ਪੰਥਕ ਅਕਾਲੀ ਲਹਿਰ ਵੱਲੋਂ ਪਿੰਡ ਭਮਾਰਸੀ ’ਚ ਕਾਨਫੰਰਸ

ਪੰਥਕ ਅਕਾਲੀ ਲਹਿਰ ਵੱਲੋਂ ਪਿੰਡ ਭਮਾਰਸੀ ’ਚ ਕਾਨਫੰਰਸ

ਫ਼ਤਹਿਗੜ੍ਹ ਸਾਹਿਬ- ਪੰਥਕ ਅਕਾਲੀ ਲਹਿਰ ਵਲੋਂ ਅੱਜ ਪਿੰਡ ਭਮਾਰਸੀ ਵਿਚ ਸ਼੍ਰੋਮਣੀ ਕਮੇਟੀ ਦੀ ਕਾਰਜਕਾਰਨੀ ਦੇ ਮੈਂਬਰ ਅਤੇ ਲਹਿਰ ਦੇ ਆਗੂ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਹੋਈ ਕਾਨਫੰਰਸ ਨੂੰ ਲਹਿਰ ਦੇ ਪ੍ਰਧਾਨ ਅਤੇ ਅਕਾਲ ਤਖਤ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਗੁਰਧਾਮਾਂ ਦੀ ਦੁਰਵਰਤੋਂ ਅਤੇ ਬੇਅਦਬੀ ਕਰਨ ਵਾਲਿਆਂ ਦੇ ਚਿਹਰੇ ਸਾਹਮਣੇ ਆ ਗਏ ਹਨ ਜਿਸ ਨਾਲ ਬਾਦਲ ਪਰਿਵਾਰ ਦਾ ਸਿਆਸੀ ਜੀਵਨ ਤਬਾਹ ਹੋ ਗਿਆ ਹੈ ਇਸ ਲਈ ਹੁਣ ਬਾਦਲ ਪਰਿਵਾਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਜ਼ਾਦ ਕਰਵਾਉਣ ਲਈ ਸਾਨੂੰ ਸਾਰਿਆਂ ਨੂੰ ਇਕ ਪਲੇਟਫ਼ਾਰਮ ’ਤੇ ਇਕੱਠੇ ਹੋਣ ਦੀ ਲੋੜ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਬੇਅਦਬੀ ਮਾਮਲੇ ’ਚ ਤੱਕੜੇ ਹੋ ਕੇ ਗਵਾਹੀਆਂ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਦੋਸ਼ੀ ਬਚ ਨਾ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਕਮੇਟੀ ‘ਤੇ ਕਾਬਜ਼ ਨੇਤਾ ਗੁਰੂ ਘਰਾਂ ਦੀਆਂ ਜ਼ਮੀਨਾਂ ਅਤੇ ਗੋਲਕਾਂ ਨੂੰ ਹੜੱਪ ਰਹੇ ਹਨ ਜਿਨ੍ਹਾਂ ਦਾ ਹਿਸਾਬ ਲਿਆ ਜਾਵੇਗਾ। ਉਨ੍ਹਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਧਾਮੀ ਵਲੋਂ ਲਾਪਤਾ 328 ਸਰੂਪਾਂ ਬਾਰੇ ਬਿਆਨ ਦੀ ਆਲੋਚਨਾ ਕਰਦਿਆ ਸੰਗਤਾਂ ਦੇ ਇਕੱਠ ਵਿਚ ਬਹਿਸ ਦਾ ਸੱਦਾ ਦਿਤਾ ਤਾਂ ਜੋ ਸਪਸ਼ਟ ਹੋ ਸਕੇ ਕਿ ਉਹ ਕਿਸ ਨੂੰ ਬਚਾਅ ਰਹੇ ਹਨ। ਉਨ੍ਹਾਂ ਸਰਕਾਰਾਂ ਵਲੋਂ ਪਿਛਲੇ 12 ਸਾਲਾਂ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਾ ਕਰਵਾਉਂਣ ਦੀ ਸਖਤ ਆਲੋਚਨਾ ਕੀਤੀ। ਇਸ ਮੌਕੇ ਭਾਈ ਗੁਰਪ੍ਰੀਤ ਸਿੰਘ ਰੰਧਾਵਾ ਨੇ ਕਿਹਾ ਕਿ ਬਾਦਲਾ ਦਾ ਹੁਣ ਪੰਜਾਬ ਹੀ ਨਹੀਂ ਸਗੋ ਦੇਸ਼ ਵਿਦੇਸ਼ ਵਿਚੋ ਅਧਾਰ ਖਤਮ ਹੋ ਰਿਹਾ ਹੈ। ਉਨ੍ਹਾਂ ਪੰਥ ਖਤਰੇ ਵਿਚ ਹੋਣ ਬਾਰੇ ਪ੍ਰਚਾਰ ਕਰ ਰਹੇ ਲੋਕਾਂ ਤੋਂ ਵੀ ਸੁਚੇਤ ਰਹਿਣ ਦੀ ਅਪੀਲ ਕੀਤੀ। ਇਸ ਮੌਕੇ ਜਸਜੀਤ ਸਿੰਘ ਸਮੁੰਦਰੀ, ਸਰਬਜੀਤ ਸਿੰਘ ਸੁਹਾਗਹੇੜ੍ਹੀ, ਭਗਵੰਤ ਸਿੰਘ ਨੰਬਰਦਾਰ, ਨਿਰਮਲ ਸਿੰਘ ਸੀੜ੍ਹਾ, ਅਮਰੀਕ ਸਿੰਘ ਰੋਮੀ, ਦਰਸ਼ਨ ਸਿੰਘ ਅਮਲੋਹ, ਹਰਮੇਸ਼ ਸਿੰਘ ਛੰਨਾ, ਜੰਗ ਸਿੰਘ ਚੰਦੂਮਾਜਰਾ, ਦਲਵੀਰ ਸਿੰਘ, ਗੁਰਵਿੰਦਰ ਸਿੰਘ ਢਿੱਲੋ, ਨਿਰਮਲ ਸਿੰਘ ਟਿੱਵਾਣਾ, ਲਖਵੰਤ ਸਿੰਘ ਦੁੱਬਰਜੀ, ਹਰਦੇਵ ਸਿੰਘ ਸਾਬਕਾ ਸਰਪੰਚ, ਮੇਜਰ ਸਿੰਘ ਟਿਵਾਣਾ ਆਦਿ ਹਾਜ਼ਰ ਸਨ।