ਪੰਜਾਬ ਵਿੱਚ ਤਿੰਨ ਰੋਜ਼ਾ ਰੇਲ ਰੋਕੋ ਅੰਦੋਲਨ ਸ਼ੁਰੂ

ਪੰਜਾਬ ਵਿੱਚ ਤਿੰਨ ਰੋਜ਼ਾ ਰੇਲ ਰੋਕੋ ਅੰਦੋਲਨ ਸ਼ੁਰੂ

ਚੰਡੀਗੜ੍ਹ- ਪੰਜਾਬ ਭਰ ’ਚ ਕਿਸਾਨ ਜਥੇਬੰਦੀਆਂ ਨੇ 17 ਥਾਵਾਂ ’ਤੇ ਰੇਲਾਂ ਦਾ ਚੱਕਾ ਜਾਮ ਕਰ ਕੇ ਸਰਕਾਰ ਵਿਰੁੱਧ ਤਿੰਨ-ਰੋਜ਼ਾ ਅੰਦੋਲਨ ਵਿੱਢ ਦਿੱਤਾ ਹੈ। ਕਿਸਾਨਾਂ ਦੇ ਤਾਜ਼ਾ ਸੰਘਰਸ਼ ਕਾਰਨ ਸੂਬੇ ਦੇ ਪ੍ਰਮੁੱਖ ਰੇਲ ਮਾਰਗਾਂ ’ਤੇ ਆਵਾਜਾਈ ਠੱਪ ਹੋ ਗਈ ਹੈ। ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂਆਂ ਸਰਵਨ ਸਿੰਘ ਪੰਧੇਰ ਨੇ ਦੱਸਿਆ ਕਿ ਇਸ ਤਿੰਨਾ-ਰੋਜ਼ਾ ਪ੍ਰਦਰਸ਼ਨਾਂ ਦੀ ਅਗਵਾਈ ਉੱਤਰੀ ਭਾਰਤ ਦੀਆਂ 18 ਜਥੇਬੰਦੀਆਂ ਦੇ ਆਗੂ ਕਰ ਰਹੇ ਹਨ। ਕਿਸਾਨਾਂ ਨੇ ਅੱਜ ਮੋਗਾ ਜ਼ਿਲ੍ਹੇ ’ਚ ਮੋਗਾ, ਅਜੀਤਵਾਲ ਤੇ ਡਗਰੂ ਰੇਲਵੇ ਸਟੇਸ਼ਨਾਂ, ਹੁਸ਼ਿਆਰਪੁਰ, ਗੁਰਦਾਸਪੁਰ, ਡੇਰਾ ਬਾਬਾ ਨਾਨਕ, ਜਲੰਧਰ ਕੈਂਟ, ਤਰਨ ਤਾਰਨ, ਸੁਨਾਮ, ਨਾਭਾ, ਫਿਰੋਜ਼ਪੁਰ ਜ਼ਿਲ੍ਹੇ ’ਚ ਬਸਤੀ ਟੈਂਕਾਂ ਵਾਲੀ ਅਤੇ ਮੱਲਾਂਵਾਲਾ, ਰਾਮਪੁਰਾ ਫੂਲ, ਅੰਮ੍ਰਿਤਸਰ ਜ਼ਿਲ੍ਹੇ ’ਚ ਦੇਵੀਦਾਸਪੁਰਾ, ਮਜੀਠਾ, ਫਾਜ਼ਿਲਕਾ ਅਤੇ ਅਹਿਮਦਗੜ੍ਹ ਵਿੱਚ ਰੇਲਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਹੜ੍ਹਾਂ ਦੀ ਮਾਰ ਹੇਠ ਆਏ ਉੱਤਰੀ ਭਾਰਤ ਦੇ ਰਾਜਾਂ ਦੀ ਢੁੱਕਵੀਂ ਮਦਦ ਨਾ ਕਰਨ ਕਾਰਨ ਸਥਿਤੀ ਚਿੰਤਾਜਨਕ ਬਣੀ ਹੈ। ਇਸ ਲਈ 50 ਹਜ਼ਾਰ ਕਰੋੜ ਦੇ ਰਾਹਤ ਪੈਕੇਜ ਤੁਰੰਤ ਦਿੱਤਾ ਜਾਵੇ। ਕਿਸਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਦਿੱਲੀ ਮੋਰਚੇ ਦੌਰਾਨ ਮੰਨੀ ਗਈ ਐੱਮਐੱਸਪੀ ਦਾ ਗਾਰੰਟੀ ਕਾਨੂੰਨ ਬਣਾਉਣ ਦੀ ਅਧੂਰੀ ਮੰਗ ਪੂਰੀ ਕਰਨ ਤੇ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਫਸਲਾਂ ਦੇ ਭਾਅ ਤੈਅ ਕਰਨ, ਕਿਸਾਨਾਂ-ਮਜ਼ਦੂਰਾਂ ਦੀ ਪੂਰਨ ਕਰਜ਼ ਮੁਕਤੀ, ਮਨਰੇਗਾ ਤਹਿਤ ਸਾਲ ਦੇ 200 ਦਨਿ ਰੁਜ਼ਗਾਰ, ਪੰਜਾਬ ਸਮੇਤ ਉੱਤਰੀ ਭਾਰਤ ’ਚ ਹੈਰੋਇਨ ਵਰਗੇ ਮਾਰੂ ਨਸ਼ਿਆਂ ’ਤੇ ਕੰਟਰੋਲ, ਦਿੱਲੀ ਅੰਦੋਲਨ ਦੌਰਾਨ ਬਣੇ ਕੇਸ ਰੱਦ ਕਰਨ ਅਤੇ ਲਖੀਮਪੁਰ ਕਤਲ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ, ਭਾਰਤ ਮਾਲਾ ਪ੍ਰਾਜੈਕਟ ਤਹਿਤ ਬਣ ਰਹੇ ਸੜਕ ਮਾਰਗਾਂ ਲਈ ਐਕੁਆਇਰ ਕੀਤੀਆਂ ਜਾ ਰਹੀਆਂ ਜ਼ਮੀਨਾਂ ਦੇ ਰੇਟ 6 ਗੁਣਾ ਵਾਧਾ ਕਰ ਕੇ ਦੇਣ ਅਤੇ ਭਾਰਤ ਭਰ ਦੇ ਅਬਾਦਕਾਰ ਕਿਸਾਨਾਂ-ਮਜ਼ਦੂਰਾਂ ਨੂੰ ਆਬਾਦ ਕੀਤੀਆਂ ਜ਼ਮੀਨਾਂ ਦੇ ਪੱਕੇ ਮਾਲਕੀ ਹੱਕ ਦਿੱਤੇ ਜਾਣ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਪੱਧਰੀ ਰੇਲ ਰੋਕੋ ਮੋਰਚੇ ਦੀ ਸ਼ੁਰੂਆਤ ਪੰਜਾਬ ਤੋਂ ਕੀਤੀ ਗਈ ਹੈ ਅਤੇ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਅੰਦੋਲਨ ਦਾ ਘੇਰਾ ਵਧਾਇਆ ਜਾਵੇਗਾ। ਬੁਲਾਰਿਆਂ ਨੇ ਕਿਹਾ ਕਿ ਰੇਲਾਂ ਜਾਮ ਕਰਨਾ ਜਥੇਬੰਦੀਆਂ ਦੀ ਮਜਬੂਰੀ ਹੈ, ਜੇ ਸਰਕਾਰ ਲੋਕਾਂ ਦੀ ਪ੍ਰੇਸ਼ਾਨੀ ਦਾ ਖਿਆਲ ਰੱਖਦੀ ਤਾਂ ਜਲਦ ਤੋਂ ਜਲਦ ਇਨ੍ਹਾਂ ਮੰਗਾਂ ਪ੍ਰਤੀ ਸੁਹਿਰਦਤਾ ਨਾਲ ਕੰਮ ਕਰੇ। ਕਿਸਾਨ ਆਗੂਆਂ ਨੇ ਕਿਹਾ ਕਿ ਭਾਰਤ ਪੱਧਰੀ ਸੰਘਰਸ਼ ਉਦੋਂ ਤੱਕ ਚੱਲਣਗੇ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪ੍ਰਤੀ ਕੇਂਦਰ ਸਰਕਾਰ ਵੱਲੋਂ ਠੋਸ ਕਾਰਵਾਈ ਨਹੀਂ ਕੀਤੀ ਜਾਂਦੀ। ਰਲਵੇ ਸਟੇਸ਼ਨਾਂ ਅਤੇ ਰੇਲਵੇ ਲਾਈਨਾਂ ’ਤੇ ਕਿਸਾਨਾਂ ਦੇ ਇਕੱਠਾਂ ਨੂੰ ਸੁਰਜੀਤ ਸਿੰਘ ਫੂਲ, ਜਸਵਿੰਦਰ ਸਿੰਘ ਲੌਂਗੋਵਾਲ, ਜੰਗ ਸਿੰਘ ਭਟੇੜੀ, ਹਰਪਾਲ ਸਿੰਘ ਸੰਘਾ, ਚਮਕੌਰ ਸਿੰਘ ਬ੍ਰਹਮਕੇ, ਮਲਕੀਤ ਸਿੰਘ ਨਿਜ਼ਾਮੀਵਾਲਾ, ਬਲਬੀਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸਭਰਾ, ਸੁਰੇਸ਼ ਕੋਥ (ਹਰਿਆਣਾ) ਆਦਿ ਨੇ ਸੰਬੋਧਨ ਕੀਤਾ।
ਫਿਰੋਜ਼ਪੁਰ ਡਵਿੀਜ਼ਨ ਦੀਆਂ 18 ਰੇਲਾਂ ਪ੍ਰਭਾਵਿਤ

ਫਿਰੋਜ਼ਪੁਰ: ਕਿਸਾਨ ਜਥੇਬੰਦੀਆਂ ਦੇ ਅੱਜ ਸ਼ੁਰੂ ਹੋਏ ਤਿੰਨ-ਰੋਜ਼ਾ ਰੇਲੇ ਰੋਕੋ ਅੰਦੋਲਨ ਕਾਰਨ ਫਿਰੋਜ਼ਪੁਰ ਡਵਿੀਜ਼ਨ ਦੀਆਂ 18 ਰੇਲਾਂ ਪ੍ਰਭਾਵਿਤ ਹੋਈਆਂ। ਇਸ ਕਾਰਨ ਯਾਤਰੀ ਸਾਰਾ ਦਨਿ ਖੱਜਲ ਖੁਆਰ ਹੁੰਦੇ ਰਹੇ ਤੇ ਉਹ ਸਟੇਸ਼ਨਾਂ ’ਤੇ ਬੈਠੇ ਰੇਲ ਗੱਡੀਆਂ ਦੀ ਉਡੀਕ ਕਰਦੇ ਰਹੇ। ਬੱਚਿਆਂ, ਬਜ਼ੁਰਗਾਂ ਤੇ ਮਹਿਲਾਵਾਂ ਨੂੰ ਕਾਫੀ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ। ਫਿਰੋਜ਼ਪੁਰ ਡਵਿੀਜ਼ਨ ਦੇ ਰੇਲਵੇ ਅਧਿਕਾਰੀ ਨੇ ਦੱਸਿਆ ਕਿ ਕਿਸਾਨਾਂ ਦੇ ਤਿੰਨ ਰੋਜ਼ਾ ਰੇਲ ਰੋਕੋ ਅੰਦੋਲਨ ਦੇ ਪਹਿਲੇ ਦਨਿ 18 ਰੇਲਾਂ ਦੀਆਂ ਸੇਵਾਵਾਂ ਪ੍ਰਭਾਵਿਤ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇੱਥੇ ਆਉਣ ਵਾਲੀਆਂ ਤੇ ਇੱਥੋਂ ਰਵਾਨਾ ਹੋਣ ਵਾਲੀਆਂ ਰੇਲਾਂ ਵਿੱਚੋਂ 12 ਰੇਲਾਂ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਬਾਕੀ ਲੰਬੇ ਰੂਟ ਵਾਲੀਆਂ ਗੱਡੀਆਂ ਨੂੰ ਮੋੜ ਦਿੱਤਾ ਗਿਆ ਹੈ।