ਪੱਖਪਾਤੀ ਰਵੱਈਆ ਛੱਡ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਕੇਂਦਰ: ਧਾਮੀ

ਪੱਖਪਾਤੀ ਰਵੱਈਆ ਛੱਡ ਕੇ ਬੰਦੀ ਸਿੰਘਾਂ ਨੂੰ ਰਿਹਾਅ ਕਰੇ ਕੇਂਦਰ: ਧਾਮੀ

ਰਾਜੋਆਣਾ ਨਾਲ ਭਲਕੇ ਮੁਲਾਕਾਤ ਕਰ ਸਕਦੈ ਸ਼੍ਰੋਮਣੀ ਕਮੇਟੀ ਦਾ ਵਫ਼ਦ
ਪਟਿਆਲਾ- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖਾਂ ਨਾਲ ਪੱਖਪਾਤੀ ਰਵੱਈਆ ਛੱਡਕੇ ਭਾਰਤ ਸਰਕਾਰ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰੇ। ਉਨ੍ਹਾਂ ਕਿਹਾ ਕਿ ਸਿੱਖ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਜੇਲ੍ਹਾਂ ਵਿਚ ਬੰਦ ਹਨ ਅਤੇ ਕਿਸੇ ਕੌਮ ਨਾਲ ਇਸ ਤੋਂ ਵੱਡਾ ਵਿਤਕਰਾ ਹੋਰ ਕੀ ਹੋ ਸਕਦਾ ਹੈ? ਉਨ੍ਹਾਂ ਕਿਹਾ ਕਿ ਇਸ ਸਬੰਧੀ ਸ਼੍ਰੋਮਣੀ ਕਮੇਟੀ ਨੇ ਜਿਥੇ ਕਾਨੂੰਨੀ ਲੜਾਈ ਜਾਰੀ ਰੱਖੀ ਹੋਈ ਹੈ, ਉਥੇ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਹੋਰ ਢੰਗ ਤਰੀਕਿਆਂ ਨਾਲ ਵੀ ਅਵਾਜ਼ ਬੁਲੰਦ ਕੀਤੀ ਜਾ ਰਹੀ ਹੈ ਜਿਸ ਸਬੰਧੀ ਉਨ੍ਹਾਂ ਨੇ ਕੁਝ ਦਿਨ ਪਹਿਲਾਂ ਹੀ 26 ਲੱਖ ਲੋਕਾਂ ਦੇ ਦਸਤਖਤਾਂ ਵਾਲ਼ੇ ਫਾਰਮ ਰਾਜਪਾਲ ਰਾਹੀਂ ਕੇਂਦਰ ਸਰਕਾਰ ਨੂੰ ਭੇਜਣ ਦੀ ਕਾਰਵਾਈ ਦੀ ਗੱਲ ਵੀ ਕੀਤੀ। ਉਨ੍ਹਾਂ ਹੋਰ ਦੱਸਿਆ ਕਿ ਸ਼੍ਰੋਮਣੀ ਕਮੇਟੀ ਦਾ ਵਫ਼ਦ ਵੱਲੋਂ ਸੋਮਵਾਰ ਨੂੰ ਪਟਿਆਲਾ ਜੇਲ੍ਹ ’ਚ ਬੰਦ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਦੇ ਉਲੀਕੇ ਗਏ ਪ੍ਰੋਗਰਾਮ ਬਾਰੇ ਵੀ ਦੱਸਿਆ ਤੇ ਨਾਲ਼ ਹੀ ਇਹ ਵੀ ਕਿਹਾ ਕਿ ਜਲਦੀ ਹੀ ਬੰਦੀ ਸਿੱਖਾਂ ਦੀ ਰਿਹਾਈ ਲਈ ਅਗਲੀ ਰਣਨੀਤੀ ਵੀ ਉਲੀਕੀ ਜਾਵੇਗੀ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਜਸਮੇਰ ਲਾਛੜੂ, ਜਰਨੈਲ ਕਰਤਾਰਪੁਰ, ਗੁਰਪ੍ਰੀਤ ਰਾਜੂਖੰਨਾ, ਹਲਕਾ ਇੰਚਾਰਜ ਅਮਿੰਦਰ ਬਜਾਜ, ਇੰਦਰਮੋਹਣ ਬਜਾਜ, ਪਰਮਜੀਤ ਸਰੋਆ, ਬਲਵਿੰਦਰ ਦੌਣ ਆਦਿ ਵੀ ਮੌਜੂਦ ਸਨ। ਤੀਜੀ ਵਾਰ ਪ੍ਰਧਾਨ ਬਣ ਕੇ ਪਹਿਲੀ ਵਾਰ ਗੁਰਦਵਾਰਾ ਦੂਖਨਿਵਾਰਨ ਸਾਹਿਬ ਪੁੱਜਣ ’ਤੇ ਮੈਨੇਜਰ ਕਰਨੈਲ ਵਿਰਕ ਤੇ ਹੋਰਾਂ ਨੇ ਸ੍ਰੀ ਧਾਮੀ ਦਾ ਸਨਮਾਨ ਵੀ ਕੀਤਾ।