਟਰਸਾੲੀਕਲ ਤੇ ਅਸਲਾ ਬਰਾਮਦ
ਐਸ.ਏ.ਐਸ. ਨਗਰ (ਮੁਹਾਲੀ)- ਮੁਹਾਲੀ ਪੁਲੀਸ ਨੇ ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਅਤੇ ਕਾਲਾ ਰਾਣਾ ਦੇ ਇਸ਼ਾਰੇ ’ਤੇ ਮੁਹਾਲੀ ਸਮੇਤ ਟਰਾਈਸਿਟੀ ਵਿੱਚ ਫਿਰੌਤੀ ਮੰਗਣ ਲਈ ਲੋਕਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਵਾਲੇ ਗਰੋਹ ਦਾ ਪਰਦਾਫਾਸ਼ ਕਰ ਕੇ ਸੱਤ ਮੁਲਜ਼ਮਾਂ ਨੂੰ ਮਾਰੂ ਹਥਿਆਰਾਂ ਸਣੇ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਇਕ ਪੱਤਰਕਾਰ ਸੰਮੇਲਨ ਦੌਰਾਨ ਮੁਹਾਲੀ ਦੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦਿੱਤੀ।
ਐੱਸਐੱਸਪੀ ਨੇ ਦੱਸਿਆ ਕਿ ਬੀਤੀ 8 ਜੂਨ ਨੂੰ ਅਣਪਛਾਤੇ ਵਿਅਕਤੀਆਂ ਵੱਲੋਂ ਰੋਹਿਤ ਗੁਪਤਾ ਉਰਫ਼ ਸੋਨੂੰ ਵਾਸੀ ਧਨਾਸ ਨੂੰ ਪਿੰਡ ਝਾਮਪੁਰ ਵਿੱਚ ਉਸ ਦੇ ਸਟੋਰ ’ਤੇ ਫਾਇਰਿੰਗ ਕਰ ਕੇ ਜ਼ਖ਼ਮੀ ਕਰ ਦਿੱਤਾ ਗਿਆ ਸੀ। ਇਸ ਸਬੰਧੀ ਬਲੌਂਗੀ ਥਾਣੇ ਵਿੱਚ ਕੇਸ ਦਰਜ ਕੀਤਾ ਸੀ। ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਐਸਪੀ (ਡੀ) ਅਮਨਦੀਪ ਸਿੰਘ ਬਰਾੜ, ਐੱਸਪੀ (ਦਿਹਾਤੀ) ਮਨਪ੍ਰੀਤ ਸਿੰਘ, ਡੀਐੱਸਪੀ (ਡੀ) ਗੁਰਸ਼ੇਰ ਸਿੰਘ ਸੰਧੂ, ਡੀਐੱਸਪੀ ਖਰੜ ਰੁਪਿੰਦਰਦੀਪ ਕੌਰ ਸੋਹੀ, ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਸ਼ਿਵ ਕੁਮਾਰ ਤੇ ਬਲੌਂਗੀ ਥਾਣੇ ਦੇ ਐੱਸਐੱਚਓ ਪੀ.ਐੱਸ. ਗਰੇਵਾਲ ਦੀ ਅਗਵਾਈ ਹੇਠ ਦੋ ਵੱਖ-ਵੱਖ ਟੀਮਾਂ ਦਾ ਗਠਨ ਕਰ ਕੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕਰ ਦਿੱਤੀ ਗਈ। ਇਸ ਦੌਰਾਨ ਪੁਲੀਸ ਨੇ ਉਕਤ ਗਰੋਹ ਦਾ ਪਰਦਾਫਾਸ਼ ਕਰ ਕੇ ਸੱਤ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਕੋਲੋਂ 32 ਬੋਰ ਦੇ ਦੋ ਪਿਸਤੌਲ, ਪੰਜ ਰੌਂਦ, ਇੱਕ ਕਾਰ ਅਤੇ ਇੱਕ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ।
ਐੱਸਐੱਸਪੀ ਗਰਗ ਨੇ ਦੱਸਿਆ ਕਿ ਮੁਲਜ਼ਮਾਂ ਨੇ ਕੈਨੇਡਾ ਬੈਠੇ ਗੈਂਗਸਟਰ ਪ੍ਰਿੰਸ ਚੌਹਾਨ ਅਤੇ ਸੰਦੀਪ ਉਰਫ਼ ਕਾਲਾ ਰਾਣਾ ਦੇ ਇਸ਼ਾਰੇ ’ਤੇ ਰੋਹਿਤ ਕੁਮਾਰ ਤੋਂ ਫਿਰੌਤੀ ਦੇ ਪੈਸੇ ਨਾ ਮਿਲਣ ਕਾਰਨ ਉਸ ’ਤੇ ਫਾਇਰਿੰਗ ਕਰ ਕੇ ਉਸ ਨੂੰ ਜ਼ਖ਼ਮੀ ਕੀਤਾ ਸੀ। ਇਸ ਮਾਮਲੇ ਵਿੱਚ ਮਨਵੀਰ ਸਿੰਘ ਉਰਫ਼ ਮਨਵੀਰ ਰਾਣਾ ਤੇ ਮਨੀਸ਼ ਸੈਣੀ ਉਰਫ਼ ਮਨੀ ਦੋਵੇਂ ਵਾਸੀਆਨ ਪੰਚਕੂਲਾ, ਦੀਪਕ ਕੁਮਾਰ ਉਰਫ਼ ਦੀਪੂ ਵਾਸੀ ਪਿੰਡ ਮੋਨੀ (ਪੰਚਕੂਲਾ), ਪ੍ਰਵੀਨ ਕੁਮਾਰ ਵਾਸੀ ਪਿੰਡ ਘਰਾਉਣਾ (ਕਰਨਾਲ), ਨਿਖਿਲ ਕੁਮਾਰ ਵਾਸੀ ਨਵਾਂ ਗਰਾਓਂ, ਰੋਹਿਤ ਕੁਮਾਰ ਉਰਫ਼ ਪੀਨ ਵਾਸੀ ਡੱਡੂਮਾਜਰਾ ਕਾਲੋਨੀ ਚੰਡੀਗਡ਼੍ਹ ਤੇ ਦਿਕਸਾੜ ਉਰਫ਼ ਦਿਸੂ ਪਿੰਡ ਪਿਆਰੇਵਾਲਾ (ਪੰਚਕੂਲਾ) ਨੂੰ ਕਾਬੂ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਕੈਨੇਡਾ ਰਹਿੰਦੇ ਗੈਂਗਸਟਰ ਪ੍ਰਿੰਸ ਚੌਹਾਨ ਤੇ ਸੰਦੀਪ ਉਰਫ਼ ਕਾਲਾ ਅਤੇ ਦਿਲਬਰ ਵਾਸੀ ਤੇਰੇ ਵਾਲੀ, ਥਾਣਾ ਨਰਾਇਣਗੜ੍ਹ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ।