ਫ਼ਤਹਿਗੜ੍ਹ ਸਾਹਿਬ ਵਿੱਚ ਤਿੰਨ ਰੋਜ਼ਾ ਸ਼ਹੀਦੀ ਸਭਾ ਸ਼ਰਧਾ ਨਾਲ ਸ਼ੁਰੂ

ਫ਼ਤਹਿਗੜ੍ਹ ਸਾਹਿਬ ਵਿੱਚ ਤਿੰਨ ਰੋਜ਼ਾ ਸ਼ਹੀਦੀ ਸਭਾ ਸ਼ਰਧਾ ਨਾਲ ਸ਼ੁਰੂ

ਗੁਰਦੁਆਰਾ ਸ੍ਰੀ ਜੋਤੀ ਸਰੂਪ ’ਚ ਅਖੰਡ ਪਾਠ ਆਰੰਭੇ; ਵੱਡੀ ਗਿਣਤੀ ਸੰਗਤ ਹੋਈ ਨਤਮਸਤਕ
ਫ਼ਤਹਿਗੜ੍ਹ ਸਾਹਿਬ- ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਤੇ ਮਾਤਾ ਗੁਜਰੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਤਿੰਨ ਰੋਜ਼ਾ ਸ਼ਹੀਦੀ ਸਭਾ ਅੱਜ ਸ਼ਰਧਾ ਨਾਲ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿੱਚ ਅਖੰੰਡ ਪਾਠ ਸਾਹਿਬ ਆਰੰਭ ਹੋਣ ਨਾਲ ਸ਼ੁਰੂ ਹੋ ਗਈ।

ਇਸ ਮੌਕੇ ਵੱਡੀ ਗਿਣਤੀ ਸੰਗਤ ਨੇ ਅੱਜ ਇਥੇ ਮੱਥਾ ਟੇਕਿਆ। ਸਭਾ ਦੀ ਆਰੰਭਤਾ ਮੌਕੇ ਅਰਦਾਸ ਗੁਰਦੁਆਰਾ ਜੋਤੀ ਸਰੂਪ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਅਤਰ ਸਿੰਘ ਨੇ ਕੀਤੀ। ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਇਸ ਵਾਰ ਆਖੰਡ ਪਾਠ ਸਾਹਿਬ ਦੀ ਆਰੰਭਤਾ ਦਾ ਸਮਾਂ ਸਵੇਰੇ 9 ਵਜੇ ਦੀ ਥਾਂ 7 ਵਜੇ ਕੀਤਾ ਗਿਆ, ਜਿਸ ਕਾਰਨ 28 ਦਸੰਬਰ ਨੂੰ ਭੋਗ ਦਾ ਸਮਾਂ ਹੁਣ ਸਵੇਰੇ 6 ਵਜੇ ਹੋਵੇਗਾ। ਇਸ ਮੌਕੇ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਦੱਸਿਆ ਕਿ 28 ਦਸੰਬਰ ਨੂੰ ਨਗਰ ਕੀਰਤਨ ਹੁੰਦਾ ਹੈ ਤੇ ਆਖੰਡ ਪਾਠ ਸਾਹਿਬ ਦੇ ਭੋਗ ਦਾ ਪਹਿਲਾ ਸਮਾਂ 10 ਵਜੇ ਹੁੰਦਾ ਸੀ, ਜਿਸ ਕਾਰਨ ਭੋਗ ਮੌਕੇ ਸ਼ਮੂਲੀਅਤ ਕਰਨ ਵਾਲਿਆਂ ਨੂੰ ਨਗਰ ਕੀਰਤਨ ਦੀ ਆਰੰਭਤਾ ਸਮਾਗਮਾਂ ਵਿੱਚ ਸ਼ਾਮਲ ਹੋਣ ਵੇਲੇ ਦਿੱਕਤ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਨਿਹੰਗ ਮੁਖੀ ਜਥੇਦਾਰ ਬਲਬੀਰ ਸਿੰਘ ਅਕਾਲੀ 96 ਕਰੋੜੀ ਦੀ ਅਗਵਾਈ ਹੇਠ ਸਮੂਹ ਨਿਹੰਗ ਜਥੇਬੰਦੀਆਂ ਵੱਲੋਂ ਗੁਰਦੁਆਰਾ ਬਿਬਾਨਗੜ੍ਹ ਸਾਹਿਬ ਛਾਉਣੀ ਬੁੱਢਾ ਦਲ ਫ਼ਤਹਿਗੜ੍ਹ ਸਾਹਿਬ ਵਿੱਚ 29 ਦਸੰਬਰ ਨੂੰ ਪੁਰਾਤਨ ਰਵਾਇਤਾਂ ਮੁਤਾਬਕ ਪੂਰੇ ਜਾਹੋ ਜਲਾਲ ਨਾਲ ਖ਼ਾਲਸਾਈ ਮਹੱਲਾ ਕੱਢਿਆ ਜਾਵੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸਭਾ ਦੌਰਾਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਜ਼ੁਰਗਾਂ, ਮਹਿਲਾਵਾਂ, ਬੱਚਿਆਂ ਅਤੇ ਦਿਵਿਆਂਗਜਨਾਂ ਨੂੰ ਆਵਾਜਾਈ ਦੀ ਮੁਫ਼ਤ ਸਹੂਲਤ ਦੇਣ ਲਈ ਅੱਜ ਈ-ਰਿਕਸ਼ਾ ਸੇਵਾ ਚਾਲੂ ਕੀਤੀ ਗਈ ਹੈ। ਅੱਜ ਹੋਏ ਸਮਾਗਮਾਂ ਤਹਿਤ ਭਾਸ਼ਾ ਵਿਭਾਗ ਵੱਲੋਂ ਕਵੀ ਦਰਬਾਰ ਕਰਵਾਇਆ ਗਿਆ, ਜਿਸ ਵਿੱਚ ਹਲਕਾ ਵਿਧਾਇਕ ਐਡਵੋਕੇਟ ਲਖਵੀਰ ਸਿੰਘ ਰਾਏ ਨੇ ਵੀ ਸ਼ਮੂਲੀਅਤ ਕੀਤੀ। ਵਿਭਾਗ ਦੀ ਸਹਾਇਕ ਡਾਇਰੈਕਟਰ ਹਰਭਜਨ ਕੌਰ ਨੇ ਕਿਹਾ ਕਿ ਵਿਭਾਗ ਵੱਲੋਂ ਹਰ ਸਾਲ ਕਵੀ ਦਰਬਾਰ ਕਰਵਾ ਕੇ ਮਹਾਨ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ। ਇਸੇ ਦੌਰਾਨ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਚ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਗ਼ੈਰ ਸਰਕਾਰੀ ਅਦਾਰਿਆਂ ਵੱਲੋਂ ਅੱਜ ਵਿਕਾਸ ਪ੍ਰਦਰਸ਼ਨੀ ਵੀ ਸ਼ੁਰੂ ਕੀਤੀ ਗਈ। ਇਸ ਦੌਰਾਨ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਭਾਜਪਾ ਲੀਡਰਸ਼ਿਪ ਵੱਲੋਂ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ।

ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਅਸਥਾਨ ’ਤੇ ਨਤਮਸਤਕ ਹੋਏ ਸੋਮ ਪ੍ਰਕਾਸ਼

ਫ਼ਤਹਿਗੜ੍ਹ ਸਾਹਿਬ ਦੀ ਸ਼ਹੀਦੀ ਸਭਾ ਦੇ ਪਹਿਲੇ ਦਿਨ ਅੱਜ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਭਾਜਪਾ ਲੀਡਰਸ਼ਿਪ ਨੇ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਦੇ ਸ਼ਹੀਦੀ ਅਸਥਾਨ ’ਤੇ ਮੱਥਾ ਟੇਕਿਆ। ਇਸ ਮੌਕੇ ਆਗੂਆਂ ਨੇ ਕਿਹਾ ਕਿ ਠੰਢੇ ਬੁਰਜ ਵਿੱਚ ਰਾਤ ਕੱਟਣ ਮੌਕੇ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਦੁੱਧ ਪਾਣੀ ਦੀ ਸੇਵਾ ਕਰਨ ਵਾਲੇ ਬਾਬਾ ਮੋਤੀ ਰਾਮ ਮਹਿਰਾ ਤੇ ਉਨ੍ਹਾਂ ਦੇ ਸਾਰੇ ਪਰਿਵਾਰ ਨੂੰ ਸੂਬਾ ਸਰਹਿੰਦ ਵੱਲੋਂ ਕੋਹਲੂ ਵਿੱਚ ਪੀੜ ਕੇ ਸ਼ਹੀਦ ਕਰਵਾ ਦਿੱਤਾ ਗਿਆ ਸੀ ਤੇ ਇਸ ਪਰਿਵਾਰ ਦੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਸ ਮੌਕੇ ਸ਼ਹੀਦ ਬਾਬਾ ਮੋਤੀ ਮਹਿਰਾ ਯਾਦਗਾਰ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਨਿਰਮਲ ਸਿੰਘ ਐੱਸਐੱਸ ਨੇ ਦੱਸਿਆ ਕਿ ਇਸ ਸਥਾਨ ’ਤੇ 26 ਤੋਂ 29 ਦਸੰਬਰ ਤੱਕ ਰਾਗੀ, ਢਾਡੀਆਂ, ਕੀਰਤਨੀ ਜਥਿਆਂ ਤੇ ਵਿਦਵਾਨਾਂ ਵੱਲੋਂ ਫ਼ਤਹਿਗੜ੍ਹ ਸਾਹਿਬ ਦੇ ਇਤਿਹਾਸ ਨਾਲ ਜਾਣੂ ਕਰਵਾਇਆ ਜਾਵੇਗਾ।