ਪੰਜਾ ਸਾਹਿਬ ਦਾ ਮਹਾਨ ਸਾਕਾ

ਪੰਜਾ ਸਾਹਿਬ ਦਾ ਮਹਾਨ ਸਾਕਾ

ਰੂਪਇੰਦਰ ਸਿੰਘ

ਪੰਜਾਬੀਆਂ ਤੇ ਸਿੱਖਾਂ ਲਈ ਗੁਰਦੁਆਰਾ ਸੁਧਾਰ ਲਹਿਰ ਦਾ ਬਹੁਤ ਭਾਰੀ ਮਹੱਤਵ ਹੈ। 1920 ਤੋਂ 1925 ਤੱਕ ਚੱਲੀ ਇਸ ਲਹਿਰ ਦੌਰਾਨ ਪੰਜਾਬ ਦੇ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਵਿਚੋਂ ਛੁਡਵਾ ਕੇ ਸਿੱਖ ਸੰਗਤ ਦੇ ਪ੍ਰਬੰਧ ਤਹਿਤ ਲਿਆਂਦਾ ਗਿਆ। ਅੰਗਰੇਜ਼ ਸਰਕਾਰ ਮਹੰਤਾਂ ਦੀ ਪਿੱਠ ’ਤੇ ਖਲੋਤੀ ਸੀ। ਸ਼ਾਂਤਮਈ ਢੰਗ ਨਾਲ ਚੱਲੇ ਇਸ ਅੰਦੋਲਨ ਵਿਚ ਸਿੱਖਾਂ ’ਤੇ ਅਕਹਿ ਜ਼ੁਲਮ ਹੋਏ। ਇਸ ਦੌਰਾਨ ਨਨਕਾਣਾ ਸਾਹਿਬ, ਪੰਜਾ ਸਾਹਿਬ ਤੇ ਕਈ ਹੋਰ ਸਾਕੇ ਵਾਪਰੇ। ਅੰਤ ਵਿਚ ਅੰਗਰੇਜ਼ ਸਰਕਾਰ ਝੁਕੀ ਅਤੇ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪਿਆ ਗਿਆ। ਇਸ ਲਹਿਰ ਦੀ ਜਿੱਤ ਬਸਤੀਵਾਦੀ ਹਕੂਮਤ ਵਿਰੁੱਧ ਪੰਜਾਬ ਤੇ ਸਿੱਖਾਂ ਦੀ ਪ੍ਰਮੁੱਖ ਜਿੱਤ ਸੀ। ਪੰਜਾ ਸਾਹਿਬ ਦਾ ਸਾਕਾ ਅੱਜ ਤੋਂ ਸੌ ਸਾਲ ਪਹਿਲਾਂ ਵਾਪਰਿਆ।

ਗੁਰੂ-ਘਰਾਂ ਨੂੰ ਮਹੰਤਾਂ ਤੋਂ ਆਜ਼ਾਦ ਕਰਵਾਉਣ ਲਈ ਸਿੱਖਾਂ ਵੱਲੋਂ 1920 ਤੋਂ 1925 ਤੱਕ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ। ਇਸ ਅਰਸੇ ਦੌਰਾਨ ਕਈ ਮੋਰਚੇ ਲਗਾਏ ਗਏ। ਗੁਰੂ ਕੇ ਬਾਗ ਦਾ ਮੋਰਚਾ ਵੀ ਇਸ ਪੱਖੋਂ ਬਹੁਤ ਮਹੱਤਤਾ ਰੱਖਦਾ ਹੈ। ਇਸ ਮੋਰਚੇ ਦੌਰਾਨ ਹੀ ਪੰਜਾ ਸਾਹਿਬ ਵਿਖੇ ਰੇਲ ਗੱਡੀ ਰੋਕਣ ਵਾਲਾ ਸਾਕਾ ਵਾਪਰਿਆ।

