ਪੰਜਾਬ ਵਿੱਚ ਸੈਰ-ਸਪਾਟਾ ਸਨਅਤ ਵਿਕਸਤ ਕਰਾਂਗੇ: ਭਗਵੰਤ ਮਾਨ

ਪੰਜਾਬ ਵਿੱਚ ਸੈਰ-ਸਪਾਟਾ ਸਨਅਤ ਵਿਕਸਤ ਕਰਾਂਗੇ: ਭਗਵੰਤ ਮਾਨ

ਅੰਮ੍ਰਿਤਸਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਵਿੱਚ ਸੈਰ ਸਪਾਟਾ ਸਨਅਤ ਨੂੰ ਉਤਸ਼ਾਹਿਤ ਕਰਨ ਦਾ ਐਲਾਨ ਕੀਤਾ ਹੈ। ਇੱਥੇ ਉਹ ਮੁਹਾਲੀ ਵਿੱਚ ਹੋਣ ਵਾਲੇ ‘ਨਿਵੇਸ਼ ਪੰਜਾਬ ਸੰਮੇਲਨ’ ਦੀਆਂ ਤਿਆਰੀਆਂ ਵਜੋਂ ਸਨਅਤਕਾਰਾਂ ਨਾਲ ਮੀਟਿੰਗ ਕਰਨ ਪੁੱਜੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸੈਰ-ਸਪਾਟਾ ਸਨਅਤ ਨੂੰ ਹੁਲਾਰਾ ਦੇਣ ਲਈ ਇਸ ਖੇਤਰ ਵਿਚਲੀਆਂ ਅਥਾਹ ਸੰਭਾਵਨਾਵਾਂ ਦਾ ਪੂਰਾ ਲਾਹਾ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਰਣਜੀਤ ਸਾਗਰ ਡੈਮ, ਚੋਹਾਲ ਡੈਮ, ਨੂਰਪੁਰ ਬੇਦੀ ਆਦਿ ਨੂੰ ਆਧੁਨਿਕ ਸੈਰਗਾਹਾਂ ਵਜੋਂ ਵਿਕਸਤ ਕਰਨ ਲਈ ਠੋਸ ਤਜਵੀਜ਼ ਲਿਆਂਦੀ ਜਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਨੂੰ ਸੈਰ-ਸਪਾਟੇ ਪੱਖੋਂ ਵਿਕਸਤ ਕੀਤਾ ਜਾਵੇਗਾ।

ਉਨ੍ਹਾਂ ਸਥਾਨਕ ਕਾਰੋਬਾਰੀਆਂ ਨੂੰ ਭਰੋਸਾ ਦਿੱਤਾ ਕਿ ਸੈਰ ਸਪਾਟਾ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਸਥਾਨਕ ਸਨਅਤਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ। ਮੁੱਖ ਮੰਤਰੀ ਨੇ ਉੱਦਮੀਆਂ ਨੂੰ ਆਖਿਆ ਕਿ ਉਹ ਕਿਧਰੇ ਹੋਰ ਜਾਣ ਦੀ ਥਾਂ ਆਪਣੀ ਧਰਤੀ ਦੀ ਸੇਵਾ ਲਈ ਇੱਥੇ ਹੀ ਕਾਰੋਬਾਰ ਕਰਨ, ਜਿਸ ਨਾਲ ਸੂਬੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਸੂਬਾ ਸਰਕਾਰ ਉਦਯੋਗਪਤੀਆਂ ਨੂੰ ਉਨ੍ਹਾਂ ਦੇ ਪ੍ਰਾਜੈਕਟਾਂ ਦੀ ਛੇਤੀ ਪ੍ਰਵਾਨਗੀ ਦੇਣ ਲਈ ਬਹੁਤ ਛੇਤੀ ਅਸ਼ਟਾਮ ਪੇਪਰਾਂ ਲਈ ਕਲਰ ਕੋਡਿੰਗ ਸ਼ੁਰੂ ਕਰੇਗੀ। ਉਨ੍ਹਾਂ ਦੱਸਿਆ ਕਿ ਉਦਯੋਗ ਦੀ ਸਹੂਲਤ ਲਈ ਆਦਮਪੁਰ, ਹਲਵਾਰਾ ਤੇ ਭਿਸੀਆਣਾ ਹਵਾਈ ਅੱਡਿਆਂ ਤੋਂ ਘਰੇਲੂ ਉਡਾਣਾਂ ਸ਼ੁਰੂ ਕਰਨ ਲਈ ਵੀ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਪੈਦਾ ਹੋਣ ਵਾਲੀ ਕੁੱਲ ਬਾਸਮਤੀ ਦੀ 80 ਫੀਸਦੀ ਪੈਦਾਵਾਰ ਪੰਜਾਬ ਵਿੱਚ ਹੁੰਦੀ ਹੈ। ਇਸ ਹੇਠ ਰਕਬਾ ਵਧਾ ਕੇ ਉਤਪਾਦਨ ਵਿੱਚ ਹੋਰ ਵਾਧਾ ਕੀਤਾ ਜਾਵੇਗਾ। ਇਸ ਨਾਲ ਉਦਯੋਗਿਕ ਖੇਤਰ ਤੇ ਕਿਸਾਨਾਂ ਨੂੰ ਲਾਭ ਹੋਣ ਦੇ ਨਾਲ ਪਾਣੀ ਦੀ ਬੱਚਤ ਹੋਵੇਗੀ।