ਪੰਜਾਬ ਸਰਕਾਰ ਦੇ ਬਜਟ ਨਾਲ ਹਰ ਵਰਗ ਨੂੰ ਲਾਭ ਮਿਲੇਗਾ: ਚੀਮਾ

ਪੰਜਾਬ ਸਰਕਾਰ ਦੇ ਬਜਟ ਨਾਲ ਹਰ ਵਰਗ ਨੂੰ ਲਾਭ ਮਿਲੇਗਾ: ਚੀਮਾ

ਵਿੱਤ ਮੰਤਰੀ ਨੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਪ੍ਰਦਰਸ਼ਨ ਕਰਨ ਵਾਲਿਆਂ ਵਿਰੁੱਧ ਕਾਰਵਾਈ ਮੰਗੀ
ਪਟਿਆਲਾ- ਪੰਜਾਬ ਦੇ ਵਿੱਤ, ਯੋਜਨਾ ਅਤੇ ਕਰ ਤੇ ਆਬਕਾਰੀ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਕਿਹਾ ਕਿ ਉਨ੍ਹਾਂ ਵੱਲੋਂ ਤਿਆਰ ਕੀਤੇ ਬਜਟ ਨਾਲ ਪੰਜਾਬ ਦੇ ਹਰ ਨਾਗਰਿਕ ਨੂੰ ਲਾਭ ਮਿਲੇਗਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਜਟ ਮਿੱਥੇ ਸਮੇਂ ’ਤੇ ਵਿਧਾਨ ਸਭਾ ’ਚ ਪੇਸ਼ ਕੀਤਾ ਜਾਵੇਗਾ ਤੇ ਰਾਜਪਾਲ ਵੱਲੋਂ ਪ੍ਰਵਾਨਗੀ ਵੀ ਮਿਲ ਜਾਵੇਗੀ। ਉਹ ਇੱਥੇ ਰੰਗਲਾ ਪੰਜਾਬ ਕਰਾਫ਼ਟ ਮੇਲੇ ਦਾ ਉਦਘਾਟਨ ਕਰਨ ਲਈ ਆਏ ਹੋਏ ਸਨ।

ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵਿੱਤ ਮੰਤਰੀ ਨੇ ਕਿਹਾ ਕਿ ਇਹ ਕੇਂਦਰ ਜਾਂ ਦੂਜੇ ਸੂਬਿਆਂ ਨਾਲ ਸਬੰਧਤ ਮਾਮਲਾ ਹੈ ਪਰ ਪੰਜਾਬ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਸਹਿਮਤ ਹੈ। ਸ੍ਰੀ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨੂੰ ਰੂਰਲ ਡਿਵੈਲਪਮੈਂਟ ਫ਼ੰਡ ਦੇਣ ਤੋਂ ਟਾਲਾ ਵੱਟ ਰਹੀ ਹੈ ਜਦ ਕਿ ਇਨ੍ਹਾਂ ਫੰਡਾਂ ’ਤੇ ਸੂਬਿਆਂ ਦਾ ਹੱਕ ਹੈ। ਬੀਤੇ ਦਿਨੀਂ ਅਜਨਾਲਾ ’ਚ ਵਾਪਰੀ ਘਟਨਾ ਬਾਰੇ ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਮਾਮਲੇ ਵਿਚ ਜਾਂਚ ਮੁਕੰਮਲ ਹੋਣ ਮਗਰੋਂ ਕਾਰਵਾਈ ਕੀਤੀ ਜਾਵੇਗੀ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਲੈ ਕੇ ਹਿੰਸਕ ਧਰਨੇ-ਮੁਜ਼ਾਹਰੇ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕਰੇ।

ਸ੍ਰੀ ਚੀਮਾ ਨੇ ਕਿਹਾ ਕਿ ਅਕਾਲੀ ਦਲ ਵਾਲੇ ਬਿਆਨ ਦੇ ਰਹੇ ਹਨ ਕਿ ਅਜਨਾਲਾ ਵਿੱਚ ‘ਆਪ’ ਸਰਕਾਰ ਦੀ ਪੁਲੀਸ ਮੂਕ ਦਰਸ਼ਕ ਬਣੀ ਰਹੀ ਪਰ ਕੀ ਉਹ ਜਵਾਬ ਦੇਣਗੇ ਕਿ ਪੰਜਾਬ ਪੁਲੀਸ ਬਰਗਾੜੀ ਵਾਂਗ ਹੀ ਕੰਮ ਕਰਦੀ ਜਿਵੇਂ ਪੰਥਕ ਸਰਕਾਰ ਵੇਲੇ ਪੁਲੀਸ ਨੇ ਕੀਤਾ ਸੀ। ਅਜਨਾਲਾ ’ਚ ਪੁਲੀਸ ਵੱਲੋਂ ਕੀਤਾ ਕੰਮ ਸ਼ਲਾਘਾਯੋਗ ਹੈ ਪਰ ਪ੍ਰਦਰਸ਼ਨਕਾਰੀਆਂ ਵੱਲੋਂ ਕੀਤੀਆਂ ਕਾਰਵਾਈਆਂ ਨਿੰਦਣਯੋਗ ਹਨ। ਕੋਟਕਪੂਰਾ ਗੋਲੀ ਕਾਂਡ ਬਾਰੇ ਉਨ੍ਹਾਂ ਆਖਿਆ ਕਿ ਹਾਈ ਕੋਰਟ ਦੇ ਹੁਕਮਾਂ ’ਤੇ ਬਣੀ ਸਿੱਟ ਨੇ ਇਮਾਨਦਾਰੀ ਨਾਲ ਚਲਾਨ ਅਦਾਲਤ ’ਚ ਪੇਸ਼ ਕੀਤਾ ਹੈ ਅਤੇ ਜਿਹੜੇ ਲੋਕਾਂ ਨੇ ਇਸ ਜੁਰਮ ਨੂੰ ਅੰਜਾਮ ਦਿੱਤਾ, ਉਨ੍ਹਾਂ ਨੂੰ ਅਦਾਲਤ ’ਚ ਸਜ਼ਾਵਾਂ ਜ਼ਰੂਰ ਮਿਲਣਗੀਆਂ।