ਪੱਛਮੀ ਕੀਨੀਆ ’ਚ ਬੰਨ੍ਹ ਟੁੱਟਿਆ, 45 ਹਲਾਕ

ਪੱਛਮੀ ਕੀਨੀਆ ’ਚ ਬੰਨ੍ਹ ਟੁੱਟਿਆ, 45 ਹਲਾਕ

ਪਾਣੀ ’ਚ ਕਈ ਘਰ ਰੁੜ੍ਹੇ; ਪ੍ਰਮੁੱਖ ਸੜਕਾਂ ਨਾਲੋਂ ਸੰਪਰਕ ਟੁੱਟਿਆ
ਨੈਰੋਬੀ (ਕੀਨੀਆ)- ਪਿਛਲੇ ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਰਕੇ ਪੱਛਮੀ ਕੀਨੀਆ ਵਿਚ ਸੋਮਵਾਰ ਤੜਕੇ ਬੰਨ੍ਹ ਟੁੱਟਣ ਨਾਲ ਘੱਟੋ-ਘੱਟ 45 ਵਿਅਕਤੀ ਹਲਾਕ ਹੋ ਗਏ। ਪੁਲੀਸ ਨੇ ਕਿਹਾ ਕਿ ਪਾਣੀ ਵਿਚ ਕਈ ਘਰ ਰੁੜ੍ਹ ਗਏ ਤੇ ਕਈ ਪ੍ਰਮੁੱਖ ਸੜਕਾਂ ਨਾਲੋਂ ਸੰਪਰਕ ਟੁੱਟ ਗਿਆ।

ਪੁਲੀਸ ਅਧਿਕਾਰੀ ਸਟੀਫਨ ਕਿਰੁਈ ਨੇ ਇਸ ਖ਼ਬਰ ਏਜੰਸੀ ਨੂੰ ਦੱਸਿਆ ਕਿ ਗ੍ਰੇਟ ਰਿਫ਼ਟ ਵੈਲੀ ਖੇਤਰ ਦੇ ਮਾਈ ਮਹੀਓ ਇਲਾਕੇ ਵਿਚ ਪੈਂਦਾ ਪੁਰਾਣਾ ਕਿਜਾਬੇ ਡੈਮ ਟੁੱਟ ਗਿਆ। ਉਨ੍ਹਾਂ ਕਿਹਾ ਕਿ ਇਸ ਇਲਾਕੇ ਵਿਚ ਅਕਸਰ ਹੜ੍ਹ ਆਉਂਦੇ ਰਹਿੰਦੇ ਹਨ। ਕਾਬਿਲੇਗੌਰ ਹੈ ਕਿ ਕੀਨੀਆ ਵਿਚ ਮੋਹਲੇਧਾਰ ਮੀਂਹ ਕਰਕੇ ਕਈ ਥਾਵਾਂ ’ਤੇ ਹੜ੍ਹ ਆ ਗਏ ਹਨ ਤੇ ਹੁਣ ਤੱਕ 100 ਦੇ ਕਰੀਬ ਲੋਕ ਮੌਤ ਦੇ ਮੂੰਹ ਪੈ ਚੁੱਕੇ ਹਨ। ਹੜ੍ਹਾਂ ਕਰਕੇ ਸਕੂਲ ਖੋਲ੍ਹਣ ਦੇ ਅਮਲ ਨੂੰ ਮੁਲਤਵੀ ਕਰ ਦਿੱਤਾ ਹੈ।

ਕੀਨੀਆ ਵਿਚ ਮੱਧ ਮਾਰਚ ਤੋਂ ਭਾਰੀ ਮੀਂਹ ਪੈ ਰਿਹਾ ਹੈ ਤੇ ਮੌਸਮ ਵਿਭਾਗ ਨੇ ਆਉਂਦੇ ਦਿਨਾਂ ਵਿਚ ਹੋਰ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਹੈ। ਭਾਰੀ ਮੀਂਹ ਕਰਕੇ ਪੂਰਬੀ ਅਫ਼ਰੀਕਾ ਵਿਚ ਹੜ੍ਹਾਂ ਵਾਲੇ ਹਾਲਾਤ ਬਣੇ ਹੋਏ ਹਨ ਤੇ ਤਨਜ਼ਾਨੀਆ ਵਿਚ 155 ਵਿਅਕਤੀ ਮਾਰੇ ਗਏ ਹੈ। ਗੁਆਂਢ ਮੱਥੇ ਬੁਰੂੰਡੀ ਵਿਚ ਦੋ ਲੱਖ ਤੋਂ ਵੱਧ ਲੋਕ ਅਸਰਅੰਦਾਜ਼ ਹੋਏ ਹਨ। ਸ਼ਨਿਚਰਵਾਰ ਨੂੰ ਕੀਨੀਆ ਦੇ ਮੁੱਖ ਹਵਾਈ ਅੱਡੇ ’ਤੇ ਪਾਣੀ ਭਰਨ ਕਰਕੇ ਕਈ ਉਡਾਣਾਂ ਦਾ ਰੂਟ ਬਦਲਣਾ ਪਿਆ ਸੀ।