ਫਰਿਜ਼ਨੋ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ 646ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ

ਫਰਿਜ਼ਨੋ ਵਿਖੇ ਸ੍ਰੀ ਗੁਰੂ ਰਵਿਦਾਸ ਜੀ ਦਾ 646ਵਾਂ ਪ੍ਰਕਾਸ਼ ਪੁਰਬ ਬੜੀ ਸ਼ਰਧਾ ਨਾਲ ਮਨਾਇਆ

ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ) : ਕਿਰਤੀਆਂ ਦੇ ਮਸੀਹਾ ਸ੍ਰੀ ਗੁਰੂ ਰਵਿਦਾਸ ਜੀ ਦਾ 646ਵਾਂ ਗੁਰਪੁਰਬ ‘‘ਗੁਰੂ ਰਵਿਦਾਸ ਟੈਂਪਲ ਫਰਿਜ਼ਨੋ, ਕੈਲੀਫੋਰਨੀਆ ਵਿਖੇ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਥੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਗੁਰਮਤਿ ਦੀਵਾਨ ਸਜਾਏ ਗਏ, ਜਿਸ ’ਚ ਗੁਰੂ ਰਵਿਦਾਸ ਜੀ ਦੇ ਕ੍ਰਾਂਤੀਕਾਰੀ ਜੀਵਨ ਨੂੰ ਯਾਦ ਕਰਦਿਆਂ ਰੂਹਾਨੀ ਗੁਰਮਤਿ ਵਿਚਾਰਾਂ ਹੋਈਆਂ ਅਤੇ ਗੁਰੂਆਂ ਦੇ ਦਰਸਾਏ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੱਤੀ ਗਈ। ਇਨ੍ਹਾਂ ਸਜੇ ਦੀਵਾਨਾਂ ’ਚ ਗੁਰੂਘਰ ਦੇ ਹਜ਼ੂਰੀ ਕੀਰਤਨੀਏ ਭਾਈ ਰਾਮ ਸਿੰਘ ਦੇ ਜਥੇ ਨੇ ਰਸਭਿੰਨੇ ਕੀਰਤਨ ਰਾਹੀਂ ਹਾਜ਼ਰੀ ਭਰੀ, ਜਦਕਿ ਹੋਰ ਕੀਰਤਨੀ ਜਥਿਆਂ ’ਚ ਭਾਈ ਪ੍ਰੀਤਮ ਸਿੰਘ ਮਿੱਠਾ ਟਿਵਾਣੇ ਵਾਲੇ ਅਤੇ ਸਾਥੀ, ਭਾਈ ਹਰਬਾਲਾਸ ਸਿੰਘ ਆਦਿ ਨੇ ਹਾਜ਼ਰੀ ਭਰੀ।
ਸਥਾਨਕ ਬੱਚੀ ਆਂਚਲ ਹੇਅਰ ਨੇ ਇਕ ਕਵਿਤਾ ਰਾਹੀਂ ਗੁਰੂ ਦੀ ਮਹਿਮਾ ਬਿਆਨ ਕੀਤੀ, ਜਦਕਿ ਕੈਲੀਫੋਰਨੀਆ ਦੇ ਵੱਖ-ਵੱਖ ਗੁਰੂਘਰਾਂ ਦੀ ਨੁਮਾਇੰਦਗੀ ਕਰਦੇ ਬੁਲਾਰਿਆਂ ’ਚ ਵਿਨੋਦ ਚੁੰਬਰ, ਡਾ. ਹਰਮੇਸ਼ ਕੁਮਾਰ, ਰਾਮ ਆਸਰਾ, ਪਲਵਿੰਦਰ ਮਾਹੀ ਯੁਬਾ ਸਿਟੀ, ਜੀਵਨ ਰੱਤੂ ਸੈਕਰਾਮੈਂਟੋ, ਰਾਮ ਪਾਲ ਰੱਲ ਸੇਂਟਾ ਰੋਜ਼ਾ ਤੋਂ ਅਤੇ ਹੋਰ ਬਹੁਤ ਸਾਰਿਆਂ ਨੇ ਹਾਜ਼ਰੀ ਭਰੀ। ਗੁਰੂਘਰ ਦੀ ਕਮੇਟੀ ਵੱਲੋਂ ਸਮੂਹ ਬੁਲਾਰਿਆਂ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ।
ਗੁਰਪੁਰਬ ਦੇ ਸਮਾਗਮਾਂ ਦੌਰਾਨ ਗੁਰੂ ਕੇ ਲੰਗਰ ਅਤੁੱਟ ਵਰਤੇ ਅਤੇ ਇਲਾਕੇ ਭਰ ਤੋਂ ਸੰਗਤਾਂ ਨੇ ਰਲ-ਮਿਲ ਕੇ ਜਿੱਥੇ ਹਾਜ਼ਰੀਆਂ ਭਰਦੇ ਹੋਏ ਸਮਾਗਮਾਂ ਦੇ ਨਾਲ-ਨਾਲ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਕੀਤੀ, ਉੱਥੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ। ਸਮੁੱਚੇ ਸੁਚੱਜੇ ਪ੍ਰਬੰਧਾਂ, ਗੁਰੂ ਰਵਿਦਾਸ ਜੀ ਦੇ ਗੁਰਪੁਰਬ ਨੂੰ ਮਨਾਉਣ ਅਤੇ ਸਾਂਝੀਵਾਲਤਾ ਦਾ ਸੰਦੇਸ਼ ਦੇਣ ਲਈ ਸਮੂਹ ਪ੍ਰਬੰਧਕ ਵਧਾਈ ਦੇ ਪਾਤਰ ਹਨ।