ਫਾਜ਼ਿਲਕਾ ਦੇ ਸਰਹੱਦੀ ਖੇਤਰ ’ਚੋਂ 27 ਕਿਲੋ ਹੈਰੋਇਨ ਬਰਾਮਦ

ਫਾਜ਼ਿਲਕਾ ਦੇ ਸਰਹੱਦੀ ਖੇਤਰ ’ਚੋਂ 27 ਕਿਲੋ ਹੈਰੋਇਨ ਬਰਾਮਦ

ਫਾਜ਼ਿਲਕਾ- ਇਥੇ ਭਾਰਤ-ਪਾਕਿਸਤਾਨ ਸਰਹੱਦ ’ਤੇ ਕੌਮਾਂਤਰੀ ਚੌਕੀ ਸਵਾਰ ਵਾਲੀ ਨੇੜੇ ਸਥਿਤ ਸਰਹੱਦੀ ਪਿੰਡ ਚੂਹੜੀ ਵਾਲਾ ਚਿਸ਼ਤੀ ਦੇ ਖੇਤਾਂ ਵਿੱਚੋਂ ਬੀਐੱਸਐੱਫ ਦੇ ਜਵਾਨਾਂ ਨੇ ਲਗਪਗ 27 ਕਿੱਲੋ ਹੈਰੋਇਨ ਤੇ ਹਥਿਆਰ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਇਹ ਹੈਰੋਇਨ ਡਰੋਨ ਰਾਹੀਂ ਪਾਕਿਸਤਾਨ ਤੋਂ ਭਾਰਤ ਵੱਲ ਭੇਜੀ ਗਈ ਹੈ, ਜਿਸ ਦੀ ਸੂਹ ਮਿਲਣ ’ਤੇ ਬੀਐੱਸਐੱਫ ਜਵਾਨਾਂ ਨੇ ਡਰੋਨ ਦਾ ਪਿੱਛਾ ਕੀਤਾ ਤੇ ਉਸ ’ਤੇ ਗੋਲੀਬਾਰੀ ਕੀਤੀ।

ਇਸ ਦੌਰਾਨ ਡਰੋਨ ਵਾਪਸ ਪਰਤ ਗਿਆ। ਇਸ ਮਗਰੋਂ ਬੀਐੱਸਐੱਫ ਦੇ ਜਵਾਨਾਂ ਵੱਲੋਂ ਵਿੱਢੀ ਗਈ ਤਲਾਸ਼ੀ ਮੁਹਿੰਮ ਦੌਰਾਨ ਉਕਤ ਇਲਾਕੇ ਵਿੱਚੋਂ ਹੈਰੋਇਨ ਦੇ 30 ਪੈਕੇਟ ਬਰਾਮਦ ਕੀਤੇ ਗਏ, ਜਿਨ੍ਹਾਂ ਦਾ ਵਜ਼ਨ 26 ਕਿੱਲੋ 850 ਗ੍ਰਾਮ ਬਣਦਾ ਹੈ। ਇਸ ਦੌਰਾਨ ਹਥਿਆਰ ਬਰਾਮਦ ਕੀਤੇ ਗਏ ਹਨ। ਇਸ ਮੌਕੇ ਖੇਪ ਪ੍ਰਾਪਤ ਕਰਨ ਆਏ ਤਿੰਨ-ਚਾਰ ਸ਼ੱਕੀਆਂ ’ਤੇ ਵੀ ਬੀਐੱਸਐੱਫ ਵੱਲੋਂ ਗੋਲੀਬਾਰੀ ਕੀਤੀ ਗਈ, ਪਰ ਉਹ ਭੱਜਣ ਵਿੱਚ ਕਾਮਯਾਬ ਰਹੇ। ਬੀਐੱਸਐੱਫ ਦੇ ਡੀਆਈਜੀ ਵੀਕੇ ਬਾੜੋਲਾ ਨੇ ਦੱਸਿਆ ਕਿ ਬੀਐੱਸਐੱਫ ਦੀ 55 ਬਟਾਲੀਅਨ ਦੇ ਜਵਾਨਾਂ ਨੇ ਬੀਤੀ ਰਾਤ ਲਗਪਗ 12 ਵਜੇ ਡਰੋਨ ਦੀ ਆਵਾਜ਼ ਸੁਣੀ ਸੀ, ਜਿਸ ਮਗਰੋਂ ਉਕਤ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਫੌਜ ਵੱਲੋਂ ਲਈ ਗਈ ਤਲਾਸ਼ੀ ਦੌਰਾਨ 10 ਪੈਕੇਟ ਹੈਰੋਇਨ, ਇੱਕ ਪਿਸਤੌਲ, ਦੋ ਮੈਗਜ਼ੀਨ ਤੇ 50 ਕਾਰਤੂਸ ਬਰਾਮਦ ਹੋਏ ਸਨ। ਇਸ ਮਗਰੋਂ ਪੰਜਾਬ ਪੁਲੀਸ ਦੇ ਜਵਾਨਾਂ ਨੇ ਵੀ ਇਲਾਕੇ ਦੀ ਤਲਾਸ਼ੀ ਲਈ, ਜਿਸ ਦੌਰਾਨ ਉਥੋਂ 20 ਹੋਰ ਪੈਕੇਟ ਹੈਰੋਇਨ ਬਰਾਮਦ ਹੋਈ। ਇਸ ਮੌਕੇ ਫਾਜ਼ਿਲਕਾ ਦੇ ਐੱਸਐੱਸਪੀ ਭੁਪਿੰਦਰ ਸਿੰਘ ਨੇ ਕਿਹਾ ਕਿ ਪੁਲੀਸ ਵਾਲੋਂ ਹਾਲੇ ਵੀ ਇਲਾਕੇ ’ਚ ਤਲਾਸ਼ੀ ਜਾਰੀ ਹੈ ਤੇ ਛੇਤੀ ਹੀ ਇਸ ਖੇਪ ਨੂੰ ਚੁੱਕਣ ਆਏ ਸ਼ੱਕੀਆਂ ਦਾ ਵੀ ਪਤਾ ਲਗਾ ਲਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਅੱਜ ਬਰਾਮਦ ਕੀਤੀ ਗਈ ਹੈਰੋਇਨ ਦਾ ਕੌਮਾਂਤਰੀ ਬਾਜ਼ਾਰ ਵਿੱਚ ਮੁੱਲ 134 ਕਰੋੜ ਰੁਪਏ ਦੱਸਿਆ ਜਾ ਰਿਹਾ ਹੈ।