ਪੰਜ ਰੋਜ਼ਾ ਬਾਬਾ ਫ਼ਰੀਦ ਆਗਮਨ ਪੁਰਬ ਉਤਸ਼ਾਹ ਨਾਲ ਸਮਾਪਤ

ਪੰਜ ਰੋਜ਼ਾ ਬਾਬਾ ਫ਼ਰੀਦ ਆਗਮਨ ਪੁਰਬ ਉਤਸ਼ਾਹ ਨਾਲ ਸਮਾਪਤ

ਨਗਰ ਕੀਰਤਨ ਵਿੱਚ ਵੱਡੀ ਗਿਣਤੀ ਲੋਕਾਂ ਵੱਲੋਂ ਸ਼ਿਰਕਤ; ਵੱਖ-ਵੱਖ ਥਾਈਂ ਨਿੱਘਾ ਸਵਾਗਤ
ਫ਼ਰੀਦਕੋਟ- ਸੂਫ਼ੀ ਸੰਤ ਬਾਬਾ ਸ਼ੇਖ਼ ਫ਼ਰੀਦ ਦੀ ਯਾਦ ਵਿਚ ਪੰਜ ਰੋਜ਼ਾ ਆਗਮਨ ਪੁਰਬ ਅੱਜ ਨਗਰ ਕੀਰਤਨ ਤੋਂ ਬਾਅਦ ਸਮਾਪਤ ਹੋ ਗਿਆ। ਇਸ ਮੌਕੇ ਸੂਬੇ ਭਰ ਵਿਚੋਂ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ। ਇਤਿਹਾਸਿਕ ਟਿੱਲਾ ਬਾਬਾ ਫ਼ਰੀਦ ਤੋਂ ਸ਼ੁਰੂ ਹੋ ਕੇ ਗੁਰਦੁਆਰਾ ਗੋਦੜੀ ਸਾਹਿਬ ਤੱਕ ਪੁੱਜੇ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ। ਇਸ ਨਗਰ ਕੀਰਤਨ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫ਼ਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਡਿਪਟੀ ਕਮਿਸ਼ਨਰ ਵਨੀਤ ਕੁਮਾਰ ਨੇ ਵੀ ਸ਼ਮੂਲੀਅਤ ਕੀਤੀ। ਮੇਲੇ ਦੀ ਦੇਖ ਰੇਖ ਕਰ ਰਹੇ ਮਹੀਪਇੰਦਰ ਸਿੰਘ ਸੇਖੋਂ ਨੇ ਦੱਸਿਆ ਕਿ ਸੰਗਤਾਂ ਦੇ ਵੱਡੇ ਇਕੱਠ ਕਾਰਨ ਨਗਰ ਕੀਰਤਨ ਗੁਰਦੁਆਰਾ ਗੋਦੜੀ ਸਾਹਿਬ ਦੋ ਘੰਟੇ ਦੇਰੀ ਨਾਲ ਪੁੱਜਾ। ਇਸ ਮੌਕੇ ਇਲਾਕੇ ਦੀਆਂ ਧਾਰਮਿਕ, ਸਮਾਜ ਸੇਵੀ ਅਤੇ ਹੋਰ ਸੰਸਥਾਵਾਂ ਨੇ ਲੰਗਰ ਲਾਏ। ਇਸ ਮੌਕੇ ਫ਼ਰੀਦਕੋਟ-ਕੋਟਕਪੂਰਾ ਰੋਡ ’ਤੇ ਵਿਸ਼ੇਸ਼ ਤੌਰ ’ਤੇ ਇਕ ਬਾਜ਼ਾਰ ਸਜਿਆ ਜਿਸ ਵਿਚ ਲੋਕਾਂ ਨੇ ਖਰੀਦਦਾਰੀ ਕੀਤੀ। ਨਗਰ ਕੀਰਤਨ ਸ਼ੁਰੂ ਹੋਣ ਤੋਂ ਪਹਿਲਾਂ ਤੇਜ਼ ਮੀਂਹ ਪਿਆ, ਇਸ ਦੇ ਬਾਵਜੂਦ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਸ਼ਮੂਲੀਅਤ ਨਹੀਂ ਕਰ ਸਕੇ ਪਰ ਉਨ੍ਹਾਂ ਨੇ ਲੋਕਾਂ ਨੂੰ ਆਗਮਨ ਪੁਰਬ ਦੀ ਵਧਾਈ ਭੇਜੀ ਹੈ। ਗੁਰਦੁਆਰਾ ਗੋਦੜੀ ਸਾਹਿਬ ਵਿਚ ਨਗਰ ਕੀਰਤਨ ਪਹੁੰਚਣ ਤੋਂ ਬਾਅਦ ਅਰਦਾਸ ਨਾਲ ਆਗਮਨ ਪੁਰਬ ਸਮਾਪਤ ਹੋ ਗਿਆ। ਇਸ ਮੌਕੇ ਬਾਬਾ ਫ਼ਰੀਦ ਸੁਸਾਇਟੀ ਨੇ ਮਨੁੱਖਤਾ ਦੀ ਸੇਵਾ ਲਈ ਸਮਾਜ ਸੇਵਾ ਸੁਸਾਇਟੀ ਮੋਗਾ ਨੂੰ ਭਗਤ ਪੂਰਨ ਸਿੰਘ ਐਵਾਰਡ ਨਾਲ ਸਨਮਾਨਿਤ ਕੀਤਾ। ਇਸ ਸੰਸਥਾ ਨੂੰ ਇਕ ਲੱਖ ਰੁਪਏ ਨਗਦ, ਪ੍ਰਸੰਸਾ ਪੱਤਰ, ਦੋਸ਼ਾਲਾ ਅਤੇ ਧਾਰਮਿਕ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ ਗਿਆ।