15 ਅਕਤੂਬਰ ਦੀ ‘ਲਲਕਾਰ ਦਿਵਸ ਰੈਲੀ’ ਤੋੜੇਗੀ ਹਾਕਮਾਂ ਦੀ ਚੁੱਪ: ਕੋਕਰੀ ਕਲਾਂ
ਸੰਗਰੂਰ-ਭਾਕਿਯੂ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ ਤੇ ਬੀਬੀਆਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਚੱਲ ਰਹੇ ਪੱਕੇ ਮੋਰਚੇ ਦੇ ਪੰਜਵੇਂ ਦਿਨ ਅੱਜ ਕੇਂਦਰ ਤੇ ਰਾਜ ਦੀਆਂ ਹਕੂਮਤਾਂ ਖ਼ਿਲਾਫ਼ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਐਲਾਨ ਕੀਤਾ ਗਿਆ ਕਿ 15 ਅਕਤੂਬਰ ਨੂੰ ‘ਲਲਕਾਰ ਦਿਵਸ’ ਮੌਕੇ ਹੋਣ ਵਾਲੀ ਰੈਲੀ ਮੁੱਖ ਮੰਤਰੀ ਨੂੰ ਆਪਣੇ ਚੁੱਪ ਤੋੜਨ ਲਈ ਮਜਬੂਰ ਕਰੇਗੀ।
ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਦੇ ਸਾਹਮਣੇ ਵਾਲੀ ਖੁੱਲ੍ਹੀ ਥਾਂ ਦੇ ਆਲੇ-ਦੁਆਲੇ ਲਗਾਈ ਕੰਡਿਆਲੀ ਤਾਰ, ਮੁੱਖ ਸੜਕ ਦੇ ਦੋਵੇਂ ਪਾਸੇ ਖੜ੍ਹੀਆਂ ਟਰੈਕਟਰ-ਟਰਾਲੀਆਂ ਅਤੇ ਠਾਠਾਂ ਮਾਰਦੇ ਇਕੱਠ ਵਿੱਚ ਸਰਕਾਰਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ ਇੱਕ ਵਾਰ ਦਿੱਲੀ ਦੇ ਕਿਸਾਨ ਅੰਦੋਲਨ ਦਾ ਭੁਲੇਖਾ ਪਾ ਰਹੇ ਹਨ। ਅੱਜ ਕਰਵਾ ਚੌਥ ਦਾ ਤਿਉਹਾਰ ਮੌਕੇ ਵੀ ਕਿਸਾਨ ਬੀਬੀਆਂ ਨੇ ਸੰਘਰਸ਼ੀ ਮੋਰਚੇ ਵਿੱਚ ਕਿਸਾਨੀ ਹੱਕਾਂ ਲਈ ਆਵਾਜ਼ ਬੁਲੰਦ ਕਰਨ ਨੂੰ ਤਰਜੀਹ ਦਿੱਤੀ। ਹਾਕਮਾਂ ਦੀ ਚੁੱਪ ਦੇ ਬਾਵਜੂਦ ਪੱਕੇ ਮੋਰਚੇ ’ਚ ਕਿਸਾਨਾਂ ਦੇ ਹੌਂਸਲੇ ਬੁਲੰਦ ਹਨ ਤੇ ਕਿਸਾਨਾਂ ਨੇ ਕਰੀਬ ਤਿੰਨ ਕਿਲੋਮੀਟਰ ਦੀ ਦੂਰੀ ਤੱਕ ਪੱਕੇ ਡੇਰੇ ਲਗਾ ਲਏ ਹਨ।
ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਭਾਕਿਯੂ ਏਕਤਾ ਉਗਰਾਹਾਂ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ 7 ਅਕਤੂਬਰ ਦੀ ਮੀਟਿੰਗ ਵਿੱਚ ਮੰਨੀਆਂ ਮੰਗਾਂ ਨੂੰ ਲਾਗੂ ਕਰਨ ਤੋਂ ਪਾਸਾ ਕਰਦਿਆਂ ਮੁਜਰਮਾਨਾ ਚੁੱਪ ਵੱਟ ਲਈ ਹੈ। ਉਨ੍ਹਾਂ ਦਾਅਵਾ ਕੀਤਾ ਕਿ 15 ਅਕਤੂਬਰ ਨੂੰ ‘ਲਲਕਾਰ ਦਿਵਸ’ ਮੌਕੇ ਪੱਕੇ ਮੋਰਚੇ ਵਾਲੇ ਸਥਾਨ ’ਤੇ ਹੋਣ ਵਾਲੀ ਲਾਮਿਸਾਲ ਰੈਲੀ ਮੁੱਖ ਮੰਤਰੀ ਅਤੇ ਸਰਕਾਰ ਦੀ ਚੁੱਪ ਤੋੜੇਗੀ।
ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੋਸ਼ ਲਾਇਆ ਕਿ ਪਿੰਡ ਧੌਲਾ (ਬਰਨਾਲਾ) ਦੇ ਕਿਸਾਨ ਲਖਵਿੰਦਰ ਸਿੰਘ ਨੂੰ ਪਰਾਲੀ ਸਾੜਨ ਦੇ ਦੋਸ਼ ਹੇਠ 2500 ਰੁਪਏ ਜੁਰਮਾਨੇ ਦਾ ਨੋਟਿਸ ਭੇਜਿਆ ਗਿਆ ਹੈ, ਜਦਕਿ ਉਸਦੇ ਖੇਤ ਵਿੱਚ ਝੋਨੇ ਦੀ ਫ਼ਸਲ ਹਾਲੇ ਵੀ ਖੜ੍ਹੀ ਹੈ। ਅੱਜ ਧਰਨੇ ਨੂੰ ਮਹਿਲਾ ਕਿਸਾਨ ਆਗੂ ਚਰਨਜੀਤ ਕੌਰ, ਜਸਪਾਲ ਸਿੰਘ ਮਾਨਸਾ, ਗੁਰਪਾਸ਼ ਸਿੰਘ ਸਿੰਘੇਵਾਲਾ ਮੁਕਤਸਰ, ਕੇਵਲ ਸਿੰਘ ਭੜੀ ਮਾਲੇਰਕੋਟਲਾ, ਦਲਜੀਤ ਸਿੰਘ ਗਿੱਲਵਾਲੀ ਗੁਰਦਾਸਪੁਰ, ਭਗਤ ਸਿੰਘ ਛੰਨਾਂ ਬਰਨਾਲਾ, ਪੰਜਾਬ ਸਟੂਡੈਂਟ ਯੂਨੀਅਨ (ਸ਼ਹੀਦ ਰੰਧਾਵਾ) ਦੇ ਜ਼ਿਲ੍ਹਾ ਪ੍ਰਧਾਨ ਰਮਨ ਸਿੰਘ ਕਾਲਾਝਾੜ, ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਆਗੂ ਬਲਜੀਤ ਕੌਰ ਲਹਿਲ ਕਲਾਂ ਨੇ ਵੀ ਸੰਬੋਧਨ ਕੀਤਾ।