ਗੁਰਦੁਆਰਾ ਗੁਰੂ ਕਾ ਬਾਗ ਅੰਮ੍ਰਿਤਸਰ ਤੋਂ ਲਗਭਗ 25 ਕਿਲੋਮੀਟਰ ਦੀ ਦੂਰੀ ਉੱਤੇ ਘੁੱਕੇ ਵਾਲੀ ਅਤੇ ਸੈਂਸਰਾ ਪਿੰਡ ਦੇ ਵਿਚਕਾਰ ਪੈਂਦਾ ਹੈ। ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਹੋਣ ਸਦਕਾ ਇੱਥੇ ਇੱਕ ਦੂਜੇ ਤੋਂ ਬਹੁਤ ਨੇੜੇ ਗੁਰਦੁਆਰਾ ਗੁਰੂ ਕਾ ਬਾਗ ਅਤੇ ਗੁਰਦੁਆਰਾ ਬਾਉਲੀ ਸਾਹਿਬ ਵੀ ਸ਼ੁਭਾਇਮਾਨ ਹਨ। ਇਨ੍ਹਾਂ ਗੁਰੂਘਰਾਂ ਦੇ ਨੇੜੇ ਇਨ੍ਹਾਂ ਦੀ ਮਲਕੀਅਤ ਕੁਝ ਜ਼ਮੀਨ ਵੀ ਹੈ ਜੋ ਮੋਰਚੇ ਦੇ ਦਿਨਾਂ ਵਿੱਚ ਵੱਸੋਂ-ਰਹਿਤ ਸੀ, ਇਹ ਬੰਜਰ ਸੀ ਜਿੱਥੇ ਟਾਵੀਆਂ ਟਾਵੀਆਂ ਕਿੱਕਰਾਂ ਖੜ੍ਹੀਆਂ ਸਨ। ਇਸ ਗੁਰਦੁਆਰੇ ਦਾ ਮਹੰਤ ਸੁੰਦਰ ਦਾਸ ਆਪਣੇ ਮਾੜੇ ਕਿਰਦਾਰ ਕਾਰਨ ਚਾਰੋਂ ਪਾਸੇ ਬਦਨਾਮ ਸੀ। ਸ਼ਹਿਰ ਦੇ ਪਤਵੰਤਿਆਂ ਦੇ ਕਈ ਵਾਰ ਸਮਝਾਉਣ ਦੇ ਬਾਵਜੂਦ ਉਸ ਵਿੱਚ ਕੋਈ ਸੁਧਾਰ ਨਾ ਹੋਇਆ।
ਅੱਠ ਅਗਸਤ 1922 ਨੂੰ ਗੁਰਦੁਆਰੇ ਦੇ ਲੰਗਰ ਵਾਸਤੇ ਬਾਲਣ ਲਿਆਉਣ ਲਈ ਪੰਜ ਸੇਵਾਦਾਰ ਗੁਰਦੁਆਰਾ ਸਾਹਿਬ ਦੀ ਜੂਹ ਵਿੱਚੋਂ ਇੱਕ ਕਿੱਕਰ ਦੀ ਲੱਕੜ ਕੱਟਣ ਗਏ ਤਾਂ ਅੰਗਰੇਜ਼ੀ ਪਿੱਠੂ ਸੁੰਦਰ ਦਾਸ ਨੇ ਉਨ੍ਹਾਂ ਉੱਤੇ ਲੱਕੜ ਚੋਰੀ ਦਾ ਕੇਸ ਦਰਜ ਕਰਵਾ ਦਿੱਤਾ। ਇਨ੍ਹਾਂ ਸਿੰਘਾਂ ਨੂੰ 50-50 ਰੁਪਏ ਜੁਰਮਾਨਾ ਅਤੇ ਛੇ-ਛੇ ਮਹੀਨੇ ਦੀ ਕੈਦ ਦੀ ਸਜ਼ਾ ਸੁਣਾਈ ਗਈ। ਸਿੰਘਾਂ ਨੇ ਨਿਡਰ ਰਹਿੰਦਿਆਂ ਲੱਕੜਾਂ ਕੱਟਣ ਦਾ ਸਿਲਸਿਲਾ ਜਾਰੀ ਰੱਖਿਆ। ਕਈ ਦਿਨ ਕੋਈ ਗ੍ਰਿਫ਼ਤਾਰੀ ਨਹੀਂ ਹੋਈ, ਪਰ 23 ਅਗਸਤ ਨੂੰ ਲੱਕੜ ਕੱਟਣ ਵਾਲੇ ਸਿੰਘਾਂ ਤੋਂ ਬਿਨਾਂ 66 ਹੋਰ ਸੇਵਾਦਾਰ ਵੀ ਗ੍ਰਿਫ਼ਤਾਰ ਕਰ ਲਏ ਗਏ। 25 ਅਗਸਤ ਨੂੰ ਮੱਸਿਆ ਵਾਲੇ ਦਿਨ ਬਾਹਰ ਖੁੱਲ੍ਹੀ ਥਾਂ ਲੱਗੇ ਦੀਵਾਨ ਵਿੱਚ ਗੁਰਬਾਣੀ ਦਾ ਆਨੰਦ ਮਾਣ ਰਹੇ ਸ਼ਾਂਤ ਸਿੰਘਾਂ ਉੱਤੇ ਐਡੀਸ਼ਨਲ ਪੁਲੀਸ ਕਪਤਾਨ ਮਿਸਟਰ ਬੀ.ਟੀ. ਨੇ ਲਾਠੀ ਚਲਾਉਣ ਦਾ ਹੁਕਮ ਦੇ ਦਿੱਤਾ। ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ ਸਿੰਘ ਨੂੰ ਵਾਲਾਂ ਤੋਂ ਫੜ ਕੇ ਘੜੀਸਿਆ ਗਿਆ ਤੇ ਸੋਟੀਆਂ ਵੀ ਮਾਰੀਆਂ ਗਈਆਂ। ਅਗਲੇ ਦਿਨ ਡਿਪਟੀ ਕਮਿਸ਼ਨਰ ਮਿਸਟਰ ਡੰਟ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਾਬਾ ਖੜਕ ਸਿੰਘ, ਕਾਰਜਕਾਰਨੀ ਦੇ ਸੱਤ ਮੈਂਬਰਾਂ ਤੇ ਮਾਸਟਰ ਤਾਰਾ ਸਿੰਘ ਸਮੇਤ ਕਈ ਮਹੱਤਵਪੂਰਨ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਲਿਆ।

ਇਨ੍ਹਾਂ ਗ੍ਰਿਫ਼ਤਾਰੀਆਂ ਤੋਂ ਬਾਅਦ ਮੋਰਚੇ ਦੀ ਵਾਗਡੋਰ ਸ. ਤੇਜਾ ਸਿੰਘ ਸਮੁੰਦਰੀ ਨੇ ਸੰਭਾਲ ਲਈ। ਹੱਕ-ਸੱਚ ’ਤੇ ਪਹਿਰਾ ਦੇਣ ਵਾਲੀ ਸਿੱਖ ਕੌਮ ਭਾਵੇਂ ਮਰਨ-ਮਾਰਨ ਅਤੇ ਸਹਿਣ-ਜਰਨ ਦੋਵੇਂ ਢੰਗਾਂ ਵਿੱਚ ਪ੍ਰਬੀਨ ਮੰਨੀ ਜਾਂਦੀ ਹੈ, ਪਰ ਮੌਕੇ ਅਨੁਸਾਰ ਸਥਿਤੀ ਨੂੰ ਪੂਰੀ ਤਰ੍ਹਾਂ ਭਾਂਪਦਿਆਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅਤੇ ਨੌਵੇਂ ਪਾਤਸ਼ਾਹ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਮੁੱਖ ਰੱਖਦਿਆਂ ਅਦਮ-ਤਸ਼ੱਦਦ (ਹੱਥ ਨਾ ਚੁੱਕਦਿਆਂ ਵਿਰੋਧੀ ਦੇ ਵਾਰਾਂ ਨੂੰ ਸਹਿਣਾ) ਦਾ ਰਾਹ ਅਪਣਾਇਆ ਗਿਆ। ਅੰਮ੍ਰਿਤਸਰ ਤੋਂ ਅਕਾਲ ਤਖ਼ਤ ਵਿਖੇ ਗੁਰੂ ਗ੍ਰੰਥ ਸਾਹਿਬ ਸਨਮੁਖ ਹਰ ਹਾਲਤ ਵਿੱਚ ਸ਼ਾਂਤਮਈ ਰਹਿਣ ਦਾ ਪ੍ਰਣ ਕਰ ਕੇ ਕਾਲੀਆਂ ਦਸਤਾਰਾਂ ਵਾਲੇ ਸਿੰਘਾਂ ਦੇ ਜਥੇ ਕੁਝ ਦਿਨ 50-50 ਤੇ ਫਿਰ 100-100 ਦੀ ਗਿਣਤੀ ਵਿੱਚ ਗੁਰਦੁਆਰਾ ਗੁਰੂ ਕਾ ਬਾਗ ਵੱਲ ਚੱਲਣ ਲੱਗੇ।
ਸਤਿਨਾਮ ਵਾਹਿਗੁਰੂ ਦਾ ਜਾਪ ਕਰਦਿਆਂ ਤੇ ਗੁਰਬਾਣੀ ਸ਼ਬਦ ਪੜ੍ਹਦਿਆਂ ਸ਼ਾਂਤਮਈ ਢੰਗ ਨਾਲ ਅੱਗੇ ਵਧ ਰਹੇ ਸਿੰਘਾਂ ਉੱਤੇ ਅੰਗਰੇਜ਼ ਸਿਪਾਹੀਆਂ ਵੱਲੋਂ ਅੰਨ੍ਹੇਵਾਹ ਡਾਂਗਾਂ ਵਰ੍ਹਾਈਆਂ ਜਾਂਦੀਆਂ। ਬੇਹੋਸ਼ ਹੋਏ ਸਿੰਘਾਂ ਨੂੰ ਘੜੀਸ ਘੜੀਸ ਕੇ ਰਸਤੇ ਦੇ ਨਾਲ ਲੱਗਦੇ ਖਤਾਨਾਂ ਜਾਂ ਨੇੜਲੇ ਛੱਪੜਾਂ ਵਿੱਚ ਸੁੱਟ ਦਿੱਤਾ ਜਾਂਦਾ। ਰਾਹ ਵਿੱਚ ਡਿੱਗੇ ਸਿੰਘਾਂ ਨੂੰ ਭਾਰੇ ਬੂਟਾਂ ਨਾਲ ਮਿੱਧਿਆ ਜਾਂਦਾ, ਉਨ੍ਹਾਂ ਉੱਤੋਂ ਦੀ ਤੇਜ਼ ਘੋੜੇ ਦੌੜਾ ਕੇ ਦਰੜਿਆ ਜਾਂਦਾ। ਗੁਰੂ ਸਾਹਿਬਾਨ ਨੂੰ ਗਾਲ੍ਹਾਂ ਕੱਢ ਕੇ ਸਿੱਖਾਂ ਨੂੰ ਹੱਥ ਚੁੱਕਣ ਲਈ ਉਕਸਾਇਆ ਜਾਂਦਾ, ਪਰ ਸਿੰਘ ਆਪਣੇ ਸ਼ਾਂਤ ਰਹਿਣ ਦੇ ਪ੍ਰਣ ਦੀ ਹਰ ਹਾਲਤ

ਵਿੱਚ ਰਾਖੀ ਕਰਦੇ ਅਤੇ ਹੋਸ਼ ਆਉਣ ਉੱਤੇ ਫੇਰ ਅੱਗੇ ਵਧਣ ਲੱਗਦੇ ਸਨ। ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਪੁਲੀਸ ਦੀਆਂ ਗੱਡੀਆਂ ਅਤੇ ਟਰੱਕਾਂ ਰਾਹੀਂ ਅੰਮ੍ਰਿਤਸਰ ਦੀਆਂ ਜੇਲ੍ਹਾਂ ਤੇ ਹਸਪਤਾਲਾਂ ਵਿੱਚ ਭੇਜ ਦਿੱਤਾ ਜਾਂਦਾ ਸੀ।

ਬੇਕਸੂਰ ਸਿੱਖਾਂ ਦੀ ਦਰਦਨਾਕ ਦਸ਼ਾ ਬਾਰੇ ਸਾਕੇ ਦੇ ਪ੍ਰਮੁੱਖ ਸ਼ਹੀਦ ਭਾਈ ਕਰਮ ਸਿੰਘ ਜੀ ਦੇ ਸਕੇ ਭਤੀਜੇ ਅਤੇ ਰਾਜ ਕਵੀ ਸ. ਬਲਵੰਤ ਸਿੰਘ ਗਜਰਾਜ ਵੱਲੋਂ ਬ੍ਰਿਜ ਭਾਸ਼ਾ ਵਿੱਚ ਲਿਖੀ ਇੱਕ ਕਵਿਤਾ ਦੇ ਕੁਝ ਬੋਲ ਇਸ ਪ੍ਰਕਾਰ ਹਨ:

ਆਜ ਘਨਘੋਰ ਘੂਮ ਘਾਮ ਰਹੀ ਦੁਖ ਰੂਪ;

ਆਫ਼ਤ ਕੀ ਸਿੰਘਨ ਕੇ, ਸੀਸ ਪੇ ਝੜਾ ਝੜੀ।

ਦਸੋ ਦਿਸ਼ ਦੇਸ ਹੂ ਮੇਂ ਐ ਜੂ ਦਸਮੇਸ਼ ਪਿਤਾ;

ਆਫ਼ਤ ਅੰਧੇਰੀਓਂ ਕੀ ਖ਼ੂਬ ਹੈ ਚੜ੍ਹਾ ਚੜ੍ਹੀ।

ਕਹੇ ‘ਗਜਰਾਜ’ ਆਜ ਅਜਬ ਅਜੀਬ ਰੰਗ;

ਦੇਖ ਬਿਕਰਾਲ ਹਾਲ, ਜਾਨ ਸੋਚ ਮੇਂ ਪੜ੍ਹੀ।

ਅੜਾ ਅੜੀ ਜੇਲ੍ਹਨ ਮੇਂ, ਕੜਾ ਕੜੀ ਹਾਥਨ ਮੇਂ;

