ਫ਼ਰੀਦਕੋਟ ਜ਼ਿਲ੍ਹਾ ਲਾਇਬ੍ਰੇਰੀ ਦੀ ਦੋ ਦਹਾਕਿਆਂ ਬਾਅਦ ਪੁਰਾਣੀ ਦਿੱਖ ਬਹਾਲ

ਫ਼ਰੀਦਕੋਟ ਜ਼ਿਲ੍ਹਾ ਲਾਇਬ੍ਰੇਰੀ ਦੀ ਦੋ ਦਹਾਕਿਆਂ ਬਾਅਦ ਪੁਰਾਣੀ ਦਿੱਖ ਬਹਾਲ

ਫ਼ਰੀਦਕੋਟ- ਪਿਛਲੇ ਦੋ ਦਹਾਕਿਆਂ ਤੋਂ ਅਮਲੇ, ਸਹੂਲਤਾਂ ਤੇ ਸਾਂਭ-ਸੰਭਾਲ ਦੀ ਘਾਟ ਕਾਰਨ ਬੇਹਾਲ ਹੋਈ ਜ਼ਿਲ੍ਹਾ ਲਾਇਬ੍ਰੇਰੀ ਨੂੰ ਭਾਸ਼ਾ ਵਿਭਾਗ ਨੇ ਨਵਾਂ ਰੂਪ ਦੇ ਦਿੱਤਾ ਹੈ। ਸੂਚਨਾ ਅਨੁਸਾਰ 1994 ਵਿੱਚ ਸਥਾਪਤ ਕੀਤੀ ਗਈ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਲੋੜੀਂਦਾ ਸਟਾਫ਼ ਅਤੇ ਸਹੂਲਤਾਂ ਨਾ ਹੋਣ ਕਾਰਨ ਪਾਠਕਾਂ ਦਾ ਰਾਬਤਾ ਇਸ ਲਾਇਬ੍ਰੇਰੀ ਨਾਲੋਂ ਟੁੱਟ ਗਿਆ ਸੀ ਅਤੇ ਇਹ ਲਾਇਬ੍ਰੇਰੀ ਇੱਕ ਕਲਰਕ ਦੇ ਸਹਾਰੇ ਚੱਲ ਰਹੀ ਸੀ। ਪੰਜਾਬ ਸਰਕਾਰ ਨੇ ਇਸ ਜ਼ਿਲ੍ਹਾ ਲਾਇਬ੍ਰੇਰੀ ਦੇ ਨਵੀਨੀਕਰਨ ਲਈ 38 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਹੁਣ ਬੀਐਂਡਆਰ ਵਿਭਾਗ ਨੇ ਲਾਇਬ੍ਰੇਰੀ ਦੀ ਇਮਾਰਤ ਦਾ ਨਵੀਨੀਕਰਨ ਕਰ ਕੇ ਇਸ ਦੀ ਪੁਰਾਣੀ ਦਿੱਖ ਬਹਾਲ ਕਰ ਦਿੱਤੀ ਹੈ ਅਤੇ ਅਗਲੇ ਦੋ ਹਫ਼ਤਿਆਂ ਵਿੱਚ ਇਹ ਲਾਇਬ੍ਰੇਰੀ ਪਾਠਕਾਂ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ। ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਨੇ ਦੱਸਿਆ ਕਿ ਜ਼ਿਲ੍ਹਾ ਲਾਇਬ੍ਰੇਰੀ ਵਿੱਚ ਕਰੀਬ 37 ਹਜ਼ਾਰ ਤੋਂ ਵੱਧ ਪੁਸਤਕਾਂ ਹਨ। ਇਲਾਕੇ ਵਿੱਚ ਸਾਹਿਤ ਦੇ ਪਾਠਕਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੀ ਪੁਰਾਣੀ ਦਿੱਖ ਬਹਾਲ ਹੋਣ ਕਾਰਨ ਇੱਥੇ ਪਾਠਕਾਂ ਦੀ ਆਵਾਜਾਈ ਕਾਫ਼ੀ ਵਧੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਲਾਇਬ੍ਰੇਰੀ ਵਿੱਚ ਹੋਰ ਸਾਹਿਤਕ ਪੁਸਤਕਾਂ ਸ਼ਾਮਲ ਕੀਤੀਆਂ ਜਾਣਗੀਆਂ। ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਲਾਇਬ੍ਰੇਰੀ ਦੇ ਨਾਲ ਪਾਰਕਾਂ ਅਤੇ ਕੰਟੀਨ ਦੀ ਸਾਂਭ-ਸੰਭਾਲ ਤੇ ਮੁਰੰਮਤ ਲਈ ਵੀ ਸਰਕਾਰ ਜਲਦੀ ਗ੍ਰਾਂਟ ਭੇਜ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਲਾਇਬ੍ਰੇਰੀ ਦੇ ਨਾਲ ਬਣੀ ਆਰਟ ਗੈਲਰੀ ਅਤੇ ਪਾਰਕਾਂ ਦੀ ਸੰਭਾਲ ਲਈ 12 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਸੀ। ਵਿਧਾਇਕ ਨੇ ਕਿਹਾ ਕਿ ਲਾਇਬ੍ਰੇਰੀ ਵਿੱਚ ਆਧੁਨਿਕ ਸਹੂਲਤਾਂ ਜਿਵੇਂ ਕਿ ਬੈਠਣ ਲਈ ਨਵੇਂ ਬੈਂਚ, ਟੇਬਲ, ਏਸੀ, ਕੰਪਿਊਟਰ ਅਤੇ ਇੰਟਰਨੈੱਟ ਆਦਿ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।