ਫਰਾਂਸ: ਪੈਨਸ਼ਨ ਨੇਮਾਂ ’ਚ ਬਦਲਾਅ ਦੀ ਤਜਵੀਜ਼ ਦਾ ਵਿਰੋਧ

ਫਰਾਂਸ: ਪੈਨਸ਼ਨ ਨੇਮਾਂ ’ਚ ਬਦਲਾਅ ਦੀ ਤਜਵੀਜ਼ ਦਾ ਵਿਰੋਧ

ਵਰਕਰਾਂ ਵੱਲੋਂ ਮੁਲਕ ’ਚ ਜ਼ੋਰਦਾਰ ਪ੍ਰਦਰਸ਼ਨ; ਹੜਤਾਲ ਕਾਰਨ ਰੇਲ ਸੇਵਾਵਾਂ ਤੇ ਬਿਜਲੀ ਸਪਲਾਈ ਪ੍ਰਭਾਵਿਤ
ਪੈਰਿਸ – ਪੈਨਸ਼ਨ ਨੇਮਾਂ ’ਚ ਪ੍ਰਸਤਾਵਿਤ ਬਦਲਾਅ ਤੋਂ ਨਾਰਾਜ਼ ਫਰਾਂਸੀਸੀ ਵਰਕਰਾਂ ਨੇ ਅੱਜ ਮੁਲਕ ਭਰ ’ਚ ਪ੍ਰਦਰਸ਼ਨ ਕੀਤੇ ਹਨ। ਵਰਕਰਾਂ ਦੀ ਹੜਤਾਲ ਕਾਰਨ ਮੁਲਕ ’ਚ ਹਾਈ ਸਪੀਡ ਟਰੇਨਾਂ ਰੋਕੀਆਂ ਗਈਆਂ ਹਨ ਅਤੇ ਬਿਜਲੀ ਸਪਲਾਈ ’ਚ ਅੜਿੱਕਾ ਪਿਆ ਹੈ। ਰਾਸ਼ਟਰਪਤੀ ਇਮੈਨੂਅਲ ਮੈਕਰੌਂ ਲਈ ਰਾਸ਼ਟਰ ਵਿਆਪੀ ਪ੍ਰਦਰਸ਼ਨ ਇਕ ਵੱਡੀ ਚੁਣੌਤੀ ਵਜੋਂ ਦੇਖੇ ਜਾ ਰਹੇ ਹਨ। ਨਵੇਂ ਪੈਨਸ਼ਨ ਨੇਮਾਂ ਤਹਿਤ ਵਰਕਰਾਂ ਨੂੰ ਲੰਬੇ ਸਮੇਂ ਤੱਕ ਕੰਮ ਕਰਨਾ ਪਵੇਗਾ ਅਤੇ ਸੇਵਾਮੁਕਤੀ ਦੀ ਉਮਰ ਹੱਦ 62 ਤੋਂ ਵਧਾ ਕੇ 64 ਸਾਲ ਕਰ ਦਿੱਤੀ ਜਾਵੇਗੀ। ਫਰਾਂਸ ’ਚ ਬਜ਼ੁਰਗਾਂ ਦੀ ਆਬਾਦੀ ਲਗਾਤਾਰ ਵਧ ਰਹੀ ਹੈ ਅਤੇ ਮੈਕਰੌਂ ਸਰਕਾਰ ਨੂੰ ਜਾਪਦਾ ਹੈ ਕਿ ਪੈਨਸ਼ਨ ਨੇਮਾਂ ’ਚ ਸੁਧਾਰ ਨਾਲ ਹੀ ਕੋਈ ਢੁੱਕਵਾਂ ਰਾਹ ਨਿਕਲ ਸਕਦਾ ਹੈ ਕਿਉਂਕਿ ਸਰਕਾਰ ਵੱਲੋਂ ਬਜ਼ੁਰਗਾਂ ਨੂੰ ਪੈਨਸ਼ਨ ਦਿੱਤੀ ਜਾਂਦੀ ਹੈ। ਪ੍ਰਸਤਾਵਿਤ ਨੇਮਾਂ ਮੁਤਾਬਕ ਵਰਕਰਾਂ ਨੂੰ ਪੂਰੀ ਪੈਨਸ਼ਨ ਲੈਣ ਲਈ ਘੱਟੋ ਘੱਟ 43 ਸਾਲ ਤੱਕ ਕੰਮ ਕਰਨਾ ਪਵੇਗਾ। ਜਿਹੜੇ ਇਸ ਸ਼ਰਤ ਨੂੰ ਪੂਰੀ ਨਹੀਂ ਕਰ ਸਕਣਗੇ, ਉਨ੍ਹਾਂ ਦੀ ਸੇਵਾਮੁਕਤੀ ਦੀ ਉਮਰ 67 ਸਾਲ ਰਹੇਗੀ ਅਤੇ ਉਸ ਤੋਂ ਬਾਅਦ ਹੀ ਪੈਨਸ਼ਨ ਲੱਗੇਗੀ। ਪੈਰਿਸ ’ਚ ਫਰਾਂਸ ਦੀਆਂ ਸਾਰੀਆਂ ਵੱਡੀਆਂ ਯੂਨੀਅਨਾਂ ਵੱਲੋਂ ਰੈਲੀ ਕੀਤੀ ਗਈ। ਉਂਜ ਦੇਸ਼ ਭਰ ’ਚ ਵੀਰਵਾਰ ਨੂੰ 200 ਤੋਂ ਜ਼ਿਆਦਾ ਰੈਲੀਆਂ ਹੋਈਆਂ ਹਨ।

ਪੁਲੀਸ ਯੂਨੀਅਨਾਂ ਨੇ ਵੀ ਪੈਨਸ਼ਨ ਸੁਧਾਰਾਂ ਦਾ ਵਿਰੋਧ ਕਰਦਿਆਂ ਪ੍ਰਦਰਸ਼ਨਾਂ ’ਚ ਹਿੱਸਾ ਲਿਆ ਹੈ। ਫਰਾਂਸ ਦੇ ਆਲੇ-ਦੁਆਲੇ ਦੀਆਂ ਜ਼ਿਆਦਾਤਰ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਪੈਰਿਸ ਦੇ ਓਰਲੀ ਹਵਾਈ ਅੱਡੇ ਤੋਂ ਕਰੀਬ 20 ਫ਼ੀਸਦ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ 70 ਫ਼ੀਸਦੀ ਪ੍ਰੀ ਸਕੂਲ ਅਤੇ ਪ੍ਰਾਇਮਰੀ ਸਕੂਲ ਅਧਿਆਪਕ ਵੀ ਰੋਸ ਵਜੋਂ ਕੰਮ ’ਤੇ ਨਹੀਂ ਆਏ।