ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਸ਼ੁਰੂ

ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮ ਸ਼ੁਰੂ

ਸਾਕੇ ਦੇ ਇਤਿਹਾਸ ਨੂੰ ਚਿੱਤਰਾਂ ਰਾਹੀਂ ਦਰਸਾਉਣ ਵਾਸਤੇ ਵਰਕਸ਼ਾਪ ਦਾ ਆਗਾਜ਼
ਅੰਮ੍ਰਿਤਸਰ -ਸ਼੍ਰੋਮਣੀ ਕਮੇਟੀ ਨੇ ਗੁਰੂ ਕਾ ਬਾਗ ਮੋਰਚਾ ਅਤੇ ਸ੍ਰੀ ਪੰਜਾ ਸਾਹਿਬ ਦੇ ਸ਼ਹੀਦੀ ਸਾਕੇ ਦੀ 100 ਸਾਲਾ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਦੀ ਸ਼ੁਰੂਆਤ ਅੱਜ ਕਮੇਟੀ ਦੇ ਦਫ਼ਤਰ ’ਚ ਚਿੱਤਰਕਲਾ ਵਰਕਸ਼ਾਪ ਨਾਲ ਕੀਤੀ। ਇਸ ਵਰਕਸ਼ਾਪ ਦੀ ਸਮਾਪਤੀ 17 ਜੁਲਾਈ ਨੂੰ ਹੋਵੇਗੀ। ਵੱਖ-ਵੱਖ ਥਾਵਾਂ ਤੋਂ ਪੁੱਜੇ 30 ਚਿੱਤਰਕਾਰ ਗੁਰੂ ਕਾ ਬਾਗ ਮੋਰਚਾ ਤੇ ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਨਾਲ ਸਬੰਧਤ ਘਟਨਾਵਾਂ ਦੇ ਚਿੱਤਰ ਤਿਆਰ ਕਰਨਗੇ, ਜਿਨ੍ਹਾਂ ਨੂੰ ਸ਼ਤਾਬਦੀ ਸਮਾਗਮਾਂ ਦੌਰਾਨ ਪ੍ਰਦਰਸ਼ਨੀ ਦੇ ਰੂਪ ਵਿਚ ਲਾਇਆ ਜਾਵੇਗਾ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਗੁਰੂ ਕਾ ਬਾਗ ਮੋਰਚਾ ਅਤੇ ਸ੍ਰੀ ਪੰਜਾ ਸਾਹਿਬ ਦਾ ਸ਼ਹੀਦੀ ਸਾਕਾ ਸਿੱਖ ਇਤਿਹਾਸ ਦੇ ਅਹਿਮ ਪੰਨੇ ਹਨ, ਜਿਨ੍ਹਾਂ ਦੇ 100 ਸਾਲਾ ਸਮਾਗਮਾਂ ਨੂੰ ਵਿਸ਼ਾਲ ਪੱਧਰ ’ਤੇ ਮਨਾਇਆ ਜਾਣਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਇਤਿਹਾਸਕਾਰ ਹਰਵਿੰਦਰ ਸਿੰਘ ਖਾਲਸਾ ਦੀ ਨਿਗਰਾਨੀ ਹੇਠ ਚਿੱਤਰਕਲਾ ਵਰਕਸ਼ਾਪ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਐਲਾਨ ਕੀਤਾ ਕਿ ਵਰਕਸ਼ਾਪ ਦੌਰਾਨ ਤਿਆਰ ਕੀਤੇ ਗਏ ਇਤਿਹਾਸਕ ਚਿੱਤਰਾਂ ਦੀ ਦਸਤਾਵੇਜ਼ੀ ਵੀ ਤਿਆਰ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸਮਾਗਮਾਂ ਮੌਕੇ ਸਾਕਿਆਂ ਨਾਲ ਸਬੰਧਤ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਲਈ ਪਹੁੰਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗੁਰੂ ਕਾ ਬਾਗ ਮੋਰਚਾ ਸਬੰਧੀ 6 ਤੋਂ 8 ਅਗਸਤ ਤੱਕ ਸਮਾਗਮ ਕਰਵਾਏ ਜਾਣਗੇ।

ਇਸੇ ਤਰ੍ਹਾਂ ਸਾਕਾ ਸ੍ਰੀ ਪੰਜਾ ਸਾਹਿਬ ਦੀ ਸ਼ਤਾਬਦੀ 30 ਅਕਤੂਬਰ ਨੂੰ ਮਨਾਈ ਜਾਵੇਗੀ। ਇਸ ਸਬੰਧੀ ਪਾਕਿਸਤਾਨ ਵਿੱਚ ਹੋਣ ਵਾਲੇ ਸਮਾਗਮਾਂ ਲਈ ਵੀ ਕਾਰਵਾਈ ਆਰੰਭੀ ਗਈ ਹੈ।

ਸ਼੍ਰੋਮਣੀ ਕਮੇਟੀ ਵੱਲੋਂ ਲੋਗੋ ਜਾਰੀ

ਸ਼ਹੀਦੀ ਸਾਕਾ ਸ੍ਰੀ ਪੰਜਾ ਸਾਹਿਬ ਅਤੇ ਗੁਰੂ ਕਾ ਬਾਗ ਮੋਰਚਾ ਦੀ ਪਹਿਲੀ ਸ਼ਤਾਬਦੀ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਤਿਆਰ ਕੀਤਾ ਗਿਆ ਲੋਗੋ ਅੱਜ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਕੀਤਾ। ਇਸ ਲੋਗੋ ਵਿਚ 100 ਸਾਲ ਪਹਿਲਾਂ ਵਾਪਰੇ ਸਾਕੇ ਦੇ ਚਿੱਤਰ ਸਮੇਤ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਦੀ ਤਸਵੀਰ ਲਗਾਈ ਗਈ ਹੈ। ਇਸ ਦੇ ਨਾਲ ਹੀ ਖਾਲਸਈ ਨਿਸ਼ਾਨ ਸਮੇਤ 100 ਸਾਲਾ ਚਿੰਨ੍ਹ ਵੀ ਲੋਗੋ ਦਾ ਹਿੱਸਾ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਨ੍ਹਾਂ ਦੋਵਾਂ ਦਿਹਾੜਿਆਂ ਸਬੰਧੀ ਕਿਤਾਬਚੇ ਵੀ ਜਾਰੀ ਕੀਤੇ ਜਾਣਗੇ।