ਲੜਾ ਲੜੀ ਬਿਨਾਂ ਹੀ ਹੈ, ਪੰਥ ਕੀ ਫੜਾ ਫੜੀ।

ਉਸ ਵੇਲੇ ਦੇ ਮੰਨੇ-ਪ੍ਰਮੰਨੇ ਅਖ਼ਬਾਰ, ਉੱਚ ਕੋਟੀ ਦੀਆਂ ਰਾਜਨੀਤਕ ਤੇ ਧਾਰਮਿਕ ਹਸਤੀਆਂ ਅਤੇ ਉੱਘੇ ਲੇਖਕਾਂ ਦੀਆਂ ਲਿਖਤਾਂ ਪੜ੍ਹ ਕੇ ਜਿੱਥੇ ਕੁੱਲ ਜਹਾਨ ਨੇ ਬਹਾਦਰ ਸਿੱਖਾਂ ਦੇ ਸਬਰ ਤੇ ਸਿਦਕ ਅੱਗੇ ਸੀਸ ਨਿਵਾਇਆ ਉੱਥੇ ਅੰਗਰੇਜ਼ ਰਾਜ ਵੱਲੋਂ ਕੀਤੇ ਜਾ ਰਹੇ ਜ਼ੁਲਮ ਅਤੇ ਜਬਰ ਉੱਤੇ ਲੱਖ ਲੱਖ ਲਾਹਨਤਾਂ ਵੀ ਪਾਈਆਂ। ਅਮਰੀਕਾ ਦੇ ਫਿਲਮਸਾਜ਼ ਵਰਗੀਜ਼ ਨੇ ਇਨ੍ਹਾਂ ਘਿਰਣਾਮਈ ਦ੍ਰਿਸ਼ਾਂ ਦੀ ਦਸਤਾਵੇਜ਼ੀ ਫਿਲਮ ਬਣਾ ਕੇ ਪੱਛਮੀ ਦੇਸ਼ਾਂ ਵਿੱਚ ਰਿਲੀਜ਼ ਕਰ ਦਿੱਤੀ। ਅੰਗਰੇਜ਼ ਪਾਦਰੀ ਸੀ.ਐਫ਼.ਐਂਡਰਿਊਜ਼ ਨੇ ਜਦੋਂ ਇਸ ਜ਼ੁਲਮ ਦਾ ਬਿਰਤਾਂਤ ਅਖਬਾਰਾਂ ਵਿੱਚ ਛਪਵਾਇਆ ਅਤੇ ਗਵਰਨਰ ਮੈਕਲੇਗਨ ਨੂੰ ਨਾਲ ਲਿਜਾ ਕੇ ਦਿਖਾਇਆ ਤਾਂ ਅੰਗਰੇਜ਼ ਸਿਪਾਹੀਆਂ ਦੀ ਕਰਤੂਤ ਦੇਖ ਕੇ ਉਹ ਸੁੰਨ ਹੋ ਕੇ ਰਹਿ ਗਿਆ। ਉਸ ਦੀ ਰੂਹ ਕੰਬ ਉੱਠੀ ਅਤੇ ਉਸ ਨੇ ਤੁਰੰਤ ਮਾਰ-ਕੁਟਾਈ ਬੰਦ ਕਰਨ ਦਾ ਹੁਕਮ ਦੇ ਦਿੱਤਾ। ਇਸ ਦੇ ਬਾਵਜੂਦ ਮੋਰਚਾ ਲੱਗਾ ਰਿਹਾ ਅਤੇ ਸੌ-ਸੌ ਸਿੰਘਾਂ ਦੀ ਰੋਜ਼ਾਨਾ ਗ੍ਰਿਫ਼ਤਾਰੀ ਜਾਰੀ ਰਹੀ।

ਸਿੱਖਾਂ ਦੀ ਗਿਣਤੀ ਵਧਣ ਕਰਕੇ ਅੰਮ੍ਰਿਤਸਰ ਅਤੇ ਨੇੜੇ-ਤੇੜੇ ਦੀਆਂ ਜੇਲ੍ਹਾਂ ਪੂਰੀ ਤਰ੍ਹਾਂ ਨਾਲ ਭਰ ਚੁੱਕੀਆਂ ਸਨ। ਇਸ ਲਈ ਸਿੰਘਾਂ ਨੂੰ ਰਾਵਲਪਿੰਡੀ, ਅਟਕ ਅਤੇ ਹੋਰ ਦੂਰ-ਦੁਰਾਡੀਆਂ ਜੇਲ੍ਹਾਂ ਵਿੱਚ ਬੰਦ ਕਰਨ ਲਈ ਰੇਲ ਗੱਡੀਆਂ ਰਾਹੀਂ ਭੇਜਣਾ ਸ਼ੁਰੂ ਕਰ ਦਿੱਤਾ ਗਿਆ। ਇਸ ਸਮੇਂ ਦੌਰਾਨ ਹੀ ਗੁਰਦੁਆਰਾ ਪੰਜਾ ਸਾਹਿਬ ਦਾ ਸਾਕਾ ਵਾਪਰਿਆ।

