ਪੰਜ ਪਾਣੀਆਂ ਦੀ ਧਰਤੀ ’ਤੇ ਪਾਣੀ ਦਾ ਡੂੰਘਾ ਹੋ ਰਿਹਾ ਸੰਕਟ!

ਪੰਜ ਪਾਣੀਆਂ ਦੀ ਧਰਤੀ ’ਤੇ ਪਾਣੀ ਦਾ ਡੂੰਘਾ ਹੋ ਰਿਹਾ ਸੰਕਟ!

-ਬਲਜਿੰਦਰ ਮਾਨ
‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥’ ਗੁਰਬਾਣੀ ਦੇ ਇਸ ਮਹਾਵਾਕ ਨੂੰ ਜੇਕਰ ਅਸੀਂ ਜੀਵਨ ਵਿਚ ਅਪਣਾਇਆ ਹੁੰਦਾ ਤਾਂ ਅੱਜ ਪੰਜਾਂ ਪਾਣੀਆਂ ਦੀ ਧਰਤੀ ਵਾਲਾ ਪੰਜਾਬ ਪਾਣੀ ਲਈ ਨਾ ਤੜਫਦਾ। ਪਾਣੀ ਦੀ ਥੁੜ੍ਹ ਮਾਰੇ ਲੋਕ ਰੋਜ਼ ਮੁਜ਼ਾਹਰੇ ਕਰ ਰਹੇ ਹਨ। ਇੱਥਂੋ ਤਕ ਕਿ ਮਾਹਰ ਵਿਗਿਆਨੀਆਂ ਨੇ ਤਾਂ ਇਹ ਵੀ ਚੇਤਾਵਨੀ ਦੇ ਦਿੱਤੀ ਹੈ ਕਿ ਪਾਣੀ ਖ਼ਾਤਰ ਯੁੱਧ ਹੋਣਗੇ ਅਤੇ ਲੋਕਾਂ ਨੂੰ ਪਾਣੀ ਦੀ ਭਾਲ਼ ਵਿਚ ਪਰਵਾਸ ਕਰਨਾ ਪਵੇਗਾ। ਤੁਸੀਂ ਅੰਦਾਜ਼ਾ ਲਾਓ ਕਿ ਜਦੋਂ ਪੰਜਾਬ ਦੀ ਧਰਤੀ ਹੇਠਲਾ ਪਾਣੀ ਇਕ ਹਜ਼ਾਰ ਫੁੱਟ ਡੂੰਘਾ ਚਲਿਆ ਜਾਵੇਗਾ ਫਿਰ ਇੱਥੇ ਵਸਦੇ ਲੋਕਾਂ ਦਾ ਕੀ ਬਣੇਗਾ? ਇਹ ਵੀ ਕਿਹਾ ਗਿਆ ਹੈ ਕਿ ਉਹ ਪਾਣੀ ਪੀਣ ਦੇ ਯੋਗ ਹੀ ਨਹੀਂ ਹੋਵੇਗਾ।
ਅਜਿਹੇ ਚਿੰਤਾਜਨਕ ਵਿਚਾਰਾਂ ਨੂੰ ਅਸੀਂ ਬੜੇ ਲੰਬੇ ਸਮੇਂ ਤੋਂ ਹਲਕੇ ਵਿਚ ਲੈਂਦੇ ਆ ਰਹੇ ਹਾਂ। ਕਦੇ ਅਸੀਂ ਬਜ਼ੁਰਗਾਂ ਤਂੋ ਸੁਣਦੇ ਸਾਂ ‘ਪਾਣੀ ਕਿਹੜਾ ਮੁੱਲ ਵਿਕਦੈ?’ ਹੁਣ ਨਿਗ?ਹਾ ਮਾਰੋ, ਪਾਣੀ ਮੁਫ਼ਤ ਕਿੱਥੇ ਮਿਲ ਰਿਹੈ? ਅਜਿਹੇ ਸਵਾਲ ਸਾਡੇ ਦਿਲੋ-ਦਿਮਾਗ ਨੂੰ ਹਲੂਣ ਰਹੇ ਹਨ। ਪੰਜਾਬ ਨੂੰ ਪੂਰੇ ਭਾਰਤ ਦਾ ਅੰਨਦਾਤਾ ਬਣਾਉਣ ਵਿਚ ਖੇਤੀ ਵਿਗਿਆਨੀਆਂ ਨੇ ਅਹਿਮ ਯੋਗਦਾਨ ਪਾਇਆ। ਜਿਹੜੀਆਂ ਫ਼ਸਲਾਂ ਸਾਡੀ ਧਰਤੀ ਲਈ ਮਾਫ਼ਕ ਵੀ ਨਹੀਂ ਸਨ, ਉਹ ਵੀ ਪੈਦਾ ਕਰ ਦਿੱਤੀਆਂ। ਅੰਨ ਦੀ ਭੁੱਖ ਤਾਂ ਪੂਰੇ ਦੇਸ਼ ਦੀ ਮਿਟਾ ਦਿੱਤੀ ਗਈ ਪਰ ਇਸ ਬਦਲੇ ਪੰਜਾਬੀਆਂ ਨੂੰ ਪਿਆਸੇ ਕਰ ਦਿੱਤਾ ਗਿਆ। ਕੇਂਦਰੀ ਜ਼ਮੀਨੀ ਪਾਣੀ ਬੋਰਡ ਦੀ ਰਿਪੋਰਟ ਮੁਤਾਬਕ ਪੰਜਾਬ ’ਚ ਧਰਤੀ ਹੇਠੋਂ ਹੱਦੋਂ ਵੱਧ ਪਾਣੀ ਖਿੱਚਿਆ ਜਾ ਰਿਹਾ ਹੈ ਜਿਸ ਕਾਰਨ ਸੂਬੇ ਦੇ 23 ਵਿੱਚਂੋ 20 ਜ਼ਿਲ੍ਹਿਆਂ ਦੀ ਸਥਿਤੀ ਗੰਭੀਰ ਹੈ। ਪਾਣੀ ਹਰ ਸਾਲ ਡੂੰਘਾ ਹੁੰਦਾ ਜਾ ਰਿਹਾ ਹੈ। ਕਈ ਪਿੰਡਾਂ ਵਿਚ ਤਾਂ ਇਹ ਪੰਜ-ਛੇ ਸੌ ਫੁੱਟ ਤੋਂ ਵੀ ਡੂੰਘਾ ਹੋ ਚੁੱਕਾ ਹੈ। ਇਕ ਅਨੁਮਾਨ ਮੁਤਾਬਕ 2039 ਤਕ ਇਹ 300 ਮੀਟਰ ਤਕ ਡੂੰਘਾ ਜਾ ਸਕਦਾ ਹੈ। ਸੰਯੁਕਤ ਰਾਸ਼ਟਰ ਵੱਲੋਂ ਨਿਊਯਾਰਕ ਵਿਚ ਕੌਂਮਾਂਤਰੀ ਜਲ ਸੰਸਾਧਨਾਂ ’ਤੇ ਕਰਵਾਈ ਵਿਸ਼ਵ ਜਲ ਕਾਨਫਰੰਸ ਦੌਰਾਨ ਇਸ ਦੇ ਸਕੱਤਰ ਜਨਰਲ ਐਨਟੋਨੀਓ ਗੁਟਰੇਸ ਨੇ ਪਾਣੀ ਦੀ ਸੰਭਾਲ ਦੇ ਪ੍ਰਬੰਧਨ ’ਤੇ ਚਿੰਤਾ ਪ੍ਰਗਟ ਕੀਤੀ।
ਉਨ੍ਹਾਂ ਕਿਹਾ ਕਿ ਪਾਣੀ ਮਨੁੱਖੀ ਸਰੀਰ ਵਾਸਤੇ ਖ਼ੂਨ ਵਾਂਗ ਹੀ ਲੋੜੀਂਦਾ ਹੈ। ਇਸ ਵੇਲੇ ਪੂਰੀ ਦੁਨੀਆ ਦੇ 26 ਫ਼ੀਸਦੀ ਲੋਕਾਂ ਕੋਲ ਪੀਣ ਵਾਲਾ ਸ਼ੁੱਧ ਪਾਣੀ ਉਪਲਬਧ ਨਹੀਂ ਹੈ। ਉਨ੍ਹਾਂ ਚੇਤਾਵਨੀ ਦਿੱਤੀ ਕਿ 2030 ਤਕ ਪਾਣੀ ਦੀ ਮੰਗ ਅਤੇ ਸਪਲਾਈ ਦਾ ਪਾੜਾ 40 ਫ਼ੀਸਦੀ ਤਕ ਵਧਣ ਦਾ ਡਰ ਸਤਾ ਰਿਹਾ ਹੈ। ਵਿਸ਼ਵ ਬੈਂਕ ਦੁਆਰਾ ਲਗਾਏ ਇਕ ਅਨੁਮਾਨ ਅਨੁਸਾਰ ਦੁਨੀਆ ਦੇ ਵੱਖ-ਵੱਖ ਖੇਤਰਾਂ ਵਿਚ ਪਾਣੀ ਦੀ ਕਮੀ ਜੀਡੀਪੀ ਵਿਕਾਸ ਦਰ ਨੂੰ 11.5 ਫ਼ੀਸਦੀ ਤਕ ਪ੍ਰਭਾਵਿਤ ਕਰ ਸਕਦੀ ਹੈ।
ਵਿਗਿਆਨੀਆਂ ਅਨੁਸਾਰ ਦੁਨੀਆ ਵਿਚ ਪਾਣੀ ਦਾ 70 ਪ੍ਰਤੀਸ਼ਤ ਹਿੱਸਾ ਖੇਤੀਬਾੜੀ ਲਈ ਵਰਤਿਆ ਜਾਂਦਾ ਹੈ। ਸਮੇਂ ਦੀ ਮੰਗ ਹੈ ਕਿ ਗਲੋਬਲ ਵਾਟਰ ਲੈਂਡਸਕੇਪ ਨੂੰ ਬਦਲਿਆ ਜਾਵੇ ਅਤੇ ਰੀਚਾਰਜਿੰਗ, ਸਮੁੰਦਰੀ ਪਾਣੀ ਦੀ ਵਰਤੋਂ ਵਰਗੀਆਂ ਨਵੀਆਂ ਤਕਨੀਕਾਂ ਦੀ ਵਰਤੋਂ ਕਰਨੀ ਹੋਵੇਗੀ। ਇਕ ਅੰਦਾਜ਼ੇ ਅਨੁਸਾਰ ਭਾਰਤ ਵਿਚ ਔਸਤਨ 4000 ਅਰਬ ਘਣ ਮੀਟਰ ਵਰਖਾ ਹੁੰਦੀ ਹੈ। ਇਸ ਵਿੱਚੋਂ 690 ਅਰਬ ਘਣ ਮੀਟਰ ਪਾਣੀ ਵਰਤੋਂ ਵਿਚ ਲਿਆਂਦਾ ਜਾ ਸਕਦਾ ਹੈ। ਸਾਡੇ ਦੇਸ਼ ਵਿਚ ਲਗਪਗ 3 ਹਜ਼ਾਰ ਵੱਡੇ ਬੰਨ੍ਹ ਹਨ ਜਿਨ੍ਹਾਂ ਦੀ ਪਾਣੀ ਇਕੱਠਾ ਕਰਨ ਦੀ ਸਮਰੱਥਾ 162 ਅਰਬ ਘਣ ਮੀਟਰ ਹੈ। ਜਦਕਿ ਦੇਸ਼ ਦੀ ਜਲ ਖਪਤ 600 ਅਰਬ ਘਣ ਮੀਟਰ ਤੋਂ ਵੀ ਅੱਗੇ ਲੰਘ ਚੁੱਕੀ ਹੈ।
110 ਅਰਬ ਘਣ ਮੀਟਰ ਪਾਣੀ ਅਸੀਂ ਝੀਲਾਂ ਅਤੇ ਨਦੀਆਂ ’ਚੋਂ ਵਰਤਦੇ ਹਾਂ। ਬਾਕੀ ਦਾ ਪਾਣੀ 350 ਅਰਬ ਘਣ ਮੀਟਰ ਧਰਤੀ ਹੇਠੋਂ ਖਿੱਚ ਕੇ ਵਰਤਦੇ ਹਾਂ। ਇਸ ਕਾਰਨ ਸਾਡੀਆਂ ਜਲ ਤੱਗੀਆਂ ਡੂੰਘੀਆਂ ਦੇ ਨਾਲ-ਨਾਲ ਸੁੱਕਦੀਆਂ ਵੀ ਜਾ ਰਹੀਆਂ ਹਨ। ਜਿਨ੍ਹਾਂ ਥਾਵਾਂ ’ਤੇ ਵੀਹ-ਪੰਝੀ ਸਾਲ ਪਹਿਲਾਂ ਸੀਰਾਂ ਵਗਦੀਆਂ ਸਨ ਉੱਥੇ ਹੁਣ ਪਾਣੀ ਦਾ ਨਾਮੋ-ਨਿਸ਼ਾਨ ਵੀ ਨਹੀਂ ਲੱਭਦਾ। ਵਰਖਾ ਦੇ ਪਾਣੀ ਦੀ ਸਾਂਭ-ਸੰਭਾਲ ਨਾਲ ਅਸੀਂ ਕਿਸੇ ਹੱਦ ਤਕ ਪਾਣੀ ਦੇ ਸੰਕਟ ’ਤੇ ਕਾਬੂ ਪਾਉਣ ਵਿਚ ਸਫਲ ਹੋ ਸਕਦੇ ਹਾਂ। ਪੱਕੀਆਂ ਛੱਤਾਂ ਦਾ ਪਾਣੀ ਇਕੱਠਾ ਕਰ ਕੇ ਧਰਤੀ ਵਿਚ ਮੁੜ ਰੀਚਾਰਜ ਕਰਨਾ ਹੀ ਹੋਵੇਗਾ। ਪਾਣੀ ਦੀ ਬਰਬਾਦੀ ਨੂੰ ਰੋਕਣ ਲਈ ਹਰ ਮਨੁੱਖ ਨੂੰ ਆਪਣੀ ਜ਼ਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣੀ ਹੋਵੇਗੀ। ਕੁਦਰਤ ਨਾਲ ਖਿਲਵਾੜ ਕਰਨ ਕਰ ਕੇ ਵਰਖਾ ਦਾ ਚੱਕਰ ਵੀ ਗੜਬੜਾ ਗਿਆ ਹੈ।
ਚਿਰਾਪੂੰਜੀ ਵਿਚ ਕੁੱਲ ਜਹਾਨ ਨਾਲੋਂ ਵੱਧ ਹਰ ਸਾਲ 11000 ਮਿਲੀਲੀਟਰ ਵਰਖਾ ਹੁੰਦੀ ਹੈ ਪਰ ਉੱਥੇ ਵਸਦੇ ਲੋਕ ਵੀ ਪੀਣ ਵਾਲੇ ਪਾਣੀ ਦੀ ਸਮੱਸਿਆ ਤੋਂ ਪੀੜਤ ਹਨ। ਮਸਲਾ ਇਹ ਨਹੀਂ ਕਿ ਕਿੱਥੇ ਕਿੰਨੀ ਵਰਖਾ ਹੁੰਦੀ ਹੈ। ਵਿਚਾਰਨ ਵਾਲੀ ਗੱਲ ਇਹ ਹੈ ਕਿ ਅਸੀਂ ਉਸ ਪਾਣੀ ਨੂੰ ਕਿੰਨਾ ਅਤੇ ਕਿਵੇਂ ਸੰਭਾਲਦੇ ਹਾਂ। ਜਲ ਸੋਮਿਆਂ ਨੂੰ ਸਜੀਵ ਰੱਖ ਕੇ ਹੀ ਮਨੁੱਖੀ ਹੋਂਦ ਨੂੰ ਬਚਾਇਆ ਜਾ ਸਕਦਾ ਹੈ।
ਸ਼ਿਵਾਲਿਕ ਦੀਆਂ ਪਹਾੜੀਆਂ ਵਿਚ ਨਿੱਕੇ-ਨਿੱਕੇ ਚੈੱਕ ਡੈਮ ਬਣਾ ਕੇ ਵਰਖਾ ਦੀ ਬੂੰਦ-ਬੂੰਦ ਨੂੰ ਬਚਾਇਆ ਜਾ ਸਕਦਾ ਹੈ। ਫ਼ਸਲੀ ਚੱਕਰ ਵਿਚ ਪਰਿਵਰਤਨ ਤਾਂ ਹਰ ਹਾਲ ਲਿਆ ਕੇ ਹੀ ਗੁਜ਼ਾਰਾ ਹੋਣਾ ਹੈ। ਜੇਕਰ ਇਹੀ ਆਲਮ ਰਿਹਾ ਤਾਂ ਉਹ ਦਿਨ ਦੂਰ ਨਹੀਂ ਲੱਗਦਾ ਜਦੋਂ ਪਾਣੀ ਖ਼ਾਤਰ ਸਾਨੂੰ ਪਲਾਇਨ ਲਈ ਮਜਬੂਰ ਹੋਣਾ ਪਵੇਗਾ। ਸੰਨ 1947 ਦੇ ਵਰਤਾਰੇ ਨੂੰ ਅਸੀਂ ਅਜੇ ਤਕ ਨਹੀਂ ਭੁਲਾ ਸਕੇ। ਜੇਕਰ ਦੁਬਾਰਾ ਘਰ-ਬਾਰ ਛੱਡਣੇ ਪਏ ਤਾਂ ਕਿਆਸ ਕਰੋ ਉਸ ਵੇਲੇ ਸਾਡੀ ਹਾਲਤ ਕਿਹੋ ਜਿਹੀ ਹੋਵੇਗੀ? ਭਲੇ ਪੁਰਸ਼ਾਂ ਅਤੇ ਵਿਗਿਆਨੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਚੇਤਾਵਨੀਆਂ ਨੂੰ ਕੰਨਾਂ ਪਿੱਛੇ ਨਾ ਮਾਰੋ ਸਗੋਂ ਉਨ੍ਹਾਂ ’ਤੇ ਅਮਲ ਕਰ ਕੇ ਆਪਣੇ ਭਵਿੱਖ ਨੂੰ ਸ਼ਿੰਗਾਰੋ। ਆਉਣ ਵਾਲੀਆਂ ਨਸਲਾਂ ਸਾਨੂੰ ਇਹ ਨਾ ਕਹਿਣ ਕਿ ਸਾਡੇ ਵੱਡੇ-ਵਡੇਰੇ ਕਿੰਨੇ ਨਾਸਮਝ ਸਨ ਜਿਹੜੇ ਕੁਦਰਤ ਦੀਆਂ ਬਖ਼ਸ਼ੀਆਂ ਹੋਈਆਂ ਦਾਤਾਂ ਨੂੰ ਨਾ ਤਾਂ ਸੰਭਾਲ ਸਕੇ ਅਤੇ ਨਾ ਹੀ ਸਾਡੇ ਜੋਗਾ ਬਚਾ ਸਕੇ।
ਦਿਲ ਨੂੰ ਹਲੂਣ ਦੇਣ ਵਾਲੀਆਂ ਅਜਿਹੀਆਂ ਖ਼ਬਰਾਂ ’ਤੇ ਸਰਕਾਰਾਂ ਨੂੰ ਖ਼ਾਸ ਤੌਰ ’ਤੇ ਸੁਚੇਤ ਹੋ ਕੇ ਕੰਮ ਕਰਨ ਦੀ ਜ਼ਰੂਰਤ ਹੈ। ਜਲ ਜੀਵਨ ਨਾਲ ਸਬੰਧਤ ਸਭ ਨੀਤੀਆਂ ਨੂੰ ਮੁੜ ਤੋਂ ਵਿਚਾਰ ਕੇ ਸਮੇਂ ਦੀ ਮੰਗ ਅਨੁਸਾਰ ਘੜਿਆ ਅਤੇ ਲਾਗੂ ਕੀਤਾ ਜਾਵੇ। ਪੰਜਾਬ ਵਿਚ ਪਾਣੀ ਦੀ ਵਧੇਰੇ ਵਰਤੋਂ ਫ਼ਸਲਾਂ ਵਾਸਤੇ ਕੀਤੀ ਜਾਂਦੀ ਹੈ। ਜਿਨ੍ਹਾਂ ਫ਼ਸਲਾਂ ਨੂੰ ਵੱਧ ਪਾਣੀ ਦੀ ਲੋੜ ਹੈ ਉਨ੍ਹਾਂ ਦੇ ਬਦਲ ਲੱਭ ਕੇ ਬਿਜਾਈ ਕਰਨ ਦੀ ਜ਼ਰੂਰਤ ਹੈ। ਦੂਜੇ ਬੰਨੇ ਮੁਫ਼ਤ ਬਿਜਲੀ ਕਾਰਨ ਅਸੀਂ ਪਾਣੀ ਦਾ ਸਹੀ ਇਸਤੇਮਾਲ ਵੀ ਨਹੀਂ ਕਰ ਰਹੇ। ਕਿਸੇ ਨੇ ਸੱਚ ਹੀ ਕਿਹਾ ਹੈ ਕਿ ਮੁਫ਼ਤ ਦੀ ਚੀਜ਼ ਦੀ ਕਦਰ ਨਹੀਂ ਹੁੰਦੀ। ਜਦਕਿ ਗੁਰੂ ਸਾਹਿਬਾਨ ਨੇ ਇਨ੍ਹਾਂ ਕੁਦਰਤੀ ਨਿਆਮਤਾਂ ਬਾਬਤ ਸੈਂਕੜੇ ਸਾਲ ਪਹਿਲਾਂ ਸੁਚੇਤ ਕਰਦਿਆਂ ਲਿਖਿਆ ਸੀ : ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਪੰਜਾਬ ਵਿਚ ਹਰ ਸਾਲ 28.02 ਬਿਲੀਅਨ ਕਿਊਬਿਕ ਮੀਟਰ ਪਾਣੀ ਧਰਤੀ ਹੇਠੋਂ ਕੱਢਿਆ ਜਾਂਦਾ ਹੈ ਜਦਕਿ ਕੇਵਲ 18.94 ਬਿਲੀਅਨ ਕਿਊਬਿਕ ਮੀਟਰ ਪਾਣੀ ਹੀ ਰੀਚਾਰਜ ਹੁੰਦਾ ਹੈ। ਪੰਜਾਬ ਵਿਚ 25 ਤੋਂ 27 ਲੱਖ ਹੈਕਟੇਅਰ ਰਕਬੇ ਵਿਚ ਝੋਨੇ ਦੀ ਫ਼ਸਲ ਬੀਜੀ ਜਾਂਦੀ ਹੈ ਜਦਕਿ ਇਹ ਪੰਜਾਬ ਵਿਚ ਪੈਦਾ ਹੋਣ ਵਾਲੀ ਮੂਲ ਫ਼ਸਲ ਨਹੀਂ ਹੈ। ਇਸ ਫ਼ਸਲ ਦੀ ਬਿਜਾਈ ਕਾਰਨ ਸਥਿਤੀ ਇਹ ਬਣ ਗਈ ਹੈ ਕਿ ਸੂਬੇ ਦੇ 153 ਬਲਾਕਾਂ ’ਚੋਂ 17 ਹੀ ਅਜਿਹੇ ਹਨ ਜਿੱਥੇ ਧਰਤੀ ਹੇਠਲਾ ਪਾਣੀ ਸਰੱਖਿਅਤ ਸ਼੍ਰੇਣੀ ’ਚ ਹੈ ਜਦਕਿ ਬਾਕੀਆਂ ਦੀ ਸਥਿਤੀ ਚਿੰਤਾਜਨਕ ਅਤੇ ਗੰਭੀਰ ਹੈ।
ਇਸ ਸਭ ਕਾਸੇ ਵਾਸਤੇ ਇਕੱਲਾ ਕਿਸਾਨ ਹੀ ਜ਼ਿੰਮੇਵਾਰ ਨਹੀਂ ਹੈ ਸਗੋਂ ਮੌਕੇ ਦੀਆਂ ਸਰਕਾਰਾਂ ਨੇ ਆਪਣੀਆਂ ਜ਼ਿੰਮੇਵਾਰੀਆਂ ਤੋਂ ਮੁੱਖ ਮੋੜ ਕੇ ਪੰਜਾਬ ਦੀ ਜਨਤਾ ਨੂੰ ਉਨ੍ਹਾਂ ਦੇ ਹਾਲ ’ਤੇ ਛੱਡਿਆ ਹੈ। ਅੱਜ ਲੋੜ ਹੈ ਫ਼ਸਲੀ ਵਿਭਿੰਨਤਾ ਦੀ ਜਿਸ ਨਾਲ ਪਾਣੀ ਦੀ ਵਰਤੋਂ ਘਟਾਈ ਜਾ ਸਕੇ। ਨਾਲ ਹੀ ਧਰਤੀ ਵਿਚ ਰੀਚਾਰਜ ਕਰਨ ਲਈ ਉੱਚਿਤ ਸਾਧਨ ਪੈਦਾ ਕੀਤੇ ਜਾਣ। ਪੰਜਾਬ ਨੂੰ ਬੰਜਰ ਬਣਨ ਤੋਂ ਬਚਾਉਣ ਲਈ ਪਾਣੀ ਦੀ ਸੁਚੱਜੀ ਅਤੇ ਸੰਜਮ ਨਾਲ ਵਰਤੋਂ ਕਰਨ ਦੀ ਵਿਧੀ ਹਰ ਇਕ ਨੂੰ ਅਪਨਾਉਣੀ ਪਵੇਗੀ। ਜਦਕਿ ਕੇਂਦਰੀ ਬਜਟ ਵਿਚ ਪਿਛਲੇ ਸਾਲ ਦੇ 1.51 ਲੱਖ ਕਰੋੜ ਦੇ ਮੁਕਾਬਲੇ 1.25 ਲੱਖ ਕਰੋੜ ਰੱਖੇ ਗਏ ਹਨ।
ਪੰਜਾਬ ਸਰਕਾਰ ਨੇ ਫ਼ਸਲੀ ਵਿਭਿੰਨਤਾ ਵਾਸਤੇ ਇਕ ਹਜ਼ਾਰ ਕਰੋੜ ਦਾ ਪ੍ਰਬੰਧ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਪੰਜਾਬ ਵਿਚ ਫ਼ਸਲੀ ਵਿਭਿੰਨਤਾ ਦਾ ਚੱਕਰ ਪੂਰਾ ਕਿਵੇਂ ਹੁੰਦਾ ਹੈ। ਵਾਤਾਵਰਨ ਪ੍ਰੇਮੀਆਂ ਤੇ ਧਰਤੀ ਦੇ ਖੋਜੀਆਂ ਵੱਲੋਂ ਸਾਨੂੰ ਵਾਰ-ਵਾਰ ਸੁਚੇਤ ਕੀਤਾ ਜਾ ਰਿਹਾ ਹੈ। ਜੇਕਰ ਅਜੇ ਵੀ ਸਾਡੀਆਂ ਸਰਕਾਰਾਂ ਅਤੇ ਜਨਤਾ ਪਾਣੀ ਨੂੰ ਬਚਾਉਣ ਦੀਆਂ ਵਿਧੀਆਂ ਅਪਨਾਉਣ ਵਿਚ ਸਫ਼ਲ ਨਾ ਹੋਏ ਤਾਂ ਪੰਜਾਬ ਨੂੰ ਬੰਜਰ ਬਣਨ ਤੋਂ ਕੋਈ ਨਹੀਂ ਰੋਕ ਸਕੇਗਾ।
ਸਰਕਾਰ ਨਾਲੋਂ ਵੀ ਵੱਡੀ ਜ਼ਿੰਮੇਵਾਰੀ ਸਾਡੀ ਸਭ ਦੀ ਹੈ। ਚੋਣਾਂ ਵੇਲੇ ਇਹ ਸਭ ਤੋਂ ਅਹਿਮ ਮੁੱਦਾ ਹੋਣਾ ਚਾਹੀਦਾ ਹੈ। ਪਾਣੀਆਂ ਨੂੰ ਬਚਾਉਣ ਲਈ ਸਾਨੂੰ ਲੋਕ-ਲਹਿਰ ਚਲਾਉਣੀ ਪਵੇਗੀ। ਸੋ ਆਉ! ਆਪਾਂ ਸਾਰੇ ਰਲ ਕੇ ਇਸ ਸੰਕਟ ਤੋਂ ਬਚਣ ਦੇ ਸਭ ਉਪਾਅ ਅਪਣਾਈਏ।