ਪੱਕਾ ਮੋਰਚਾ

ਪੱਕਾ ਮੋਰਚਾ

ਮੋਰਚੇ ਦੇ ਆਗੂ ਮੁੜ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧੇ

ਪੁਲੀਸ ਨੇ ਬੈਰੀਕੇਡਿੰਗ ਕਰ ਕੇ ਰਾਹ ਡੱਕਿਆ; ਸੜਕ ’ਤੇ ਦੋ ਘੰਟੇ ਲਾਇਆ ਧਰਨਾ

ਐੱਸਏਐੱਸ ਨਗਰ (ਮੁਹਾਲੀ) –

ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਸਮੇਤ ਹੋਰ ਸਿੱਖ ਮਸਲਿਆਂ ਸਬੰਧੀ ਮੁਹਾਲੀ-ਚੰਡੀਗੜ੍ਹ ਦੀ ਹੱਦ ’ਤੇ ਪੱਕਾ ਮੋਰਚਾ ਲਾ ਕੇ ਬੈਠੀ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਅੱਜ ਮੁੜ ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਵਧਣ ਦਾ ਯਤਨ ਕੀਤਾ। ਇਸ ਮੌਕੇ ਤਾਇਨਾਤ ਭਾਰੀ ਪੁਲੀਸ ਬਲ ਨੇ ਮੁਹਾਲੀ ਦੇ ਐੱਸਐੱਸਪੀ ਦੀ ਸਰਕਾਰੀ ਕੋਠੀ ਨੇੜਲੇ ਮੁਹਾਲੀ-ਯੂਟੀ ਦੇ ਐਂਟਰੀ ਪੁਆਇੰਟ ’ਤੇ ਵੱਡੀ ਪੱਧਰ ’ਤੇ ਬੈਰੀਕੇਡਿੰਗ ਕਰ ਕੇ ਉਕਤ ਧਰਨਾਕਾਰੀਆਂ ਦਾ ਰਾਹ ਡੱਕ ਲਿਆ। ਪੁਲੀਸ ਵੱਲੋਂ ਰੋਕੇ ਜਾਣ ’ਤੇ ਪ੍ਰਦਰਸ਼ਨਕਾਰੀਆਂ ਨੇ ਉਸੇ ਥਾਂ ’ਤੇ ਲਗਪਗ ਦੋ ਘੰਟੇ ਧਰਨਾ ਲਾਈ ਰੱਖਿਆ। ਉਪਰੰਤ ਧਰਨਾਕਾਰੀ ਮੁੜ ਪੱਕੇ ਮੋਰਚੇ ਵਾਲੀ ਥਾਂ ਚਲੇ ਗਏ। ਬੀਤੇ ਦਿਨ ਪ੍ਰਦਰਸ਼ਨਕਾਰੀਆਂ ਨੂੰ ਅੱਗੇ ਵਧਣ ਤੋਂ ਰੋਕਣ ਵੇਲੇ ਪੁਲੀਸ ਅਤੇ ਧਰਨਾਕਾਰੀਆਂ ਵਿਚਾਲੇ ਹੋਏ ਟਕਰਾਅ ਕਾਰਨ ਹੁਣ ਮੁਹਾਲੀ ਤੇ ਚੰਡੀਗੜ੍ਹ ਪੁਲੀਸ ਨੇ ਸਾਰੇ ਐਂਟਰੀ ਪੁਆਇੰਟਾਂ ’ਤੇ ਬੈਰੀਕੇਡਿੰਗ ਕੀਤੀ ਹੋਈ ਹੈ। ਵਾਈਪੀਐੱਸ ਚੌਕ ਤੋਂ ਚੰਡੀਗੜ੍ਹ ਜਾਣ ਵਾਲੀ ਮੁੱਖ ਸੜਕ ’ਤੇ ਲੰਘੀ 7 ਜਨਵਰੀ ਤੋਂ ਆਵਾਜਾਈ ਮੁਕੰਮਲ ਬੰਦ ਕੀਤੀ ਹੋਈ ਹੈ। ਪ੍ਰਦਰਸ਼ਨਕਾਰੀਆਂ ਅਤੇ ਪੁਲੀਸ ਮੁਲਾਜ਼ਮਾਂ ਵਿਚਾਲੇ ਹੋਏ ਟਕਰਾਅ ਮਗਰੋਂ ਮੁਹਾਲੀ ਦੇ ਮਟੌਰ ਥਾਣੇ ’ਚ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀਬਾਪੂ ਗੁਰਚਰਨ ਸਿੰਘ, ਬਲਵਿੰਦਰ ਸਿੰਘ, ਜਸਵਿੰਦਰ ਸਿੰਘ, ਦਿਲਸ਼ੇਰ ਸਿੰਘ ਤੇ ਗੁਰਸ਼ਰਨ ਸਿੰਘ ਦਾ ਕਹਿਣਾ ਹੈ ਕਿ ਉਹ ਸ਼ਾਂਤੀ ਨਾਲ ਵਧ ਰਹੇ ਸਨ ਤੇ ਸ਼ਰਾਰਤੀ ਅਨਸਰਾਂ ਵੱਲੋਂ ਉਨ੍ਹਾਂ ’ਤੇ ਪੱਥਰਬਾਜ਼ੀ ਕੀਤੀ ਗਈ। ਬਲਵਿੰਦਰ ਸਿੰਘ ਨੇ ਕਿਹਾ ਕਿ ਛੇਤੀ ਹੀ ਮੋਰਚੇ ਵੱਲੋਂ ਜੇਲ੍ਹ ਭਰੋ ਅੰਦੋਲਨ ਆਰੰਭਿਆ ਜਾਵੇਗਾ। 

ਸੱਤ ਆਗੂਆਂ ਖ਼ਿਲਾਫ਼ ਕੇਸ ਦਰਜ, ਪਰ ਹਾਲੇ ਕੋਈ ਗ੍ਰਿਫ਼ਤਾਰੀ ਨਹੀਂ

ਚੰਡੀਗੜ੍ਹ: ਮੁਹਾਲੀ-ਚੰਡੀਗੜ੍ਹ ਸਰਹੱਦ ’ਤੇ ਕੌਮੀ ਇਨਸਾਫ ਮੋਰਚੇ ਦੀ ਅਗਵਾਈ ਹੇਠ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਮਾਮਲੇ ’ਚ ਇਨਸਾਫ਼ ਅਤੇ ਵੱਖ-ਵੱਖ ਮੁੱਦਿਆਂ ਬਾਰੇ ਚੱਲ ਰਹੇ ਪੱਕੇ ਮੋਰਚੇ ਦੇ ਆਗੂਆਂ ਦੀ ਚੰਡੀਗੜ੍ਹ ਸਥਿਤ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਵੱਲ ਮਾਰਚ ਕਰਦਿਆਂ ਪੁਲੀਸ ਨਾਲ ਹੋਈ ਝੜਪ ਸਬੰਧੀ ਪੁਲੀਸ ਵੱਲੋਂ ਸੱਤ ਜਣਿਆਂ ਖ਼ਿਲਾਫ਼ ਇਰਾਦਾ ਕਤਲ ਸਣੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਨੇ ਪ੍ਰਦਰਸ਼ਨਕਾਰੀਆਂ ’ਤੇ ਅੱਥਰੂ ਗੈਸ ਦੇ ਗੋਲੇ ਦਾਗਣ ਵਾਲੀ ਬੰਦੂਕ ਤੇ ਗੋਲੇ ਖੋਹਣ ਅਤੇ ਸਰਕਾਰੀ ਗੱਡੀਆਂ ਵਿੱਚੋਂ ਹੋਰ ਸਾਜ਼ੋ-ਸਾਮਾਨ ਚੋਰੀ ਕਰਨ ਦਾ ਦੋਸ਼ ਵੀ ਲਗਾਇਆ ਹੈ। ਚੰਡੀਗੜ੍ਹ ਦੇ ਥਾਣਾ ਸੈਕਟਰ-36 ਦੀ ਪੁਲੀਸ ਨੇ ਥਾਣਾ ਸੈਕਟਰ-34 ਦੇ ਐੱਸਐੱਚਓ ਦਵਿੰਦਰ ਸਿੰਘ ਦੀ ਸ਼ਿਕਾਇਤ ’ਤੇ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ, ਪਰ ਪੁਲੀਸ ਵੱਲੋਂ ਹਾਲੇ ਤੱਕ ਕਿਸੇ ਵੀ ਆਗੂ ਦੀ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਹੈ। ਪੁਲੀਸ ਵੱਲੋਂ ਨਾਮਜ਼ਦ ਕੀਤੇ ਗਏ ਆਗੂਆਂ ’ਚ ਗੁਰਚਰਨ ਸਿੰਘ ਧਰਮ ਪਿਤਾ ਜਗਤਾਰ ਸਿੰਘ ਹਵਾਰਾ, ਬਲਵਿੰਦਰ ਸਿੰਘ, ਲੋਕ ਅਧਿਕਾਰ ਲਹਿਰ, ਅਮਰ ਸਿੰਘ ਚਾਹਲ, ਦਿਲਸ਼ੇਰ ਸਿੰਘ, ਜਸਵਿੰਦਰ ਸਿੰਘ ਰਾਜਪੁਰਾ, ਰੁਪਿੰਦਰਜੀਤ ਸਿੰਘ ਅਤੇ ਅਣਪਛਾਤੇ ਵਿਅਕਤੀਆਂ ਦੇ ਨਾਮ ਸ਼ਾਮਲ ਹਨ। ਪੁਲੀਸ ਦਾ ਕਹਿਣਾ ਹੈ ਕਿ ਸੈਕਟਰ-52/53 ਨੂੰ ਵੰਡਦੀ ਸੜਕ ’ਤੇ ਕੌਮੀ ਇਨਸਾਫ ਮੋਰਚੇ ਦੀ ਅਗਵਾਈ ਹੇਠ ਸਿੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਬੀਤੇ ਦਿਨ ਵੱਖ-ਵੱਖ ਮੰਗਾਂ ਲਈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਮੁਜ਼ਾਹਰਾਕਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਦਾ ਘਿਰਾਓ ਕਰਨ ਲਈ ਅੱਗੇ ਵਧੇ, ਜਿਨ੍ਹਾਂ ਨੂੰ ਚੰਡੀਗੜ੍ਹ ਵਿੱਚ ਦਾਖਲ ਹੋਣ ਤੋਂ ਰੋਕਿਆ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਚੰਡੀਗੜ੍ਹ ਪੁਲੀਸ ’ਤੇ ਡੰਡੇ, ਸੋਟੀਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇ ਇਸ ਝੜਪ ਵਿੱਚ ਸੱਤ ਮਹਿਲਾ ਪੁਲੀਸ ਮੁਲਾਜ਼ਮਾਂ ਸਣੇ 29 ਪੁਲੀਸ ਮੁਲਾਜ਼ਮ ਜ਼ਖ਼ਮੀ ਹੋ ਗਏ ਅਤੇ ਕਈ ਸਰਕਾਰੀ ਤੇ ਨਿੱਜੀ ਵਾਹਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਪੁਲੀਸ ਨੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੇ ਅੱਥਰੂ ਗੈਸ ਦੇ ਗੋਲੇ ਦਾਗਣ ਵਾਲੀ ਬੰਦੂਕ ਤੇ ਗੋਲੇ ਖੋਹਣ ਸਣੇ ਸਰਕਾਰੀ ਗੱਡੀਆਂ ਵਿੱਚੋਂ ਹੋਰ ਸਾਜੋ-ਸਾਮਾਨ ਲੁੱਟ ਲਿਆ।