ਫ਼ਰਜ਼ੀ ਵੀਡੀਓਜ਼ ਤੋਂ ਚੌਕਸ ਰਹਿਣ ਲੋਕ: ਨਰਿੰਦਰ ਮੋਦੀ

ਫ਼ਰਜ਼ੀ ਵੀਡੀਓਜ਼ ਤੋਂ ਚੌਕਸ ਰਹਿਣ ਲੋਕ: ਨਰਿੰਦਰ ਮੋਦੀ

ਵਿਰੋਧੀਆਂ ’ਤੇ ਅਗਲੇ ਇਕ ਮਹੀਨੇ ’ਚ ਕਿਸੇ ਵੱਡੀ ਘਟਨਾ ਦੀ ਯੋਜਨਾ ਘੜਨ ਦਾ ਦੋਸ਼ ਲਾਇਆ
ਸਤਾਰਾ/ਸ਼ੋਲਾਪੁਰ(ਮਹਾਰਾਸ਼ਟਰ)/ਬਾਗਲਕੋਟ (ਕਰਨਾਟਕ) – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨਾਲ ਮੱਥਾ ਲਾਉਣ ਤੋਂ ਅਸਮਰੱਥ ਸਿਆਸੀ ਵਿਰੋਧੀ ਹੁਣ ਤਕਨਾਲੋਜੀ ਦੀ ਦੁਰਵਰਤੋਂ ਕਰਕੇ ਸੋਸ਼ਲ ਮੀਡੀਆ ’ਤੇ ਫ਼ਰਜ਼ੀ ਵੀਡੀਓਜ਼ ਦਾ ਪ੍ਰਚਾਰ ਪਾਸਾਰ ਕਰ ਰਹੇ ਹਨ। ਪੱਛਮੀ ਮਹਾਰਾਸ਼ਟਰ ਦੇ ਸਤਾਰਾ ਜ਼ਿਲ੍ਹੇ ਦੇ ਕਰਾਡ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਸੋਸ਼ਲ ਮੀਡੀਆ ਤੇ ਤਕਨਾਲੋਜੀ ਦੀ ਦੁਰਵਰਤੋਂ ’ਤੇ ਫ਼ਿਕਰ ਜਤਾਉਂਦਿਆਂ ਚੇਤਾਵਨੀ ਦਿੱਤੀ ਕਿ ‘ਅਗਲੇ ਇਕ ਮਹੀਨੇ ਵਿਚ ਕਿਸੇ ਵੱਡੀ ਘਟਨਾ ਦੀ ਯੋਜਨਾ ਘੜੀ ਜਾ ਰਹੀ ਹੈ।’’ ਸ੍ਰੀ ਮੋਦੀ ਨੇ ਮਸਨੂਈ ਬੌਧਿਕਤਾ (ਏਆਈ) ਦੀ ਵਰਤੋਂ ਨਾਲ ਬਣਾਈਆਂ ਫ਼ਰਜ਼ੀ ਵੀਡੀਓਜ਼ ਦੇ ਉਭਾਰ ਦੀ ਗੱਲ ਕਰਦਿਆਂ ਲੋਕਾਂ ਨੂੰ ਕਿਹਾ ਕਿ ਉਹ ਚੌਕਸ ਰਹਿਣ ਤੇ ਫ਼ਰਜ਼ੀ ਵੀਡੀਓਜ਼ ਸਬੰਧੀ ਘਟਨਾਵਾਂ ਅਥਾਰਿਟੀਜ਼ ਦੇ ਧਿਆਨ ਵਿਚ ਲਿਆਉਣ। ਉਨ੍ਹਾਂ ਕਿਹਾ, ‘‘ਵਿਰੋਧੀ ਏਆਈ ਦੀ ਵਰਤੋੋਂ ਕਰਕੇ ਮੇਰੇ, ਅਮਿਤ ਸ਼ਾਹ ਤੇ ਜੇ.ਪੀ.ਨੱਢਾ ਜਿਹੇ ਆਗੂਆਂ ਦੇ ਹਵਾਲਿਆਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਹੇ ਹਨ। ਇਹ ਲੋਕ ਤਕਨਾਲੋਜੀ ਦੀ ਵਰਤੋਂ ਕਰਕੇ ਮੇਰੀ ਆਵਾਜ਼ ਵਿਚ ਫ਼ਰਜ਼ੀ ਵੀਡੀਓਜ਼ ਬਣਾ ਰਹੇ ਹਨ, ਜੋ ਕਿ ਖ਼ਤਰਨਾਕ ਹੈ। ਅਗਲੇ ਇਕ ਮਹੀਨੇ ਵਿਚ ਕਿਸੇ ਵੱਡੀ ਘਟਨਾ ਦੀ ਯੋਜਨਾ ਘੜੀ ਜਾ ਰਹੀ ਹੈ। ਮੈਂ ਬਹੁਤ ਸੰਜੀਦਗੀ ਨਾਲ ਇਹ ਦੋਸ਼ ਲਾ ਰਿਹਾ ਹਾਂ। ਸਮਾਜਿਕ ਤਣਾਅ ਪੈਦਾ ਕਰਨ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਵਾਪਰੇ।’’

ਇਸ ਦੌਰਾਨ ਮਹਾਰਾਸ਼ਟਰ ਦੇ ਸ਼ੋਲਾਪੁਰ ਵਿਚ ਵੱਖਰੀ ਚੋਣ ਰੈਲੀ ਦੌਰਾਨ ਸ੍ਰੀ ਮੋਦੀ ਨੇ ‘ਇੰਡੀਆ’ ਗੱਠਜੋੜ ਤੇ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਦੀ ਅਗਵਾਈ ਵਾਲੇ ਸ਼ਿਵ ਸੈਨਾ ਦੇ ਧੜੇ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਕਿਹਾ ਕਿ ਇੰਡੀਆ ਗੱਠਜੋੜ ਨੇ ਨਵਾਂ ਫਾਰਮੂਲਾ ਘੜਿਆ ਹੈ ਜਿਸ ਤਹਿਤ ਪੰਜ ਸਾਲਾਂ ਵਿਚ ਪੰਜ ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਕਿਹਾ, ‘‘ਨਕਲੀ ਸ਼ਿਵ ਸੈਨਾ ਕਹਿੰਦੀ ਹੈ ਕਿ ਇੰਡੀਆ ਗੱਠਜੋੜ ਵਿਚ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਈ ਬਦਲ ਮੌਜੂਦ ਹਨ। ਉਹ ਅਜੇ ਤੱਕ ਇਹ ਫੈਸਲਾ ਨਹੀਂ ਕਰ ਸਕੇ ਕਿ ਇੰਡੀਆ ਗੱਠਜੋੜ ਦਾ ਆਗੂ ਜਾਂ ਚਿਹਰਾ ਮੋਹਰਾ ਕੌਣ ਹੋਵੇਗਾ।’’ ਕਰਨਾਟਕ ਦੇ ਬਾਗਲਕੋਟ ਵਿਚ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਦੀ ਵੋਟ ਬੈਂਕ ਦੀ ਸਿਆਸਤ ਕਰਕੇ ਦੇਸ਼ ਵਿਚ ਐੱਸਸੀ-ਐੱਸਟੀ ਭਾਈਚਾਰਿਆਂ ਦੇ ਅਧਿਕਾਰ ਸੁਰੱਖਿਅਤ ਨਹੀਂ ਹਨ। –