ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ; ਤਕਨੀਸ਼ੀਅਨ ਦੀ ਮੌਤ, ਦੋ ਪਾਇਲਟ ਜ਼ਖ਼ਮੀ

ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ; ਤਕਨੀਸ਼ੀਅਨ ਦੀ ਮੌਤ, ਦੋ ਪਾਇਲਟ ਜ਼ਖ਼ਮੀ

ਤਕਨੀਕੀ ਖ਼ਰਾਬੀ ਕਾਰਨ ਐਮਰਜੈਂਸੀ ਲੈਂਡਿੰਗ ਦੌਰਾਨ ਵਾਪਰਿਆ ਹਾਦਸਾ
ਜੰਮੂ – ਜੰਮੂ ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਵਿੱਚ ਅੱਜ ਥਲ ਸੈਨਾ ਦਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ। ਹਾਦਸੇ ਦੌਰਾਨ ਹੈਲੀਕਾਪਟਰ ਵਿੱਚ ਸਵਾਰ ਟੈਕਨੀਸ਼ੀਅਨ ਦੀ ਮੌਤ ਹੋ ਗਈ, ਜਦਕਿ ਦੋ ਪਾਇਲਟ ਗੰਭੀਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਅਪਰੇਸ਼ਨ ਮਿਸ਼ਨ ਤਹਿਤ ਤਾਇਨਾਤ ਐਡਵਾਂਸ ਲਾਈਟ ਹੈਲੀਕਾਪਟਰ (ਏਐੱਲਐੱਚ) ਧਰੁਵ ਮਾਰਵਾਹ ਇਲਾਕੇ ਵਿੱਚ ਇੱਕ ਨਦੀ ਕਿਨਾਰੇ ਹਾਦਸਾਗ੍ਰਸਤ ਹੋ ਗਿਆ। ਇਹ ਇਲਾਕਾ ਇਨ੍ਹੀਂ ਦਿਨੀਂ ਭਾਰੀ ਬਰਫ਼ਬਾਰੀ ਕਾਰਨ ਜ਼ਿਲ੍ਹਾ ਹੈੱਡਕੁਆਰਟਰ ਤੋਂ ਕੱਟਿਆ ਹੋਇਆ ਹੈ।

ਸੈਨਾ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਘਟਨਾ ਦੀ ਅਦਾਲਤੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਊਧਮਪੁਰ ਸਥਿਤ ਉੱਤਰੀ ਕਮਾਨ ਨੇ ਇੱਕ ਬਿਆਨ ’ਚ ਕਿਹਾ, ‘‘ਮਿਸ਼ਨ ’ਤੇ ਗਏ ‘ਆਰਮੀ ਐਵੀਏਸ਼ਨ ਏਐੱਲਐੱਚ ਧਰੁਵ ਹੈਲੀਕਾਪਟਰ ਨੇ ਚਾਰ ਮਈ ਨੂੰ ਸਵੇਰੇ ਸਵਾ ਗਿਆਰਾਂ ਵਜੇ ਜੰਮੂ ਕਸ਼ਮੀਰ ਦੇ ਕਿਸ਼ਤਵਾੜ ਵਿੱਚ ਮਾਰੂਆ ਨਦੀ ਕਿਨਾਰੇ ਐਮਰਜੈਂਸੀ ਲੈਂਡਿੰਗ ਕੀਤੀ।’’ ਬਿਆਨ ਵਿੱਚ ਦੱਸਿਆ ਗਿਆ ਕਿ ਪਾਇਲਟ ਨੇ ਹਵਾਈ ਟਰੈਫਿਕ ਕੰਟਰੋਲ (ਏਟੀਸੀ) ਨੂੰ ਤਕਨੀਕੀ ਖ਼ਰਾਬੀ ਬਾਰੇ ਦੱਸਿਆ ਸੀ ਅਤੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਦੀ ਗੱਲ ਕਹੀ ਸੀ। ਬਿਆਨ ਅਨੁਸਾਰ, ‘‘ਉੱਬੜ-ਖਾਬੜ ਮੈਦਾਨ ਵਿੱਚ ਹੈਲੀਕਾਪਟਰ ਨੂੰ ਮਜਬੂਰੀਵੱਸ ਉਤਾਰਿਆ ਗਿਆ। ਤੁਰੰਤ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਫ਼ੌਜ ਦੇ ਬਚਾਅ ਦਲ ਮੌਕੇ ’ਤੇ ਪੁੱਜੇ।’’ ਸੈਨਾ ਨੇ ਦੱਸਿਆ ਕਿ ਜ਼ਖ਼ਮੀਆਂ ਨੂੰ ਊਧਮਪੁਰ ਦੇ ਕਮਾਂਡ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਰੱਖਿਆ ਸੂਤਰਾਂ ਅਨੁਸਾਰ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਟੈਕਨੀਸ਼ੀਅਨ ਨੇ ਦਮ ਤੋੜ ਦਿੱਤਾ, ਜਦਕਿ ਜ਼ਖ਼ਮੀ ਪਾਇਲਟਾਂ ਦੀ ਹਾਲਤ ਸਥਿਰ ਹੈ। ਕਿਸ਼ਤਵਾੜ ਦੇ ਐੱਸਐੱਸਪੀ ਖਲੀਲ ਅਹਿਮਦ ਪੋਸਵਾਲ ਨੇ ਦੱਸਿਆ ਕਿ ਹੈਲੀਕਾਪਟਰ ਦਾ ਮਲਬਾ ਨਦੀ ਕਿਨਾਰਿਓਂ ਮਿਲਿਆ ਹੈ।