ਪੰਜਾਬ ਦੀਆਂ ਵੱਖ-ਵੱਖ ਥਾਵਾਂ ਤੋਂ ਸਾਬਕਾ ਫ਼ੌਜੀਆਂ (ਪੈਨਸ਼ਨਰਾਂ) ਦਾ ਇੱਕ ਜਥਾ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਇਕੱਤਰ ਹੋਇਆ। ਅਰਦਾਸ ਉਪਰੰਤ ਇਹ ਜਥਾ ਰਿਆਸਤ ਕਪੂਰਥਲਾ ਦੇ ਸਾਬਕਾ ਫ਼ੌਜੀ ਸੂਬੇਦਾਰ ਅਮਰ ਸਿੰਘ ਪਿੰਡ ਧਾਲੀਵਾਲ ਦੀ ਅਗਵਾਈ ਵਿੱਚ ਰੋਸ ਪ੍ਰਗਟ ਕਰਦਿਆਂ ਗ੍ਰਿਫ਼ਤਾਰ ਹੋ ਗਿਆ। ਜਥੇ ਦੇ ਮੀਤ ਜਥੇਦਾਰ ਮਾਸਟਰ ਚਤਰ ਸਿੰਘ ਹਵਲਦਾਰ ਪਲਟਨ ਨੰਬਰ-19 ਸਨ। ਇਸ ਜਥੇ ਨੂੰ ਨਵਾਬ ਅਸਲਮ ਹਯਾਤ ਖਾਂ ਮੈਜਿਸਟ੍ਰੇਟ ਅੰਮ੍ਰਿਤਸਰ ਵੱਲੋਂ ਢਾਈ-ਢਾਈ ਸਾਲ ਦੀ ਸਖ਼ਤ ਕੈਦ ਅਤੇ ਸੌ-ਸੌ ਰੁਪਏ ਜੁਰਮਾਨੇ ਦੀ ਸਜ਼ਾ ਦਿੱਤੀ ਗਈ। ਅੰਗਰੇਜ਼ ਸਰਕਾਰ ਵੱਲੋਂ ਇਸ ਜਥੇ ਦੇ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਕੇ ਇੱਕ ਵਿਸ਼ੇਸ਼ ਰੇਲਗੱਡੀ ਰਾਹੀਂ ਦੂਰ-ਦੁਰਾਡੇ ਦੀਆਂ ਜੇਲ੍ਹਾਂ ਵਿੱਚ ਲਿਜਾਇਆ ਜਾਣਾ ਸੀ।

29 ਅਕਤੂਬਰ 1922 ਦੀ ਰਾਤ ਨੂੰ ਗੱਡੀ ਅੰਮ੍ਰਿਤਸਰ ਤੋਂ ਅਟਕ ਵੱਲ ਰਵਾਨਾ ਹੋਈ। 30 ਅਕਤੂਬਰ ਨੂੰ ਇੰਜਣ ਵਿੱਚ ਕੋਲਾ ਅਤੇ ਪਾਣੀ ਆਦਿ ਪੁਆਉਣ ਲਈ ਗੱਡੀ ਨੂੰ ਕੁਝ ਦੇਰ ਲਈ ਰਾਵਲਪਿੰਡੀ ਰੋਕਿਆ ਗਿਆ, ਪਰ ਕੈਦੀ ਸਿੰਘਾਂ ਨੂੰ ਖਾਣ ਲਈ ਅੰਨ ਦਾ ਇੱਕ ਵੀ ਦਾਣਾ ਜਾਂ ਪੀਣ ਲਈ ਪਾਣੀ ਦੀ ਇੱਕ ਵੀ ਘੁੱਟ ਨਸੀਬ ਨਾ ਹੋਈ। ਇਸ ਗੱਡੀ ਨੇ ਪੰਜਾ ਸਾਹਿਬ ਵਿੱਚੋਂ ਲੰਘ ਕੇ ਅੱਗੇ ਜਾਣਾ ਸੀ। ਇਹ ਸੂਚਨਾ ਮਿਲਦਿਆਂ ਹੀ ਗੁਰਦੁਆਰਾ ਪੰਜਾ ਸਾਹਿਬ ਦੇ ਗ੍ਰੰਥੀ/ਕੀਰਤਨੀਏ ਭਾਈ ਕਰਮ ਸਿੰਘ ਅਤੇ ਖ਼ਜ਼ਾਨਚੀ/ਪ੍ਰਬੰਧਕ ਭਾਈ ਪ੍ਰਤਾਪ ਸਿੰਘ ਦੀ ਅਗਵਾਈ ਵਿੱਚ ਸੰਗਤਾਂ ਨੇ ਫ਼ੈਸਲਾ ਕਰ ਲਿਆ ਕਿ ਬੰਦੀ ਫ਼ੌਜੀ ਸਿੰਘਾਂ ਨੂੰ ਪੰਜਾ ਸਾਹਿਬ ਦੇ ਸਟੇਸ਼ਨ ’ਤੇ ਲੰਗਰ ਪਾਣੀ ਛਕਾਇਆ ਜਾਵੇ। ਜਦੋਂ ਸਰਕਾਰ ਨੂੰ ਇਸ ਗੱਲ ਬਾਰੇ ਪਤਾ ਲੱਗਿਆ ਤਾਂ ਉਸ ਨੇ ਡਰਾਈਵਰ ਲਈ ਹੁਕਮ ਜਾਰੀ ਕਰ ਦਿੱਤਾ ਕਿ ਗੱਡੀ ਨੂੰ ਅਟਕ ਤੋਂ ਉਰੇ ਕਿਤੇ ਵੀ ਨਾ ਅਟਕਾਇਆ ਜਾਵੇ।

