ਫਗਵਾੜਾ: ਪਿਸਤੌਲ ਦਿਖਾ ਕੇ ਖੋਹੀ ਗੱਡੀ ਦਾ ਪਿੱਛਾ ਕਰ ਰਹੀ ਪੁਲੀਸ ਤੇ ਲੁਟੇਰਿਆਂ ਵਿਚਾਲੇ ਮੁਕਾਬਲਾ, ਕਾਂਸਟੇਬਲ ਦੀ ਮੌਤ

ਫਗਵਾੜਾ: ਪਿਸਤੌਲ ਦਿਖਾ ਕੇ ਖੋਹੀ ਗੱਡੀ ਦਾ ਪਿੱਛਾ ਕਰ ਰਹੀ ਪੁਲੀਸ ਤੇ ਲੁਟੇਰਿਆਂ ਵਿਚਾਲੇ ਮੁਕਾਬਲਾ, ਕਾਂਸਟੇਬਲ ਦੀ ਮੌਤ

ਫਗਵਾੜਾ-ਇਥੋਂ ਦੇ ਅਰਬਨ ਅਸਟੇਟ ਖੇਤਰ ’ਚੋਂ ਪਿਸਤੌਲ ਦਿਖਾ ਕੇ ਕਰੇਟਾ ਗੱਡੀ ਖੋਹਣ ਮਗਰੋਂ ਪਿੱਛਾ ਕਰ ਰਹੀ ਪੁਲੀਸ ’ਤੇ ਲੁਟੇਰਿਆਂ ਵਲੋਂ ਗੋਲੀ ਚਲਾਉਣ ਕਾਰਨ ਥਾਣਾ ਸਿਟੀ ਦੇ ਮੁਲਾਜ਼ਮ ਦੀ ਮੌਤ ਹੋ ਗਈ। ਮ੍ਰਿਤਕ ਮੁਲਾਜ਼ਮ ਦੀ ਪਛਾਣ ਕਮਲਪ੍ਰੀਤ ਬਾਜਵਾ ਵਜੋਂ ਹੋਈ ਹੈ। ਕਰੇਟਾ ਕਾਰ ਚਾਲਕ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਦੋਸਤ ਦੇ ਨਾਲ ਫਗਵਾੜਾ ਦੇ ਅਰਬਨ ਅਸਟੇਟ ਇਲਾਕੇ ’ਚ ਸਥਿਤ ਘਰ ਨੂੰ ਜਾ ਰਿਹਾ ਸੀ। ਇਸ ਦੌਰਾਨ ਗੱਡੀ ’ਚ ਸਵਾਰ ਚਾਰ ਨੌਜਵਾਨ ਆਏ, ਜਿਨ੍ਹਾਂ ’ਚੋਂ ਦੋ ਨੌਜਵਾਨਾਂ ਨੇ ਪਿਸਤੌਲ ਦਿਖਾ ਕੇ ਉਨ੍ਹਾਂ ਦੀ ਕਰੇਟਾ ਗੱਡੀ ਖੋਹ ਲਈ, ਜਿਸ ਦੀ ਸੂਚਨਾ ਉਨ੍ਹਾਂ ਪੁਲੀਸ ਨੂੰ ਦਿੱਤੀ। ਇਸ ਤੋਂ ਬਾਅਦ ਸਿਟੀ ਪੁਲੀਸ ਨੇ ਲੁਟੇਰਿਆਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ, ਜਿਥੇ ਇੱਕ ਪਿੰਡ ’ਚ ਕੱਚੇ ਥਾਂ ’ਤੇ ਲੁਟੇਰਿਆਂ ਤੇ ਪੁਲੀਸ ਆਹਮੋ ਸਾਹਮਣੇ ਹੋ ਗਏ। ਲੁਟੇਰਿਆਂ ਵਲੋਂ ਕੀਤੀ ਫ਼ਾਇਰਿੰਗ ਕਾਰਨ ਗੋਲੀ ਕਮਲਪ੍ਰੀਤ ਸਿੰਘ ਦੇ ਪੱਟ ’ਚ ਲੱਗੀ।
ਇਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਿਆ, ਜਦੋਂ ਉਸਨੂੰ ਇਥੋਂ ਦੇ ਨਿੱਜੀ ਹਸਪਤਾਲ ’ਚ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਐੱਸਐੱਸਪੀ ਨਵਨੀਤ ਸਿੰਘ ਬੈਂਸ ਹਸਪਤਾਲ ਵਿਖੇ ਪੁੱਜੇ ਤੇ ਘਟਨਾ ਸਬੰਧੀ ਜਾਣਕਾਰੀ ਹਾਸਲ ਕੀਤੀ। ਦੱਸਿਆ ਜਾ ਰਿਹਾ ਹੈ ਤਿੰਨ ਲੁਟੇਰਿਆਂ ਨੂੰ ਕਾਬੂ ਕਰ ਲਿਆ ਹੈ, ਜਦਕਿ ਇਸ ਦੀ ਪੁਸ਼ਟੀ ਨਹੀਂ ਹੋ ਸਕੀ। ਕਾਰ ਚਾਲਕ ਮੁਤਾਬਕ ਖੋਹੀ ਗੱਡੀ ਬਰਾਮਦ ਕਰ ਲਈ ਹੈ। ਘਟਨਾ ਤੋਂ ਬਾਅਦ ਇਲਾਕੇ ’ਚ ਦਹਿਸ਼ਤ ਦਾ ਮਾਹੌਲ ਹੈ।