ਪੰਥਕ ਇਕਜੁੱਟਤਾ ਲਈ ਸਿਰਫ਼ ਸਿਆਸੀ ਏਕਤਾ ਅਹਿਮ ਨਹੀਂ: ਜਥੇਦਾਰ ਹਰਪ੍ਰੀਤ ਸਿੰਘ

ਪੰਥਕ ਇਕਜੁੱਟਤਾ ਲਈ ਸਿਰਫ਼ ਸਿਆਸੀ ਏਕਤਾ ਅਹਿਮ ਨਹੀਂ: ਜਥੇਦਾਰ ਹਰਪ੍ਰੀਤ ਸਿੰਘ

ਪੰਥਕ ਧਿਰਾਂ ਨੂੰ ਸਾਂਝੇ ਪ੍ਰੋਗਰਾਮ ਤਹਿਤ ਇੱਕ ਹੋਣ ਦਾ ਸੱਦਾ; ਬੰਦੀ ਛੋੜ ਦਿਵਸ ਮੌਕੇ ਦਰਬਾਰ ਸਾਹਿਬ ਵਿਖੇ ਦੀਪਮਾਲਾ ਤੇ ਆਤਿਸ਼ਬਾਜ਼ੀ

ਅੰਮ੍ਰਿਤਸਰ-ਬੰਦੀ ਛੋੜ ਦਿਵਸ ਅਤੇ ਦੀਵਾਲੀ ਮੌਕੇ ਰਾਤ ਨੂੰ ਦਰਬਾਰ ਸਾਹਿਬ ਵਿਖੇ ਦੀਪਮਾਲਾ ਕੀਤੀ ਗਈ ਅਤੇ ਆਤਿਸ਼ਬਾਜ਼ੀ ਦਾ ਪ੍ਰਦਰਸ਼ਨ ਕੀਤਾ ਗਿਆ। ਬੰਦੀ ਛੋੜ ਦਿਹਾੜੇ ਸਬੰਧੀ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਹੋਏ ਗੁਰਮਤਿ ਸਮਾਗਮਾਂ ਦੌਰਾਨ ਪੰਥ ਪ੍ਰਸਿੱਧ ਰਾਗੀ, ਢਾਡੀ, ਕਵੀਸ਼ਰ ਜਥਿਆਂ, ਪ੍ਰਚਾਰਕਾਂ ਅਤੇ ਕਵੀਆਂ ਨੇ ਗੁਰਬਾਣੀ ਕੀਰਤਨ ਅਤੇ ਇਤਿਹਾਸ ਦੁਆਰਾ ਸੰਗਤ ਨਾਲ ਸਾਂਝ ਪਾਈ। ਇਸ ਦੌਰਾਨ ਹਰਿਮੰਦਰ ਸਾਹਿਬ ਵਿਖੇ ਬੰਦੀ ਛੋੜ ਦਿਵਸ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਸੰਗਤ ਨਤਮਸਤਕ ਹੋਈ।

ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਰਸ਼ਨੀ ਡਿਉਢੀ ਤੋਂ ਸਿੱਖ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਪੰਥਕ ਏਕਤਾ ’ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਪੰਥਕ ਏਕਤਾ ਲਈ ਸਿਰਫ਼ ਸਿਆਸੀ ਏਕਤਾ ਅਹਿਮ ਨਹੀਂ, ਸਗੋਂ ਪੰਥ ਦੀਆਂ ਸਮੂਹ ਧਿਰਾਂ ਨੂੰ ਇਕ ਕਾਰਜਕ੍ਰਮ ਮਿਥ ਕੇ ਇਕੱਠੇ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸਾਂਝੇ ਪ੍ਰੋਗਰਾਮ ਮਿਥ ਕੇ ਸਿੱਖ ਕੌਮ ਨੂੰ ਅਗਾਂਹ ਲੈ ਕੇ ਜਾਣ ਲਈ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਹਨ। ਪੰਥ ਦੀਆਂ ਸਮੱਸਿਆਵਾਂ ਅਤੇ ਚੁਣੌਤੀਆਂ ਦਾ ਜ਼ਿਕਰ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਸ ਵੇਲੇ ਪਤਿਤਪੁਣਾ, ਨਸ਼ਾ, ਭਾਰਤ ਵਿੱਚ ਘਟ ਰਹੀ ਸਿੱਖ ਆਬਾਦੀ ਅਤੇ ਸਿੱਖ ਨੌਜਵਾਨਾਂ ਦਾ ਪਰਵਾਸ ਦਾ ਰੁਝਾਨ ਆਉਣ ਵਾਲੇ ਖ਼ਤਰੇ ਦਾ ਸੰਕੇਤ ਹਨ। ਉਨ੍ਹਾਂ ਪੰਜਾਬ ਵਿੱਚ ਸਿੱਖਾਂ ਦੇ ਹੋ ਰਹੇ ਧਰਮ ਪਰਿਵਰਤਨ ਅਤੇ ਇਸ ਮਾਮਲੇ ਵਿੱਚ ਸਰਕਾਰ ਦੀ ਖਾਮੋਸ਼ੀ ’ਤੇ ਵੀ ਉਨ੍ਹਾਂ ਚਿੰਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਜੇਲ੍ਹਾਂ ਵਿੱਚ ਬੰਦ ਸੰਘਰਸ਼ੀ ਯੋਧੇ ਘਰ ਪਰਤਣ ਦੀ ਉਡੀਕ ਕਰ ਰਹੇ ਹਨ ਪਰ ਦੇਸ਼-ਵਿਦੇਸ਼ ਵਿੱਚ ਗੁਰਦੁਆਰਿਆਂ ਦੇ ਪ੍ਰਬੰਧਾਂ ’ਤੇ ਕਾਬਜ਼ ਹੋਣ ਲਈ ਚੱਲਦੀਆਂ ਲੜਾਈਆਂ ਸਿੱਖਾਂ ਵਿੱਚ ਧੜੇਬੰਦੀ ਅਤੇ ਨਫ਼ਰਤ ਪੈਦਾ ਕਰ ਰਹੀਆਂ ਹਨ।

ਪੰਥਕ ਏਕਤਾ ’ਤੇ ਜ਼ੋਰ ਦਿੰਦਿਆਂ ਉਨ੍ਹਾਂ ਕਿਹਾ ਕਿ ਸਮੂਹ ਧਿਰਾਂ ਇਸ ਸੁਝਾਅ ਨੂੰ ਵਿਚਾਰਨ ਅਤੇ ਅਮਲ ਕਰਨ। ਉਨ੍ਹਾਂ ਨੇ ਸੋਸ਼ਲ ਮੀਡੀਆ ਦੀ ਦੁਰਵਰਤੋਂ ਅਤੇ ਇਸ ਰਾਹੀਂ ਦੂਸ਼ਣਬਾਜ਼ੀ ਤੋਂ ਸੰਕੋਚ ਕਰਨ ਲਈ ਵੀ ਪ੍ਰੇਰਿਆ।

ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕਰਨ ਦੀ ਸਰਕਾਰੀ ਕੋਸ਼ਿਸ਼ ਵਿਰੁੱਧ ਸਭ ਪੰਥਕ ਧਿਰਾਂ ਨੂੰ ਇਕੱਠੇ ਹੋ ਕੇ ਸਿੱਖ ਸੰਸਥਾਵਾਂ ਅਤੇ ਪੰਥਕ ਮਜ਼ਬੂਤੀ ਲਈ ਯਤਨਸ਼ੀਲ ਹੋਣ ਲਈ ਆਖਿਆ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਪੰਜਾਬ ਦੀਆਂ ਸਰਕਾਰਾਂ ਵੱਲੋਂ ਨਸ਼ਿਆਂ ਦੇ ਵਪਾਰ ਅਤੇ ਵਰਤੋਂ ਰੋਕਣ ਵਿੱਚ ਸਫ਼ਲ ਨਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਜਾਤ-ਪਾਤ ਦੇ ਕੋਹੜ ਨੂੰ ਖ਼ਤਮ ਕਰਨ, ਵਾਤਾਵਰਨ ਦੀ ਸੰਭਾਲ ਅਤੇ ਸਮਾਜਿਕ ਕੁਰੀਤੀਆਂ ਖ਼ਿਲਾਫ਼ ਹਰ ਇਕ ਨੂੰ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਣ ਲਈ ਕਿਹਾ। ਇਸ ਮੌਕੇ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਤਖ਼ਤ ਕੇਸਗੜ੍ਹ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸੰਗਤ ਨੂੰ ਬੰਦੀ ਛੋੜ ਦਿਵਸ ਦੀ ਵਧਾਈ ਦਿੰਦਿਆਂ ਇਸ ਦਿਹਾੜੇ ਦੇ ਇਤਿਹਾਸ ਤੋਂ ਜਾਣੂ ਕਰਵਾਇਆ।

ਇਸੇ ਦੌਰਾਨ ਅਕਾਲ ਤਖ਼ਤ ਸਾਹਿਬ ਵਿਖੇ ਨਿਹੰਗ ਸਿੰਘ ਜਥੇਬੰਦੀਆਂ ਅਤੇ ਸੰਪਰਦਾਵਾਂ ਦੇ ਮੁਖੀਆਂ ਅਤੇ ਨੁਮਾਇੰਦਿਆਂ ਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਨਮਾਨ ਕੀਤਾ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਨਿਹੰਗ ਜਥੇਬੰਦੀ ਸ਼੍ਰੋਮਣੀ ਪੰਥਕ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ, ਦਮਦਮੀ ਟਕਸਾਲ ਦੇ ਮੁੱਖ ਬੁਲਾਰੇ ਗਿਆਨੀ ਸੁਖਦੇਵ ਸਿੰਘ, ਅਕਾਲ ਤਖ਼ਤ ਦੇ ਮੁੱਖ ਗ੍ਰੰਥੀ ਗਿਆਨੀ ਗੁਰਮੁੱਖ ਸਿੰਘ ਸਣੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਅਧਿਕਾਰੀ ਆਦਿ ਹਾਜ਼ਰ ਸਨ।