ਸਟੇਸ਼ਨ ਮਾਸਟਰ ਨੇ ਸਪੱਸ਼ਟ ਤੌਰ ’ਤੇ ਸਿੰਘਾਂ ਨੂੰ ਆਖ ਦਿੱਤਾ ਕਿ ਸਰਕਾਰ ਦਾ ਹੁਕਮ ਹੈ ਕਿ ਇੱਥੇ ਗੱਡੀ ਨਹੀਂ ਰੋਕੀ ਜਾਵੇਗੀ। ਜਥੇਦਾਰ ਭਾਈ ਕਰਮ ਸਿੰਘ ਤੇ ਭਾਈ ਪ੍ਰਤਾਪ ਸਿੰਘ ਨੇ ਪੂਰੇ ਜੋਸ਼ ਵਿੱਚ ਸਟੇਸ਼ਨ ਮਾਸਟਰ ਨੂੰ ਮੋੜਵਾਂ ਜਵਾਬ ਦਿੱਤਾ, ‘‘ਜੇ ਤੇਰੀ ਝੂਠੀ ਅੰਗਰੇਜ਼ ਸਰਕਾਰ ਦਾ ਹੁਕਮ ਗੱਡੀ ਨਾ ਰੋਕਣ ਦਾ ਹੈ ਤਾਂ ਸਾਡੀ ਸੱਚੀ ਸਰਕਾਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਹੁਕਮ ਗੱਡੀ ਨੂੰ ਹਰ ਹਾਲਤ ਵਿੱਚ ਰੋਕਣ ਦਾ ਹੈ।” ਸਿੰਘਾਂ ਨੇ ਇੱਕ ਦੂਜੇ ਸਨਮੁੱਖ ਪ੍ਰੇਰਨਾਮਈ ਦਲੀਲ ਦਿੰਦਿਆਂ ਕਿਹਾ, ‘‘ਜੇ ਸਾਡੇ ਬਾਬਾ ਨਾਨਕ ਪੰਜਾ ਸਾਹਿਬ ਵਿਖੇ ਐਨੇ ਵੱਡੇ ਪਹਾੜ ਨੂੰ ਆਪਣੇ ਪੰਜੇ ਨਾਲ ਰੋਕ ਕੇ ਵਲੀ ਕੰਧਾਰੀ ਦਾ ਹੰਕਾਰ ਤੋੜ ਸਕਦੇ ਹਨ, ਤਾਂ ਕੀ ਉਸ ਦੇ ਸਿੱਖ ਇੱਕ ਗੱਡੀ ਨੂੰ ਰੋਕ ਕੇ ਅੰਗਰੇਜ਼ ਸਰਕਾਰ ਦੀ ਹੈਂਕੜ ਨਹੀਂ ਭੰਨ ਸਕਦੇ?’’

ਸਟੇਸ਼ਨ ’ਤੇ ਹਾਜ਼ਰ ਤਿੰਨ ਸੌ ਦੇ ਲਗਭਗ ਸਿੰਘ-ਸਿੰਘਣੀਆਂ ਸਾਰੇ ਹੀ ਜੈਕਾਰੇ ਛੱਡਦੇ ਤੇ ਪਾਠ ਕਰਦੇ ਰੇਲਗੱਡੀ ਦੀ ਲਾਈਨ ਉੱਤੇ ਬੈਠ ਗਏ। ਸਵੇਰੇ ਦਸ ਕੁ ਵਜੇ ਦੇ ਨੇੜੇ-ਤੇੜੇ ਧੂੰਆਂ ਛੱਡਦੀ ਤੇ ਕੂਕਾਂ ਮਾਰਦੀ ਰੇਲ ਗੱਡੀ ਆਉਂਦੀ ਦਿਸੀ। ਦੋਵੇਂ ਜਥੇਦਾਰਾਂ ਨੇ ਪੂਰੇ ਜ਼ੋਰ ਨਾਲ ਗੱਜ ਕੇ ਸਾਰੇ ਸਿੰਘਾਂ ਨੂੰ ਕਿਹਾ, ‘‘ਸਾਡੇ ਜੀਵਨ ਦਾ ਗੁਰੂ ਲੇਖੇ ਲੱਗਣ ਦਾ ਸਮਾਂ ਆ ਗਿਆ ਹੈ, ਸਾਡੇ ਪਿੱਛੋਂ ਭੁੱਖਣ ਭਾਣੇ ਫ਼ੌਜੀ ਵੀਰਾਂ ਨੂੰ ਲੰਗਰ ਪਾਣੀ ਛਕਾ ਕੇ ਤੁਸੀਂ ਵੀ ਆਪਣਾ ਜੀਵਨ ਸਫਲਾ ਕਰ ਲੈਣਾ।’’

ਇੱਕ ਕਰਾਮਾਤ ਵਾਪਰ ਚੁੱਕੀ ਸੀ। ਇੰਜਣ ਦੇ ਪਹੀਏ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੂੰ ਦਰੜਦੇ, ਚਿੱਥਦੇ ਅਤੇ ਮਿੱਧਦੇ ਹੋਏ ਰੁਕ ਗਏ। ਇਸ ਸਮੇਂ ਇੰਜਣ ਦੇ ਛੱਜੇ ਨੇ ਕੁਝ ਬੰਦੇ ਚੁੱਕ ਕੇ ਪਰ੍ਹੇ ਵਗਾਹ ਮਾਰੇ, ਕੁਝ ਗੰਭੀਰ ਜ਼ਖ਼ਮੀ ਹੋ ਗਏ ਅਤੇ ਕੁਝ ਦੀਆਂ ਲੱਤਾਂ-ਬਾਹਾਂ ਟੁੱਟ ਗਈਆਂ। ਕੁਝ ਲੋਕ ਭੱਜ ਕੇ ਜਦੋਂ ਭਾਈ ਕਰਮ ਸਿੰਘ ਅਤੇ ਭਾਈ ਪ੍ਰਤਾਪ ਸਿੰਘ ਨੂੰ ਗੱਡੀ ਦੇ ਪਹੀਆਂ ਥੱਲੋਂ ਕੱਢਣ ਲੱਗੇ ਤਾਂ ਉਨ੍ਹਾਂ ਕਿਹਾ, ‘‘ਪਹਿਲਾਂ ਬੰਦੀ ਫ਼ੌਜੀ ਸਿੰਘਾਂ ਨੂੰ ਲੰਗਰ ਪਾਣੀ ਛਕਾਓ, ਸਾਨੂੰ ਬਾਅਦ ’ਚ ਕੱਢਿਓ।’’

ਢਾਡੀ ਸਮਰਾਟ ਸ. ਸੋਹਣ ਸਿੰਘ ਸੀਤਲ ਨੇ ਇਸ ਅਦਭੁਤ ਨਜ਼ਾਰੇ ਦਾ ਵਰਣਨ ਇਸ ਪ੍ਰਕਾਰ ਕੀਤਾ ਹੈ:

ਅੜਗੀ, ਅੜਗੀ, ਅੜਗੀ,

ਸਿੰਘਾਂ ਦੀ ਰੱਤ ਵੇਖ ਕੇ ਗੱਡੀ ਖੜ੍ਹਗੀ।

ਵੇਲਾ ਹੋ ਗਿਆ, ਵੇਲਾ ਹੋ ਗਿਆ;

