ਫਰੈਂਚ ਓਪਨ: ਰਿਬਾਕਿਨਾ ਚੈੱਕ ਮੁਟਿਆਰ ਨੂੰ ਹਰਾ ਕੇ ਤੀਜੇ ਗੇੜ ’ਚ ਪੁੱਜੀ

ਫਰੈਂਚ ਓਪਨ: ਰਿਬਾਕਿਨਾ ਚੈੱਕ ਮੁਟਿਆਰ ਨੂੰ ਹਰਾ ਕੇ ਤੀਜੇ ਗੇੜ ’ਚ ਪੁੱਜੀ

ਪੈਰਿਸ- ਵਿੰਬਲਡਨ ਚੈਂਪੀਅਨ ਅਤੇ ਚੌਥਾ ਦਰਜਾ ਪ੍ਰਾਪਤ ਇਲੇਨਾ ਰਿਬਾਕਿਨਾ ਚੈੱਕ ਮੁਟਿਆਰ ਲਿੰਡਾ ਨੋਸਕੋਵਾ ਨੂੰ 6-3, 6-3 ਨਾਲ ਹਰਾ ਕੇ ਫਰੈਂਚ ਓਪਨ ਦੇ ਤੀਜੇ ਗੇੜ ’ਚ ਦਾਖ਼ਲ ਹੋ ਗਈ ਹੈ। ਮੈਚ ਤੋਂ ਬਾਅਦ ਰਿਬਾਕਿਨਾ ਨੇ ਕਿਹਾ ਕਿ ਕੋਰਟ ਅੱਜ ਕੁਝ ਤਿਲਕਵਾਂ ਨਜ਼ਰ ਆਇਆ ਪਰ ਉਹ ਹਰੇਕ ਮੈਚ ’ਚ ਉਸ ਦੀ ਖੇਡ ਹੋਰ ਵਧੀਆ ਹੁੰਦੀ ਜਾ ਰਹੀ ਹੈ। ਉਸ ਦਾ ਹੁਣ ਅਗਲੇ ਗੇੜ ’ਚ ਸਪੇਨ ਦੀ ਸਾਰਾ ਸੋਰੀਬੇਸ ਟੋਰਮੋ ਨਾਲ ਮੁਕਾਬਲਾ ਹੋਵੇਗਾ। ਵੀਹਵਾਂ ਦਰਜਾ ਪ੍ਰਾਪਤ ਮੈਡੀਸਨ ਕੀਅਜ਼ ਅਮਰੀਕੀ ਖਿਡਾਰਨ ਕੇਯਲਾ ਡੇਅ ਤੋਂ 6-2, 4-6, 6-4 ਨਾਲ ਹਾਰ ਗਈ। ਡੇਅ ਨੂੰ 138ਵਾਂ ਦਰਜਾ ਹਾਸਲ ਹੈ ਅਤੇ ਉਹ ਕੁਆਲੀਫਾਇੰਗ ਮੁਕਾਬਲੇ ਖੇਡਣ ਮਗਰੋਂ ਫਰੈਂਚ ਓਪਨ ਦੇ ਮੁੱਖ ਡਰਾਅ ’ਚ ਪੁੱਜੀ ਹੈ। ਉਸ ਨੇ ਪਹਿਲੇ ਗੇੜ ’ਚ ਫਰੈਂਚ ਵਾਈਲਡ ਕਾਰਡ ਕ੍ਰਿਸਟੀਨਾ ਮਲਾਦੇਨੋਵਿਚ ਨੂੰ ਹਰਾਇਆ ਸੀ। ਪੁਰਸ਼ਾਂ ਦੇ ਵਰਗ ’ਚ 18ਵੀਂ ਰੈਂਕਿੰਗ ਪ੍ਰਾਪਤ ਆਸਟਰੇਲੀਆ ਦੇ ਐਲੇਕਸ ਡੀ ਮਿਨੌਰ ਨੂੰ ਅਰਜਨਟੀਨਾ ਦੇ ਟੌਮਸ ਮਾਰਟਿਨ ਐਚੇਵਰੀ ਹੱਥੋਂ 6-3, 7-6, 6-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।