ਪੱਤਰਕਾਰ ਸਿਦੀਕ ਕੱਪਨ ਨੂੰ ਮਨੀ ਲਾਂਡਰਿੰਗ ਕੇਸ ’ਚ ਜ਼ਮਾਨਤ ਮਿਲੀ

ਪੱਤਰਕਾਰ ਸਿਦੀਕ ਕੱਪਨ ਨੂੰ ਮਨੀ ਲਾਂਡਰਿੰਗ ਕੇਸ ’ਚ ਜ਼ਮਾਨਤ ਮਿਲੀ

ਲਖਨਊ: ਅਲਾਹਾਬਾਦ ਹਾਈ ਕੋਰਟ ਨੇ ਕੇਰਲਾ ਦੇ ਪੱਤਰਕਾਰ ਿਸਦੀਕ ਕੱਪਨ ਨੂੰ ਮਨੀ ਲਾਂਡਰਿੰਗ ਕੇਸ ਵਿਚ ਜ਼ਮਾਨਤ ਦੇ ਦਿੱਤੀ ਹੈ। ਹਾਈ ਕੋਰਟ ਦੇ ਲਖਨਊ ਬੈਂਚ ਨੇ ਅੱਜ ਇਸ ਬਾਰੇ ਹੁਕਮ ਜਾਰੀ ਕੀਤਾ। ਕੱਪਨ ਨੇ ਅਦਾਲਤ ਵਿਚ ਜ਼ਮਾਨਤ ਲਈ ਅਰਜ਼ੀ ਦਾਇਰ ਕੀਤੀ ਸੀ। ਕੱਪਨ ਇਸ ਵੇਲੇ ਲਖਨਊ ਜੇਲ੍ਹ ਵਿਚ ਹੈ। ਉਸ ਨੂੰ ਦੋ ਸਾਲ ਪਹਿਲਾਂ ਉਸ ਵੇਲੇ ਗ੍ਰਿਫ਼ਤਾਰ ਕੀਤਾ ਗਿਆ ਸੀ ਜਦ ਉਹ ਯੂਪੀ ਦੇ ਹਾਥਰਸ ਜਾ ਰਿਹਾ ਸੀ। ਉੱਥੇ ਕਥਿਤ ਤੌਰ ਉਤੇ ਇਕ ਦਲਿਤ ਮਹਿਲਾ ਨਾਲ ਜਬਰ-ਜਨਾਹ ਕੀਤਾ ਗਿਆ ਸੀ ਜਿਸ ਦੀ ਮਗਰੋਂ ਮੌਤ ਹੋ ਗਈ ਸੀ। ਕੱਪਨ ਤੇ ਤਿੰਨ ਹੋਰਾਂ ਉਤੇ ਪਾਪੂਲਰ ਫਰੰਟ ਆਫ ਇੰਡੀਆ ਨਾਲ ਸੰਪਰਕ ਰੱਖਣ ਦੇ ਦੋਸ਼ ਲਾਏ ਗਏ ਸਨ। ਸਤੰਬਰ ਵਿਚ ਸੁਪਰੀਮ ਕੋਰਟ ਨੇ ਇਸ ਕੇਸ ਵਿਚ ਕੱਪਨ ਨੂੰ ਜ਼ਮਾਨਤ ਦੇ ਦਿੱਤੀ ਸੀ ਪਰ ਈਡੀ ਵੱਲੋਂ ਦਾਇਰ ਮਨੀ ਲਾਂਡਰਿੰਗ ਕੇਸ ਕਾਰਨ ਉਹ ਹਾਲੇ ਜੇਲ੍ਹ ਵਿਚ ਹੀ ਸੀ। ਜ਼ਿਕਰਯੋਗ ਹੈ ਕਿ ਕੱਪਨ ਉਤੇ ਹਿੰਸਾ ਭੜਕਾਉਣ ਦੀ ਸਾਜ਼ਿਸ਼ ਵਿਚ ਸ਼ਾਮਲ ਹੋਣ ਦਾ ਦੋਸ਼ ਲਾਇਆ ਗਿਆ ਸੀ। ਸਿਦੀਕ ਕੱਪਨ ਉਤੇ ਆਈਪੀਸੀ ਤੇ ਯੂਏਪੀਏ ਦੀਆਂ ਧਾਰਾਵਾਂ ਲਾਈਆਂ ਗਈਆਂ ਸਨ।