ਬਦਲ ਗਏ ਕਾਂਟੇ, ਗੱਡੀ ਆਈ ‘ਸ਼ਾਂ’ ਕਰਦੀ।

ਗੱਡੀ ਸਾਹਮਣੇ, ਗੱਡੀ ਸਾਹਮਣੇ ਛਾਤੀਆਂ ਡਾਹੀਆਂ;

ਗੁਰੂ ਕੇ ਦੁਲਾਰਿਆਂ ਨੇ।

ਪਹੀਏ ਲੰਘ ਗਏ, ਪਹੀਏ ਲੰਘ ਗਏ ਇੰਜਣ ਦੇ ਸਾਰੇ;

ਸੂਰਿਆਂ ਦੀ ਦੇਹ ਪੀੜ ਕੇ।

ਲੱਗ ਗਈਆਂ ਨੇ, ਲੱਗ ਗਈਆਂ ਨੇ ਬਰੇਕਾਂ ਆਪੇ,

ਗਾੜ੍ਹੀ ਰੱਤ ਖ਼ਾਲਸੇ ਦੀ।

ਲਹੂ ਮਿੱਝ ਦੇ, ਲਹੂ ਮਿੱਝ ਦੇ ਖੁੱਭਨ ਵਿੱਚ ਖੁੱਭ ਕੇ,

ਗੱਡੀ ਰੁਕੀ ਟੇਸ਼ਨ ਤੇ।

ਡਾਕਟਰੀ ਸਹਾਇਤਾ ਲੈਣ ਤੋਂ ਪਹਿਲਾਂ ਸ਼ਹੀਦ ਭਾਈ ਕਰਮ ਸਿੰਘ ਨੇ ਬੇਨਤੀ ਕੀਤੀ, ‘‘ਪਹਿਲਾਂ ਮੈਨੂੰ ਬੰਦੀ ਫ਼ੌਜੀ ਸਿੰਘਾਂ ਦੇ ਦਰਸ਼ਨ ਕਰਾਓ।’’

ਸੀਤਲ ਦੇ ਬੋਲ ਹਨ:

ਏਨੇ ਚਿਰ ਨੂੰ, ਏਨੇ ਚਿਰ ਨੂੰ ਕਰਮ ਸਿੰਘ ਤਾਈਂ

ਚੁੱਕ ਕੇ ਲਿਆਈਆਂ ਸੰਗਤਾਂ,

ਸਿੰਘ ਆਣਕੇ, ਸਿੰਘ ਆਣਕੇ ਦੀਦਾਰ ਕੀਤੇ,

ਜੇਲ੍ਹ ਜਾਣ ਵਾਲਿਆਂ ਦੇ।

ਫ਼ਤਹਿ ਆਖਰੀ ਫ਼ਤਹਿ ਆਖਰੀ ਕਰਮ ਸਿੰਘ ਬੋਲੀ,

ਉਧਰੋਂ ਸੁਆਸ ਮੁੱਕ ਗਏ।

ਗੱਡੀ ਪੌਣੇ ਦੋ ਘੰਟੇ ਰੁਕੀ ਰਹੀ। ਖ਼ੂਨ ਹੀ ਖ਼ੂਨ ਵੇਖ ਕੇ ਫ਼ੌਜੀ ਸਿੰਘਾਂ ਨੂੰ ਵੀ ਪਤਾ ਲੱਗ ਗਿਆ ਕਿ ਗੱਡੀ ਕਿਵੇਂ ਰੁਕਵਾਈ ਗਈ ਹੈ। ਉਨ੍ਹਾਂ ਦੇ ਹਿਰਦੇ ਕੁਰਲਾ ਉੱਠੇ, ਉਨ੍ਹਾਂ ਨੇ ਲੰਗਰ ਛਕਣ ਤੋਂ ਨਾਂਹ ਕਰ ਦਿੱਤੀ। ਸੰਗਤਾਂ ਵੱਲੋਂ ਹੱਥ ਜੋੜ-ਜੋੜ ਕੇ ਬੜਾ ਜ਼ੋਰ ਪਾਉਣ ਉੱਤੇ ਉਨ੍ਹਾਂ ਨੇ ਬੜੀ ਔਖਿਆਈ ਨਾਲ ਮਾੜਾ ਮੋਟਾ ਲੰਗਰ ਛਕਿਆ। ਭਾਈ ਕਰਮ ਸਿੰਘ ਦੋ ਘੰਟੇ ਪਿੱਛੋਂ ਸ਼ਹੀਦੀ ਪਾ ਗਏ ਅਤੇ ਭਾਈ ਪ੍ਰਤਾਪ ਸਿੰਘ ਨੇ ਅਗਲੇ ਦਿਨ ਅੰਮ੍ਰਿਤ ਵੇਲੇ ਪ੍ਰਾਣ ਤਿਆਗੇ। ਇਨ੍ਹਾਂ ਦੋਹਾਂ ਦੀਆਂ ਦੇਹਾਂ ਦਾ ਅੰਤਿਮ ਸੰਸਕਾਰ ਰਾਵਲਪਿੰਡੀ ਵਿਖੇ ਕੀਤਾ ਗਿਆ। ਸ਼ਹੀਦ ਸਿੰਘਾਂ ਦੀਆਂ ਦੇਹਾਂ ਦੇ ਸਨਮਾਨ ਵਿੱਚ ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਕੱਢੀ ਗਈ ਅੰਤਿਮ ਯਾਤਰਾ ਵਿੱਚ ਹਿੰਦੂ, ਸਿੱਖ ਅਤੇ ਮੁਸਲਮਾਨ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਮਲ ਹੋਏ ਤੇ ਸਾਰਾ ਰਸਤਾ ਦੇਹਾਂ ਉੱਤੇ ਫੁੱਲਾਂ ਦੀ ਵਰਖਾ ਕਰਦੇ ਰਹੇ।

