ਫਾਜ਼ਿਲਕਾ ਦੇ ਤਿੰਨ ਪਿੰਡਾਂ ’ਚ ਹੜ੍ਹ ਨੇ ਮਚਾਈ ਤਬਾਹੀ; ਲੋਕ ਸਹਿਮੇ

ਫਾਜ਼ਿਲਕਾ ਦੇ ਤਿੰਨ ਪਿੰਡਾਂ ’ਚ ਹੜ੍ਹ ਨੇ ਮਚਾਈ ਤਬਾਹੀ; ਲੋਕ ਸਹਿਮੇ

ਫਾਜ਼ਿਲਕਾ- ਇੱਥੋਂ ਦੇ ਸਰਹੱਦੀ ਪਿੰਡ ਝੰਗੜ ਭੈਣੀ, ਰਾਮ ਸਿੰਘ ਵਾਲੀ ਭੈਣੀ ਅਤੇ ਰੇਤੇ ਵਾਲੀ ਭੈਣੀ ਵਿੱਚ ਹੜ੍ਹ ਨੇ ਕਈ ਘਰ ਅਤੇ ਫ਼ਸਲਾਂ ਤਬਾਹ ਕਰ ਦਿੱਤੀਆਂ ਹਨ। ਪਿੰਡ ਦੇ ਆਲੇ-ਦੁਆਲੇ ਜਿੱਧਰ ਵੀ ਨਜ਼ਰ ਮਾਰੋ ਦੂਰ-ਦੂਰ ਤੱਕ ਪਾਣੀ ਹੀ ਪਾਣੀ ਨਜ਼ਰ ਆਉਂਦਾ ਹੈ। ਹੜ੍ਹ ਦਾ ਪਾਣੀ ਕੁਝ ਲੋਕਾਂ ਦੇ ਘਰਾਂ ਵਿੱਚ ਵੀ ਵੜ ਗਿਆ ਹੈ। ਪਿੰਡ ਝੰਗੜ ਭੈਣੀ ਦੇ ਵਾਸੀ ਦਰਸ਼ਨ ਸਿੰਘ, ਰਾਜ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਅਤੇ ਆਸ-ਪਾਸ ਦੇ ਖੇਤਰ ਵਿੱਚ ਕਰੀਬ 800 ਏਕੜ ਫਸਲ ਹੜ੍ਹ ਨਾਲ ਤਬਾਹ ਹੋ ਗਈ ਹੈ। ਇਸ ਤੋਂ ਇਲਾਵਾ ਦੋ ਦਰਜਨ ਮਕਾਨਾਂ ਨੂੰ ਭਾਰੀ ਨੁਕਸਾਨ ਪੁੱਜਿਆ ਹੈ ਅਤੇ ਕੁਝ ਢਹਿ-ਢੇਰੀ ਵੀ ਹੋਏ ਹਨ। ਉਨ੍ਹਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਆਏ ਹੜ੍ਹ ਵਿੱਚ ਕੁਝ ਕਿਸਾਨਾਂ ਦੀ ਫ਼ਸਲ ਤਬਾਹ ਹੋ ਗਈ ਸੀ। ਇਸ ਤੋਂ ਬਾਅਦ ਉਨ੍ਹਾਂ ਦੁਬਾਰਾ ਝੋਨਾ ਲਾਇਆ, ਜੋ ਹੁਣ ਲਗਾਤਾਰ ਦੂਜੇ ਹੜ੍ਹ ਨਾਲ ਬਰਬਾਦ ਗਿਆ। ਉਨ੍ਹਾਂ ਦੱਸਿਆ ਕਿ ਇੱਥੇ ਰਹਿੰਦੇ ਵਧੇਰੇ ਕਿਸਾਨਾਂ ਦੀਆਂ ਜ਼ਮੀਨਾਂ ਕੱਚੀਆਂ ਹਨ, ਜੋ ਲਾਲ ਲਕੀਰ ਵਿੱਚ ਆਉਂਦੀਆਂ ਹਨ। ਇਸ ਕਾਰਨ ਉਨ੍ਹਾਂ ਨੂੰ ਫਸਲਾਂ ਦੇ ਨੁਕਸਾਨ ਦਾ ਕੋਈ ਮੁਆਵਜ਼ਾ ਨਹੀਂ ਮਿਲਦਾ। ਇਸੇ ਹੀ ਪਿੰਡ ਦੇ ਵਾਸੀ ਅਤੇ ਬਲਾਕ ਸਮਿਤੀ ਮੈਂਬਰ ਸ਼ੁਬੇਗ ਸਿੰਘ ਝੰਗੜ ਭੈਣੀ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਉਨ੍ਹਾਂ ਦੀਆਂ ਕੱਚੀਆਂ ਜ਼ਮੀਨਾਂ ਪੱਕੀਆਂ ਕਰਕੇ ਪੱਕੇ ਮਾਲਕ ਬਣਾਇਆ ਜਾਵੇ। ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਤੁਰੰਤ ਮੁਹੱਈਆ ਕਰਵਾਇਆ ਜਾਵੇ। ਸਰਕਾਰ ਵੱਲੋਂ ਸਹੂਲਤਾਂਨਾ ਮਿਲਣ ਕਾਰਨ ਲੋਕ ਜਲ-ਥਲ ਹੋਏ ਘਰਾਂ ਵਿੱਚ ਰਹਿਣ ਲਈ ਮਜਬੂਰ ਹਨ। ਕੈਂਪਾਂ ਵਿੱਚ ਵੀ ਸਹੂਲਤਾਂ ਨਹੀਂ ਮਿਲ ਰਹੀਆਂ। ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮਦਦ ਸਿਰਫ਼ ਸਮਾਜ ਸੇਵੀ ਅਤੇ ਉਨ੍ਹਾਂ ਦੇ ਸੰਗੀ ਸਾਥੀਆਂ ਹੀ ਕਰ ਰਹੇ ਹਨ, ਸਰਕਾਰ ਸਿਰਫ਼ ਦਿਖਾਵਾ ਮਾਤਰ ਹੀ ਹੈ। ਭਰੇ ਮਨ ਨਾਲ ਮਜ਼ਦੂਰਾਂ ਅਤੇ ਕਿਸਾਨਾਂ ਨੇ ਕਿਹਾ ਕਿ ਜੇ ਸਰਕਾਰ ਜ਼ਮੀਨੀ ਅਤੇ ਹਕੀਕੀ ਤੌਰ ’ਤੇ ਮਦਦ ਕਰਨਾ ਚਾਹੁੰਦੀ ਹੈ ਤਾਂ ਪਹਿਲਾਂ ਉਨ੍ਹਾਂ ਨੂੰ ਲਗਾਤਾਰ ਪੈਂਦੀ ਹੜ੍ਹਾਂ ਦੀ ਮਾਰ ਦਾ ਪੱਕਾ ਪ੍ਰਬੰਧ ਕਰਨ ਲਈ ਯੋਜਨਾ ਬਣਾਈ ਜਾਵੇ ਤਾਂ ਜੋ ਉਹ ਮੰਗਣ ਨਾਲੋਂ ਆਪਣੇ ਪੈਰਾਂ ’ਤੇ ਆਪ ਖੜ੍ਹੇ ਹੋ ਸਕਣ। ਕੁਝ ਕਿਸਾਨਾਂ ਨੇ ਫਸਲਾਂ ਦੇ ਹੋਏ ਨੁਕਸਾਨ ਲਈ ਪ੍ਰਤੀ ਏਕੜ ਘੱਟੋ-ਘੱਟ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦੀ ਮੰਗ ਵੀ ਕੀਤੀ ।