ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ…

ਫ਼ੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ…

ਚਾਰ ਵਾਰ ਦੀ ਚੈਂਪੀਅਨ ਜਰਮਨੀ ਜਿੱਤ ਦੇ ਬਾਵਜੂਦ ਵਿਸ਼ਵ ਕੱਪ ’ਚੋਂ ਬਾਹਰ
ਅਲ ਖੋਰ-ਚਾਰ ਵਾਰ ਦੀ ਚੈਂਪੀਅਨ ਜਰਮਨੀ ਦੀ ਟੀਮ ਵੀਰਵਾਰ ਦੇਰ ਰਾਤ ਇੱਥੇ ਕੋਸਟਾਰੀਕਾ ’ਤੇ 4-2 ਦੀ ਜਿੱਤ ਦੇ ਬਾਵਜੂਦ ਲਗਾਤਾਰ ਦੂਜੇ ਫੀਫਾ ਵਿਸ਼ਵ ਕੱਪ ਦੇ ਗਰੁੱਪ ਗੇੜ ’ਚੋਂ ਬਾਹਰ ਹੋ ਗਈ ਹੈ। ਗਰੁੱਪ ਵਿੱਚ ਜਾਪਾਨ ਦੀ ਸਪੇਨ ’ਤੇ 2-1 ਦੀ ਜਿੱਤ ਨਾਲ ਇਹ ਦੋਵੇਂ ਟੀਮਾਂ ਅਗਲੇ ਗੇੜ ਵਿੱਚ ਪਹੁੰਚ ਗਈਆਂ। ਜਾਪਾਨ ਗਰੁੱਪ ‘ਈ’ ਵਿੱਚ ਪਹਿਲੇ ਸਥਾਨ ’ਤੇ ਰਿਹਾ। ਜੇ ਸਪੇਨ ਦੀ ਟੀਮ ਜਾਪਾਨ ਨੂੰ ਹਰਾ ਦਿੰਦੀ ਤਾਂ ਜਰਮਨੀ ਗਰੁੱਪ ਵਿੱਚ ਦੂਜੇ ਸਥਾਨ ’ਤੇ ਰਹਿੰਦੀ।

ਅੱਜ ਸਰਗੇ ਗਨਾਬਰੀ ਨੇ 10ਵੇਂ ਮਿੰਟ ਵਿੱਚ ਹੈਡਰ ਨਾਲ ਗੋਲ ਕਰ ਕੇ ਜਰਮਨੀ ਨੂੰ ਅੱਗੇ ਕਰ ਦਿੱਤਾ। ਮਗਰੋਂ ਕੋਸਟਾਰੀਕਾ ਵੱਲੋਂ ਯੇਲਤਸਿਨ ਤੇਜੇਦਾ ਨੇ 58ਵੇਂ ਮਿੰਟ ਵਿੱਚ ਗੋਲ ਕਰ ਕੇ ਬਰਾਬਰੀ ਕਰ ਲਈ। ਫਿਰ 70ਵੇਂ ਮਿੰਟ ਵਿੱਚ ਜਰਮਨੀ ਦੇ ਗੋਲਕੀਪਰ ਮੈਨੂਅਲ ਨੁਏਰ ਦੇ ਆਤਮਘਾਤੀ ਗੋਲ ਨਾਲ ਕੋਸਟਾਰੀਕਾ 2-1 ਨਾਲ ਅੱਗੇ ਹੋ ਗਈ ਪਰ ਜਰਮਨੀ ਦੇ ਬਦਲਵੇਂ ਖਿਡਾਰੀ ਕਾਈ ਹਾਵਰਟਜ਼ ਨੇ ਤਿੰਨ ਮਿੰਟ ਬਾਅਦ ਸਕੋਰ 2-2 ਕਰਨ ਵਿੱਚ ਮਦਦ ਕੀਤੀ ਅਤੇ 85ਵੇਂ ਮਿੰਟ ਵਿੱਚ ਉਸ ਨੇ ਮੁੜ ਗੋਲ ਕਰ ਕੇ ਟੀਮ ਨੂੰ 3-2 ਨਾਲ ਅੱਗੇ ਕਰ ਦਿੱਤਾ। ਜਰਮਨੀ ਦੇ ਇੱਕ ਹੋਰ ਬਦਲਵੇਂ ਖਿਡਾਰੀ ਐੱਨ. ਫੁਲਕਰਗ ਨੇ 89ਵੇਂ ਮਿੰਟ ਵਿੱਚ ਟੀਮ ਲਈ ਤੀਜਾ ਗੋਲ ਕੀਤਾ। ਜਾਪਾਨ ਛੇ ਅੰਕਾਂ ਨਾਲ ਗਰੁੱਪ ‘ਈ’ ਵਿੱਚ ਸਿਖਰ ’ਤੇ ਰਿਹਾ। ਉਹ ਸਪੇਨ ਅਤੇ ਜਰਮਨੀ ਦੋਵਾਂ ਤੋਂ ਦੋ ਅੰਕ ਅੱਗੇ ਹੈ। ਸਪੇਨ ਨੇ ਬਿਹਤਰ ਗੋਲ ਅੰਤਰ ਕਰਕੇ ਆਖਰੀ 16 ਵਿੱਚ ਜਗ੍ਹਾ ਬਣਾਈ, ਜਿਸ ਵਿੱਚ ਉਸ ਦੀ ਕੋਸਟਾਰੀਕਾ ’ਤੇ 7-0 ਦੀ ਜਿੱਤ ਨੇ ਅਹਿਮ ਭੂਮਿਕਾ ਨਿਭਾਈ। ਸਪੇਨ ਹੁਣ ਸੁਪਰ 16 ਦੇ ਨਾਕਆਊਟ ਗੇੜ ਵਿੱਚ ਮੋਰੱਕੋ ਨਾਲ ਭਿੜੇਗਾ ਜਦਕਿ ਜਾਪਾਨ ਤੇ ਕ੍ਰੋਏਸ਼ੀਆ ਆਹਮੋ-ਸਾਹਮਣੇ ਹੋਵੇਗਾ।