ਗੱਡੀ ਦਾ ਡਰਾਈਵਰ ਜ਼ਿਲ੍ਹਾ ਗੁਜਰਾਤ ਦਾ ਇੱਕ ਅਰਾਈਂ ਮੁਸਲਮਾਨ ਸੀ। ਸਰਕਾਰ ਨੇ ਗੱਡੀ ਰੋਕਣ ਸਬੰਧੀ ਉਸ ਵਿਰੁੱਧ ਹਾਈ ਕੋਰਟ ਦੇ ਜੱਜ ਤੋਂ ਪੜਤਾਲ ਕਰਵਾਈ। ਉਸ ਨੇ ਜੱਜ ਸਾਹਮਣੇ ਬਿਆਨ ਦਿੱਤਾ, ‘‘ਮੈਨੂੰ ਸਰਕਾਰ ਵੱਲੋਂ ਗੱਡੀ ਨਾ ਖੜ੍ਹੀ ਕਰਨ ਦਾ ਹੁਕਮ ਸੀ। ਮੈਂ ਗੱਡੀ ਖੜ੍ਹੀ ਨਹੀਂ ਕੀਤੀ। ਪੂਰੀ ਰਫ਼ਤਾਰ ਨਾਲ ਚੱਲਦੀ ਗੱਡੀ ਜਦੋਂ ਸਿੰਘਾਂ ਵਿੱਚ ਵੱਜੀ ਤਾਂ ਮੈਨੂੰ ਇਉਂ ਲੱਗਾ ਜਿਵੇਂ ਕਿਸੇ ਵੱਡੇ ਪਹਾੜ ਨਾਲ ਟਕਰਾ ਗਈ ਹੋਵੇ। ਝਟਕਾ ਲੱਗਣ ਨਾਲ ਮੇਰਾ ਹੱਥ ਵੈਕਿਊਮ ਲੀਵਰ ਤੋਂ ਛੁਟ ਗਿਆ ਤੇ ਗੱਡੀ ਖੜ੍ਹ ਗਈ। ਮੈਨੂੰ ਇਉਂ ਲੱਗਾ ਜਿਵੇਂ ਕਿਸੇ ਅਣਦਿਸਦੀ ਗੁਪਤ ਸ਼ਕਤੀ ਨੇ ਗੱਡੀ ਰੋਕ ਦਿੱਤੀ ਹੋਵੇ।’’ ਇੰਜਣ ਦੀ ਪੜਤਾਲ ਤੋਂ ਵੀ ਇਹੋ ਪਤਾ ਚੱਲਿਆ ਕਿ ਉਸ ਨੂੰ ਬ੍ਰੇਕ ਨਹੀਂ ਸੀ ਲਾਈ ਗਈ। ਸਰਕਾਰ ਨੇ ਡਰਾਈਵਰ ਨੂੰ ਨੌਕਰੀ ਤੋਂ ਹਟਾ ਦਿੱਤਾ।

ਸਾਕਾ ਪੰਜਾ ਸਾਹਿਬ ਸਿੱਖ ਪੰਥ ਵੱਲੋਂ ਸੇਵਾ ਲਈ ਕੁਰਬਾਨੀ, ਗੁਰੂ ਸਨਮੁਖ ਕੀਤੇ ਗਏ ਪ੍ਰਣ ਪਾਲਣ ਅਤੇ ਸ਼ਾਂਤਮਈ ਸਬਰ ਨਾਲ ਅਣਮਨੁੱਖੀ ਜਬਰ ਉੱਤੇ ਫ਼ਤਹਿ ਪ੍ਰਾਪਤੀ ਦਾ ਪ੍ਰਤੀਕ ਹੈ। ਅਜਿਹੇ ਸਾਕਿਆਂ ਤੋਂ ਮਿਲੀ ਪ੍ਰੇਰਨਾ ਭਰਪੂਰ ਅਗਵਾਈ ਸਦਕਾ ਹੀ ਕੌਮੀ ਪਰਵਾਨਿਆਂ ਦੇ ਵਧਦੇ ਗਏ ਕਦਮ ਅੰਤ ਵਿੱਚ ਜ਼ਾਲਮ ਅੰਗਰੇਜ਼ੀ ਰਾਜ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਮੰਜ਼ਿਲ ਤਕ ਅੱਪੜ ਸਕੇ। ਸ. ਨਿਰਵੈਰ ਸਿੰਘ ਅਰਸ਼ੀ ਦੀ ਇਕ ਲੰਮੀ ਕਵਿਤਾ ਵਿਚਲੀਆਂ ਇਹ ਚੋਣਵੀਆਂ ਸਤਰਾਂ ਇਸ ਸ਼ਹੀਦੀ ਸਾਕੇ ਦੀ ਬੜੀ ਢੁੱਕਵੀਂ ਤਸਵੀਰ ਪੇਸ਼ ਕਰਦੀਆਂ ਹਨ:

ਤੀਹ ਅਕਤੂਬਰ ਦੀ ਕਥਾ ਇਸ ਖ਼ਾਲਸਾ ਜੀ,

ਗੋਰਾਸ਼ਾਹੀ ਦੀ ਧੌਣ ਨਿਵਾ ਦਿੱਤੀ।

ਬਚਨ ਪਾਲਣੇ ਲਈ ਜਦ ਡਾਹ ਹਿੱਕਾਂ,

ਗੱਡੀ ਸ਼ੂਕਦੀ ਸਿੰਘਾਂ ਅਟਕਾ ਦਿੱਤੀ।

ਗਾਉਂਦਾ ਰਹੇਗਾ ਜੱਗ ਸਾਰਾ,

ਅਣਖੀ ਸਿੰਘਾਂ ਦੀ ‘ਅਰਸ਼ੀ’ ਸ਼ਾਨ ਦੀਆਂ।

ਅਜ਼ਲਾਂ ਤੀਕ ਘੋੜੀਆਂ ਕਹਾਣੀਆਂ ਹੋਣਗੀਆਂ,

ਪੰਜਾ ਸਾਹਿਬ ਦੇ ਸਾਕੇ ਮਹਾਨ ਦੀਆਂ।

  • ਲੇਖਕ ਸ਼ਹੀਦ ਭਾਈ ਕਰਮ ਸਿੰਘ ਜੀ ਦਾ ਪੜਪੋਤਰਾ ਹੈ।

ਸੰਪਰਕ: 94636-19353