ਪੰਜਾਬ ਸਰਕਾਰ ਵੱਲੋਂ ਅੰਮਿ੍ਰਤਪਾਲ ਸਮਰਥਕਾਂ ਦੇ ਅਸਲਾ ਲਾਇਸੈਂਸ ਰੱਦ ਕਰਨ ਦੀ ਤਿਆਰੀ

ਪੰਜਾਬ ਸਰਕਾਰ ਵੱਲੋਂ ਅੰਮਿ੍ਰਤਪਾਲ ਸਮਰਥਕਾਂ ਦੇ ਅਸਲਾ ਲਾਇਸੈਂਸ ਰੱਦ ਕਰਨ ਦੀ ਤਿਆਰੀ

ਸੁਰੱਖਿਆ ਗਾਰਦ ’ਚ ਸ਼ਾਮਲ ਦੋ ਸਮਰਥਕ ਪੰਜਾਬ ਦੇ ਵਸਨੀਕ ਪਰ ਲਾਇਸੈਂਸ ਜੰਮੂ ਕਸ਼ਮੀਰ ਤੋਂ ਲਿਆ
ਚੰਡੀਗੜ੍ਹ : ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮਿ੍ਰਤਪਾਲ ਤੇ ਉਸ ਦੇ ਸਮਰਥਕਾਂ ਵੱਲੋਂ ਅਜਨਾਲਾ ਥਾਣੇੇ ਉੱਤੇ ਬੋਲੇ ਧਾਵੇ ਮਗਰੋਂ ਪੰਜਾਬ ਸਰਕਾਰ ਨੇ ਹੁਣ ਇਨ੍ਹਾਂ ਦੇ ਅਸਲਾ ਲਾਇਸੈਂਸ ਰੱਦ ਕਰਨ ਦੀ ਤਿਆਰੀ ਖਿੱਚ ਲਈ ਹੈ। ਅੰਮਿ੍ਰਤਪਾਲ ਤੇ ਉਸ ਦੀ ਸੁਰੱਖਿਆ ਗਾਰਦ ਵਿੱਚ ਸ਼ਾਮਲ ਅੱਠ ਹਮਾਇਤੀਆਂ ਦੇ ਅਸਲਾ ਲਾਇਸੈਂਸਾਂ ’ਤੇ ਨਜ਼ਰਸਾਨੀ ਦੇ ਹੁਕਮ ਦਿੱਤੇ ਗਏ ਹਨ। ਇਥੇ ਦਿਲਚਸਪ ਤੱਥ ਹੈ ਕਿ ਇਨ੍ਹਾਂ ਵਿਚੋਂ ਦੋ ਹਮਾਇਤੀ ਭਾਵੇਂ ਪੰਜਾਬ ਦੇ ਵਸਨੀਕ ਹਨ, ਪਰ ਉਨ੍ਹਾਂ ਅਸਲਾ ਲਾਇਸੈਂਸ ਅਤਿਵਾਦ ਦੇ ਝੰਬੇ ਜੰਮੂ ਕਸ਼ਮੀਰ ਤੋਂ ਲਏ ਹਨ। ਅੰਮਿ੍ਰਤਪਾਲ ਦੇ ਇਕ ਹੋਰ ਹਮਾਇਤੀ ਗੁਰਭੇਜ ਸਿੰਘ ਵਾਸੀ ਬਾਜਾਖਾਨਾ (ਫਰੀਦਕੋਟ) ਦਾ ਲਾਇਸੈਂਸ 20 ਫਰਵਰੀ ਨੂੰ ਪਹਿਲਾਂ ਹੀ ਰੱਦ ਕੀਤਾ ਜਾ ਚੁੱਕਾ ਹੈ। ਉਸ ਕੋਲ .32 ਬੋਰ ਰਿਵਾਲਵਰ ਤੇ .315 ਬੋਰ ਰਾਈਫਲ ਦਾ ਲਾਇਸੈਂਸ ਸੀ। ਅੰਮਿ੍ਰਤਪਾਲ ਦੇ ਦੋ ਹੋਰ ਸਮਰਥਕ ਵਰਿੰਦਰ ਸਿੰਘ ਤੇ ਤਲਵਿੰਦਰ ਸਿੰਘ ਤਰਨ ਤਾਰਨ ਦੇ ਵਸਨੀਕ ਹਨ, ਪਰ ਉਨ੍ਹਾਂ ਨੂੰ ਅਸਲਾ ਲਾਇਸੈਂਸ ਕ੍ਰਮਵਾਰ ਕਿਸ਼ਤਵਾੜ ਤੇ ਜੰਮੂ ਤੋਂ ਜਾਰੀ ਕੀਤੇ ਗਏ ਹਨ। ਸਰਕਾਰ ਨੇ ਇਨ੍ਹਾਂ ਜ਼ਿਲ੍ਹਿਆਂ ਦੇ ਮੈਜਿਸਟਰੇਟਾਂ ਨੂੰ ਅਜਨਾਲਾ ਵਿੱਚ ਹੋਈ ਹਾਲੀਆ ਹਿੰਸਾ ਦੀ ਰੌਸ਼ਨੀ ਵਿੱਚ ਲਾਇਸੈਂਸਾਂ ’ਤੇ ਨਜ਼ਰਸਾਨੀ ਲਈ ਕਿਹਾ ਹੈ। ਕਾਬਿਲੇਗੌਰ ਹੈ ਕਿ ਅੰਮਿ੍ਰਤਪਾਲ ਤੇ ਉਸ ਦੇ ਸਮਰਥਕਾਂ ਨੇ ਪਿਛਲੇ ਦਿਨੀਂ ਅਜਨਾਲਾ ਥਾਣੇ ਵਿੱਚ ਬੰਦ ਆਪਣੇ ਇਕ ਸਾਥੀ ਦੀ ਰਿਹਾਈ ਨੂੰ ਲੈ ਕੇ ਥਾਣੇ ’ਤੇ ਧਾਵਾ ਬੋਲਿਆ ਸੀ। ਇਹ ਹਮਲਾ ਪੰਜਾਬ ਸਰਕਾਰ ਤੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਸਿੱਧੀ ਚੁਣੌਤੀ ਸੀ। ਚੇਤੇ ਰਹੇ ਕਿ ਅੰਮਿ੍ਰਤਪਾਲ ਨਾਲ ਅਕਸਰ ਜਿਹੜੀ ਸੁਰੱਖਿਆ ਗਾਰਦ ਵਿਖਾਈ ਦਿੰਦੀ ਹੈ, ਉਨ੍ਹਾਂ ਦੇ ਹੱਥਾਂ ਵਿੱਚ ਬੰਦੂਕਾਂ ਤੇ ਰਾਈਫਲਾਂ ਫੜੀਆਂ ਹੁੰਦੀਆਂ ਹਨ। ਅਸਲਾ ਧਾਰਕਾਂ ਦੀ ਸੂਚੀ ਮੁਤਾਬਕ ਅੰਮਿ੍ਰਤਪਾਲ ਕੋਲ .32 ਬੋਰ ਦੇ ਰਿਵਾਲਵਰ ਦਾ ਲਾਇਸੈਂਸ ਹੈ, ਜੋ ਤਰਨ ਤਾਰਨ ਜ਼ਿਲ੍ਹੇ ਵੱਲੋਂ ਜਾਰੀ ਕੀਤਾ ਗਿਆ ਹੈ। ਇਹ ਲਾਇਸੈਂਸ 2027 ਤੱਕ ਪ੍ਰਮਾਣਕ ਹੈ, ਪਰ ਇਸ ’ਤੇ ਜਾਰੀ ਕਰਨ ਦੀ ਤਰੀਕ ਦਾ ਜ਼ਿਕਰ ਨਹੀਂ ਹੈ। ਹੋਰਨਾਂ ਸਮਰਥਕਾਂ ਵਿੱਚ ਪਟਿਆਲਾ ਦੇ ਹਰਪ੍ਰੀਤ ਦੇਵਗਨ ਕੋਲ .32 ਬੋਰ ਦਾ ਰਿਵਾਲਵਰ, 30.06 ਸਪਰਿੰਗ ਫੀਲਡ ਰਾਈਫਲ, ਕੋਟਕਪੂਰਾ ਦੇ ਰਾਮ ਸਿੰਘ ਬਰਾੜ ਕੋਲ 12 ਬੋਰ ਦੋਨਾਲੀ ਬੰਦੂਕ ਤੇ .32 ਬੋਰ ਰਿਵਾਲਵਰ, ਮੋਗਾ ਦੇ ਗੁਰਮੀਤ ਸਿੰਘ ਬੁੁੱਕਣਵਾਲਾ ਕੋਲ .32 ਬੋਰ ਦਾ ਰਿਵਾਲਵਰ, ਛਾਜਲੀ ਸੰਗਰੂਰ ਦੇ ਅਵਤਾਰ ਸਿੰਘ ਕੋਲ 12 ਬੋਰ ਦੋਨਾਲੀ ਬੰਦੂਕ, ਖਿਲਚੀਆਂ ਅੰਮਿ੍ਰਤਸਰ ਦੇ ਹਰਜੀਤ ਸਿੰਘ ਕੋਲ 12 ਬੋਰ ਦੋਨਾਲੀ ਬੰਦੂਕ ਤੇ ਐੱਨਪੀ ਬੋਰ ਪਿਸਟਲ ਅਤੇ ਅੰਮਿ੍ਰਤਸਰ ਦੇ ਬਲਜਿੰਦਰ ਸਿੰਘ ਕੋਲ ਦੋਨਾਲੀ ਬੰਦੂਕ, .32 ਬੋਰ ਦਾ ਰਿਵਾਲਵਰ ਤੇ .315 ਬੋਰ ਦੀ ਰਾਈਫਲ ਸ਼ਾਮਲ ਹਨ।